ਬਠਿੰਡਾ 'ਚ ਪਿਆਜ਼ਾਂ ਨਾਲ ਭਰਿਆ ਟਰੱਕ ਲੁੱਟਣ ਦੀ ਨੀਅਤ ਨਾਲ ਡਰਾਈਵਰ ਦਾ ਕਤਲ

Tuesday, Oct 08, 2019 - 02:29 PM (IST)

ਬਠਿੰਡਾ (ਅਮਿਤ ਸ਼ਰਮਾ, ਵਿਜੇ ਵਰਮਾ) : ਬਠਿੰਡਾ ਦੇ ਬਾਦਲ ਰੋਡ 'ਤੇ ਨੰਨ੍ਹੀ ਛਾਂ ਚੌਕ ਨੇੜੇ ਅੱਜ ਤੜਕੇ ਸਵੇਰੇ 4 ਵਜੇ ਦੇ ਕਰੀਬ ਪਿਆਜ਼ਾਂ ਨਾਲ ਭਰਿਆ ਟਰੱਕ ਲੁੱਟਣ ਦੀ ਨੀਅਤ ਨਾਲ ਟਰੱਕ ਡਰਾਈਵਰ ਦਾ ਤੇਜ਼ਧਾਰ ਹਥਿਆਰ ਨਾਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਥੇ ਹੀ ਨਾਲ ਬੈਠੇ ਟਰੱਕ ਮਾਲਕ ਨੇ ਹੋਸ਼ਿਆਰੀ ਨਾਲ ਟਰੱਕ ਨੂੰ ਉਥੋਂ ਭਜਾ ਕੇ ਟਰੱਕ ਨੂੰ ਲੁੱਟਣ ਤੋਂ ਬਚਾਅ ਲਿਆ। ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

PunjabKesari

ਟਰੱਕ ਮਾਲਕ ਬਿੰਦਰ ਸਿੰਘ ਨਿਵਾਸੀ ਬਰਨਾਲਾ ਨੇ ਦੱਸਿਆ ਕਿ ਉਹ ਨਾਸਿਕ ਤੋਂ ਟਰੱਕ ਵਿਚ ਪਿਆਜ਼ ਭਰ ਕੇ ਲਿਆ ਰਹੇ ਸਨ ਅਤੇ ਉਨ੍ਹਾਂ ਨਾਲ ਡਰਾਈਵਰ ਬਨਵਾਰੀ ਲਾਲ (25) ਵਾਸੀ ਗੰਗਾਨਗਰ ਵੀ ਸੀ। ਉਨ੍ਹਾਂ ਦੱਸਿਆ ਕਿ ਦਿਨ ਦੇ ਸਮੇਂ ਉਹ ਖੁਦ ਟਰੱਕ ਚਲਾਉਂਦੇ ਹਨ, ਜਦੋਂਕਿ ਰਾਤ ਨੂੰ ਸਹਾਇਕ ਡਰਾਈਵਰ ਟਰੱਕ ਚਲਾਉਂਦਾ ਸੀ। ਤੜਕੇ ਸਵੇਰੇ 4 ਵਜੇ ਦੇ ਕਰੀਬ ਡਬਵਾਲੀ ਵੱਲੋਂ ਟਰੱਕ ਜਿਵੇਂ ਹੀ ਰਾਮਪੁਰਾ ਨੂੰ ਜਾਣ ਲਈ ਨਿਕਲਿਆ ਤਾਂ ਨੰਨ੍ਹੀ ਛਾਂ ਚੌਕ ਤੋਂ ਪਹਿਲਾਂ ਟਰੱਕ ਡਰਾਈਵਰ ਨੇ ਟਰੱਕ ਰੋਕ ਕੇ ਚਾਹ ਪੀਤੀ ਅਤੇ ਫਿਰ ਉਹ ਰਾਮਪੁਰਾ ਵੱਲ ਚੱਲ ਪਏ। ਥੌੜੀ ਦੂਰੀ 'ਤੇ ਹੀ ਇਕ ਖਾਲ੍ਹੀ ਟਰੱਕ ਵਿਚ ਸਵਾਰ 3 ਲੋਕਾਂ ਨੇ ਉਨ੍ਹਾਂ ਦਾ ਰਸਤਾ ਰੋਕਿਆ ਅਤੇ ਡਰਾਈਵਰ ਨੂੰ ਹੇਠਾਂ ਉਤਰਨ ਲਈ ਕਿਹਾ, ਜਿਵੇਂ ਹੀ ਡਰਾਈਵਰ ਨੇ ਸ਼ੀਸ਼ਾ ਹੇਠਾਂ ਕੀਤਾ ਤਾਂ ਲੁਟੇਰਿਆਂ ਨੇ ਕਿਰਚ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਜਿਸ ਸਮੇਂ ਡਰਾਈਵਰ 'ਤੇ ਹਮਲਾ ਹੋਇਆ ਸੀ, ਉਦੋਂ ਉਹ ਸੌ ਰਹੇ ਸਨ ਤਾਂ ਖੂਨ ਨਾਲ ਲਥਪਥ ਡਰਾਈਵਰ ਨੇ ਉਨ੍ਹਾਂ ਨੂੰ ਜਗਾਇਆ ਅਤੇ ਕਿਹਾ ਕਿ ਟਰੱਕ ਲੁੱਟਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਡਰਾਈਵਰ ਨੂੰ ਪਿੱਛੇ ਹਟਾ ਕੇ ਖੁਦ ਟਰੱਕ ਚਲਾਉਣਾ ਸ਼ੁਰੂ ਕਰ ਦਿੱਤਾ ਅਤੇ ਆਪਣੀ ਜਾਨ ਬਚਾਉਂਦੇ ਹੋਏ ਪੁਲਸ ਕੰਟਰੋਲ ਰੂਮ ਅਤੇ ਐਂਬੂਲੈਂਸ ਨੂੰ ਸੂਚਿਤ ਕੀਤਾ। ਰਸਤੇ ਵਿਚ ਐਂਬੂਲੈਂਸ ਰਾਹੀਂ ਜ਼ਖਮੀ ਡਰਾਈਵਰ ਨੂੰ ਹਸਪਤਾਲ ਭੇਜਿਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਸ ਦੇ ਐਸ.ਪੀ. ਇੰਵੈਸੀਗੇਸ਼ਨ ਜੀ.ਐਸ.ਸੰਘਾ ਅਤੇ ਡੀ.ਐਸ.ਪੀ. ਗੁਰਜੀਤ ਸਿੰਘ ਰੋਮਾਣਾ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਘਟਨਾ ਦਾ ਜਾਇਜ਼ਾ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ।

PunjabKesari


cherry

Content Editor

Related News