ਬਠਿੰਡਾ ਨੂੰ ਮਿਲੇਗੀ ਨਵੀਂ ਪਛਾਣ, ਸ਼ਹਿਰ ’ਚ ਬਣ ਰਿਹਾ ਆਧੁਨਿਕ ਕਲਾਕ ਟਾਵਰ
Wednesday, Nov 11, 2026 - 03:42 AM (IST)
ਬਠਿੰਡਾ (ਮਨਜੀਤ) - ਸ਼ਹਿਰ ਦੇ ਸੁੰਦਰੀਕਰਨ ਅਤੇ ਆਧੁਨਿਕ ਪਛਾਣ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਣ ਦੀ ਦਿਸ਼ਾ ਵਿਚ ਨਗਰ ਨਿਗਮ ਬਠਿੰਡਾ ਨੇ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਹੈ। ਇਸੇ ਤਹਿਤ ਅੱਜ ਮੇਅਰ ਨੇ ਫ਼ਾਇਰ ਬ੍ਰਿਗੇਡ ਦੇ ਨਜ਼ਦੀਕ ਕਰੀਬ 31 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਆਧੁਨਿਕ ਕਲਾਕ ਟਾਵਰ ਦੇ ਨਿਰਮਾਣ ਕਾਰਜ ਦਾ ਸ਼ੁਭ ਆਰੰਭ ਕੀਤਾ।
ਇਸ ਮੌਕੇ ਐਕਸੀਅਨ ਰਾਜਿੰਦਰ ਕੁਮਾਰ, ਐੱਸ.ਡੀ.ਓ. ਮੈਡਮ ਸੋਫ਼ੀਆ ਉੱਪਲ, ਜੇ.ਈ. ਸਚਿਨ ਕੁਮਾਰ ਸਮੇਤ ਨਗਰ ਨਿਗਮ ਦੇ ਕੌਂਸਲਰ ਅਤੇ ਵੱਖ-ਵੱਖ ਅਹੁਦੇਦਾਰ ਮੌਜੂਦ ਸਨ। ਇਸ ਮੌਕੇ ਮੇਅਰ ਨੇ ਕਿਹਾ ਕਿ ਬਠਿੰਡਾ ਨੂੰ ਆਧੁਨਿਕ, ਸੁੰਦਰ ਅਤੇ ਸੁਵਿਧਾਜਨਕ ਸ਼ਹਿਰ ਵਜੋਂ ਵਿਕਸਤ ਕਰਨ ਲਈ ਨਗਰ ਨਿਗਮ ਵੱਲੋਂ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਸੇ ਲੜੀ ਤਹਿਤ ਸ਼ਹਿਰ ਦੇ ਪ੍ਰਮੁੱਖ ਖੇਤਰ ਵਿੱਚ ਆਧੁਨਿਕ ਡਿਜ਼ਾਈਨ ਨਾਲ ਕਲਾਕ ਟਾਵਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜੋ ਭਵਿੱਖ ਵਿਚ ਬਠਿੰਡਾ ਦੀ ਇਕ ਨਵੀਂ ਅਤੇ ਆਕਰਸ਼ਕ ਪਛਾਣ ਬਣੇਗਾ। ਉਨ੍ਹਾਂ ਦੱਸਿਆ ਕਿ ਪ੍ਰਸਤਾਵਿਤ ਕਲਾਕ ਟਾਵਰ ਦੀ ਉਚਾਈ ਕਰੀਬ 40 ਫੁੱਟ ਹੋਵੇਗੀ, ਜਦਕਿ ਇਸ ਦੀ ਚੌੜਾਈ 7.25 ਗੁਣਾ 7.25 ਫੁੱਟ ਰੱਖੀ ਗਈ ਹੈ। ਟਾਵਰ ਦੀਆਂ ਚਾਰੋਂ ਦਿਸ਼ਾਵਾਂ ਵਿੱਚ ਚਾਰ ਆਧੁਨਿਕ ਘੜੀਆਂ ਲਗਾਈਆਂ ਜਾਣਗੀਆਂ, ਜਿਸ ਨਾਲ ਆਸ-ਪਾਸ ਤੋਂ ਆਉਣ-ਜਾਣ ਵਾਲੇ ਲੋਕਾਂ ਨੂੰ ਸਮੇਂ ਦੀ ਜਾਣਕਾਰੀ ਆਸਾਨੀ ਨਾਲ ਮਿਲ ਸਕੇਗੀ। ਉਨ੍ਹਾਂ ਦੱਸਿਆ ਕਿ ਨਿਰਮਾਣ ਕਾਰਜ ਨੂੰ ਤੇਜ਼ੀ ਨਾਲ ਪੂਰਾ ਕਰਦੇ ਹੋਏ ਇਸ ਆਧੁਨਿਕ ਕਲਾਕ ਟਾਵਰ ਨੂੰ ਕਰੀਬ 45 ਤੋਂ 50 ਦਿਨਾਂ ਦੇ ਅੰਦਰ ਤਿਆਰ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰੇਕ ਸ਼ਹਿਰ ਨੂੰ ਆਧੁਨਿਕ ਅਤੇ ਬਿਹਤਰ ਸਹੂਲਤਾਂ ਨਾਲ ਲੈਸ ਕਰਨ ਲਈ ਨਿਰੰਤਰ ਕੰਮ ਕਰ ਰਹੀ ਹੈ। ਨਗਰ ਨਿਗਮ ਬਠਿੰਡਾ ਵੀ ਇਸੇ ਸੋਚ ਨਾਲ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸੁੰਦਰੀਕਰਨ ਵੱਲ ਵਿਸ਼ੇਸ਼ ਧਿਆਨ ਦੇ ਰਿਹਾ ਹੈ। ਮੇਅਰ ਨੇ ਕਿਹਾ ਕਿ ਇਹ ਕਲਾਕ ਟਾਵਰ ਸਿਰਫ਼ ਸਮਾਂ ਦੱਸਣ ਦਾ ਮਾਧਿਅਮ ਹੀ ਨਹੀਂ ਹੋਵੇਗਾ, ਸਗੋਂ ਸ਼ਹਿਰ ਦੀ ਆਧੁਨਿਕ ਸੋਚ ਅਤੇ ਵਿਕਾਸ ਦੀ ਨਵੀਂ ਪਛਾਣ ਵਜੋਂ ਵੀ ਉੱਭਰੇਗਾ। ਇਸ ਦੇ ਨਿਰਮਾਣ ਨਾਲ ਖੇਤਰ ਦੀ ਸੁੰਦਰਤਾ ਵਿੱਚ ਵਾਧਾ ਹੋਵੇਗਾ ਅਤੇ ਸ਼ਹਿਰ ਵਾਸੀਆਂ ਨੂੰ ਇੱਕ ਨਵਾਂ ਆਕਰਸ਼ਕ ਸਥਾਨ ਮਿਲੇਗਾ।
