ਅਸਲਾ ਰੱਖਣ ਦੇ ਸ਼ੌਕੀਨਾਂ ਨੂੰ ਹੁਣ ਪੱਕਾ ਨਿਸ਼ਾਨਾ ਲਗਾਏ ਬਿਨਾਂ ਨਹੀਂ ਜਾਰੀ ਹੋਵੇਗਾ ਲਾਇਸੈਂਸ

Tuesday, Feb 11, 2020 - 12:44 PM (IST)

ਅਸਲਾ ਰੱਖਣ ਦੇ ਸ਼ੌਕੀਨਾਂ ਨੂੰ ਹੁਣ ਪੱਕਾ ਨਿਸ਼ਾਨਾ ਲਗਾਏ ਬਿਨਾਂ ਨਹੀਂ ਜਾਰੀ ਹੋਵੇਗਾ ਲਾਇਸੈਂਸ

ਬਠਿੰਡਾ (ਪਰਮਿੰਦਰ) : ਹਥਿਆਰਾਂ ਦੇ ਸ਼ੌਕੀਨ ਬਠਿੰਡਾ ਵਾਸੀਆਂ ਨੂੰ ਹੁਣ ਹਥਿਆਰ ਦਾ ਲਾਇਸੈਂਸ ਲੈਣ ਅਤੇ ਰੀਨਿਊ ਕਰਵਾਉਣ ਲਈ ਜਿਥੇ ਲਿਖਤੀ ਟੈਸਟ ਦੇਣਾ ਪਵੇਗਾ, ਉਥੇ ਹੀ ਟਾਰਗੈੱਟ 'ਤੇ ਸਹੀ ਨਿਸ਼ਾਨਾ ਵੀ ਲਾਉਣਾ ਪਵੇਗਾ। ਜੀ ਹਾਂ, ਜ਼ਿਲਾ ਪ੍ਰਸ਼ਾਸਨ ਵਲੋਂ ਹਥਿਆਰਾਂ ਦੇ ਸ਼ੌਕੀਨਾਂ ਨੂੰ ਹਥਿਆਰਾਂ ਦੇ ਰੱਖ-ਰਖਾਅ ਪ੍ਰਤੀ ਜਾਗਰੂਕ ਕਰਨ ਤੇ ਹਥਿਆਰਾਂ ਨੂੰ ਹੈਂਡਲ ਕਰਨ ਲਈ ਲੋਕਾਂ ਨੂੰ ਜਾਣਕਾਰੀ ਦੇਣ ਲਈ ਨਵੀਂ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਹਥਿਆਰਾਂ ਨੂੰ ਸੰਭਾਲਣ ਦੀ ਆਪਣੀ ਕਾਬਲੀਅਤ ਸਾਬਤ ਕਰਨੀ ਪਵੇਗੀ। ਇਸ ਦੇ ਤਹਿਤ ਹਥਿਆਰ ਦੇ ਨਵੇਂ ਲਾਇਸੈਂਸ ਲਈ ਆਵੇਦਨ ਕਰਨ ਵਾਲਿਆਂ ਨੂੰ ਲਿਖਤੀ ਟੈਸਟ ਦੇਣਾ ਪਵੇਗਾ, ਜਦਕਿ ਲਾਇਸੈਂਸ ਨੂੰ ਰੀਨਿਊ ਕਰਵਾਉਣ ਵਾਲੇ ਲੋਕਾਂ ਨੂੰ ਬਠਿੰਡਾ 'ਚ ਬਣਾਈ ਗਈ ਨਵੀ ਸ਼ੂਟਿੰਗ ਰੇਂਜ 'ਚ ਜਾ ਕੇ ਨਿਸ਼ਾਨੇਬਾਜ਼ੀ ਦਾ ਟੈਸਟ ਦੇਣਾ ਪਵੇਗਾ। ਉਕਤ ਟੈਸਟ 'ਚ ਪਾਸ ਹੋਣ ਤੋਂ ਬਾਅਦ ਹੀ ਲਾਇਸੈਂਸ ਜਾਰੀ ਕੀਤਾ ਜਾਵੇਗਾ ਅਤੇ ਰੀਨਿਊ ਕੀਤਾ ਜਾਵੇਗਾ।

ਹਥਿਆਰਾਂ ਨੂੰ ਹੈਂਡਲ ਕਰਨ ਪ੍ਰਤੀ ਕੀਤਾ ਜਾਵੇਗਾ ਜਾਗਰੂਕ
ਬਠਿੰਡਾ ਦੇ ਲੋਕ ਹਥਿਆਰਾਂ ਦੇ ਸ਼ੌਕੀਨ ਮੰਨੇ ਜਾਂਦੇ ਹਨ ਅਤੇ ਵੱਡੀ ਗਿਣਤੀ 'ਚ ਹਥਿਆਰ ਰੱਖਦੇ ਹਨ ਪਰ ਜ਼ਿਆਦਾਤਰ ਲੋਕਾਂ ਨੂੰ ਹਥਿਆਰਾਂ ਦੇ ਰੱਖ-ਰਖਾਅ ਦੀ ਜਾਣਕਾਰੀ ਨਹੀਂ ਹੁੰਦੀ, ਜਿਸ ਕਰਕੇ ਲੋਕ ਜ਼ਿਆਦਾਤਰ ਇਨ੍ਹਾਂ ਹਥਿਆਰਾਂ ਕਾਰਣ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ 'ਚ ਜ਼ਿਲਾ ਪ੍ਰਸ਼ਾਸਨ ਵੱਲੋਂ ਹੁਣ ਲੋਕਾਂ ਨੂੰ ਹਥਿਆਰਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਤਾਂ ਕਿ ਉਹ ਆਪਣੇ ਹਥਿਆਰਾਂ ਨੂੰ ਸਹੀ ਤਰੀਕੇ ਨਾਲ ਹੈਂਡਲ ਕਰ ਸਕਣ। ਇਸ ਤਹਿਤ ਨਵੇਂ ਲਾਇਸੈਂਸ ਲਈ ਅਰਜ਼ੀ ਦੇਣ ਵਾਲੇ ਲੋਕਾਂ ਦਾ ਇਕ ਲਿਖਤੀ ਟੈਸਟ ਲਿਆ ਜਾਵੇਗਾ, ਜਿਸ 'ਚ ਉਨ੍ਹਾਂ ਨੂੰ ਸਬੰਧਿਤ ਹਥਿਆਰ ਬਾਰੇ ਪ੍ਰਸ਼ਨ ਪੁੱਛੇ ਜਾਣਗੇ। ਉਕਤ ਟੈਸਟ 'ਚ ਲੋਕਾਂ ਦੀ ਹਥਿਆਰਾਂ ਬਾਰੇ ਜਾਣਕਾਰੀ ਦਾ ਪਤਾ ਲਾਇਆ ਜਾਵੇਗਾ ਤੇ ਉਕਤ ਟੈਸਟ ਪਾਸ ਕਰਨ ਤੋਂ ਬਾਅਦ ਹੀ ਲਾਇਸੈਂਸ ਜਾਰੀ ਕੀਤਾ ਜਾਵੇਗਾ।

ਸ਼ੂਟਿੰਗ ਰੇਂਜ 'ਚ ਹੋਵੇਗਾ ਨਿਸ਼ਾਨੇਬਾਜ਼ੀ ਦਾ ਟੈਸਟ
ਹਥਿਆਰ ਦਾ ਲਾਇਸੈਂਸ ਰੀਨਿਊ ਕਰਵਾਉਣ ਵਾਲੇ ਲੋਕਾਂ ਨੂੰ ਨਿਸ਼ਾਨੇਬਾਜ਼ੀ ਦਾ ਟੈਸਟ ਦੇਣਾ ਪਵੇਗਾ, ਜਿਸ ਨਾਲ ਇਹ ਪਤਾ ਲੱਗੇਗਾ ਕਿ ਸਬੰਧਿਤ ਵਿਅਕਤੀ ਹਥਿਆਰ ਨੂੰ ਸਹੀ ਢੰਗ ਨਾਲ ਹੈਂਡਲ ਕਰ ਸਕਦਾ ਹੈ। ਸਬੰਧਿਤ ਵਿਅਕਤੀ ਨੂੰ ਬਠਿੰਡਾ ਦੀ ਸ਼ੂਟਿੰਗ ਰੇਂਜ 'ਚ ਮਾਹਿਰਾਂ ਦੀ ਦੇਖ-ਰੇਖ 'ਚ ਨਿਸ਼ਾਨੇਬਾਜ਼ੀ ਦਾ ਇਹ ਟੈਸਟ ਦੇਣਾ ਪਵੇਗਾ। ਇਸ 'ਚ ਹਰ ਵਿਅਕਤੀ ਤੋਂ 5 ਰਾਊਂਡ ਫਾਇਰ ਕਰਵਾ ਕੇ ਉਸ ਦੀ ਨਿਸ਼ਾਨਬਾਜ਼ੀ ਪਰਖੀ ਜਾਵੇਗੀ ਤੇ ਉਕਤ ਟੈਸਟ 'ਚ ਪਾਸ ਹੋਣ ਤੋਂ ਬਾਅਦ ਹੀ ਉਸ ਨੂੰ ਇਕ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ, ਜਿਸ ਦੇ ਆਧਾਰ 'ਤੇ ਹੀ ਉਹ ਲਾਇਸੈਂਸ ਹਾਸਲ ਕਰ ਸਕੇਗਾ। ਪਤਾ ਲੱਗਾ ਹੈ ਕਿ ਉਕਤ ਨਵੇਂ ਨਿਯਮ 2016 ਦੌਰਾਨ ਬਣਾਏ ਗਏ ਸਨ, ਜਿਨ੍ਹਾਂ ਨੂੰ ਹੁਣ ਜ਼ਿਲਾ ਪ੍ਰਸ਼ਾਸਨ ਵੱਲੋਂ ਲਾਗੂ ਕੀਤਾ ਗਿਆ ਹੈ।

ਏ. ਡੀ. ਸੀ.ਸੁਖਪ੍ਰੀਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਹਥਿਆਰਾਂ ਦੇ ਲਾਇਸੈਂਸ ਜਾਰੀ ਕਰਨ ਲਈ ਸ਼ੁਰੂ ਕੀਤੀ ਗਈ ਇਸ ਪ੍ਰਕਿਰਿਆ ਤਹਿਤ ਲੋਕਾਂ ਨੂੰ ਹਥਿਆਰਾਂ ਦੀ ਦੇਖ-ਰੇਖ ਅਤੇ ਉਨ੍ਹਾਂ ਦੀ ਸੰਭਾਲ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਟੈਸਟ 'ਚ ਅਸਫ਼ਲ ਰਹਿਣ 'ਤੇ ਲੋਕਾਂ ਨੂੰ ਫਿਰ ਤੋਂ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਉਨ੍ਹਾਂ ਦਾ ਫਿਰ ਤੋਂ ਟੈਸਟ ਲਿਆ ਜਾਵੇਗਾ। ਇਸ ਤੋਂ ਬਾਅਦ ਉਨ੍ਹਾਂ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਟੈਸਟ ਪਾਸ ਕਰਨ ਤੋਂ ਬਾਅਦ ਉਨ੍ਹਾਂ ਨੂੰ ਲਾਇਸੈਂਸ ਜਾਰੀ ਕੀਤਾ ਜਾਵੇਗਾ। ਉਕਤ ਪ੍ਰਕਿਰਿਆ ਦਾ ਮਕਸਦ ਲੋਕਾਂ ਨੂੰ ਹਥਿਆਰਾਂ ਦੀ ਅਹਿਮੀਅਤ ਤੇ ਗੰਭੀਰਤਾ ਬਾਰੇ ਜਾਗਰੂਕ ਕਰਨਾ ਹੈ ਤਾਂ ਕਿ ਇਹ ਪਤਾ ਲੱਗ ਸਕੇ ਕਿ ਲਾਇਸੈਂਸ ਲੈਣ ਵਾਲਾ ਵਿਅਕਤੀ ਹਥਿਆਰ ਨੂੰ ਸੰਭਾਲਣ ਦੀ ਕਾਬਲੀਅਤ ਰੱਖਦਾ ਹੈ ਕਿ ਨਹੀਂ।


author

cherry

Content Editor

Related News