ਹਰਸਿਮਰਤ ਨੇ ਇਕ ਵਾਰ ਫਿਰ ਫਤਿਹ ਕੀਤਾ ਬਠਿੰਡੇ ਦਾ ਕਿਲ੍ਹਾ
Thursday, May 23, 2019 - 04:29 PM (IST)

ਬਠਿੰਡਾ (ਬਲਵਿੰਦਰ, ਵਰਮਾ) : ਅੰਤਾਂ ਦੇ ਵਿਰੋਧ ਦੇ ਬਾਵਜੂਦ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਹਲਕਾ ਬਠਿੰਡਾ ਤੋਂ ਲਗਾਤਾਰ ਤੀਸਰੀ ਵਾਰ ਜਿੱਤ ਕੇ ਹੈਟ੍ਰਿਕ ਲਾ ਦਿੱਤੀ ਹੈ। ਇਥੇ ਉਨ੍ਹਾਂ ਆਪਣੇ ਸਖਤ ਵਿਰੋਧੀ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 21772 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਜਦੋਂਕਿ ਹੋਰਨਾਂ ਤੋਂ ਇਲਾਵਾ ਵੱਡੇ ਦਿੱਗਜਾਂ ਸੁਖਪਾਲ ਸਿੰਘ ਖਹਿਰਾ ਤੇ ਬਲਜਿੰਦਰ ਕੌਰ ਦੀ ਵੀ ਜ਼ਮਾਨਤ ਜ਼ਬਤ ਹੋ ਗਈ ਹੈ। ਇਸ ਦੌਰਾਨ ਜਿਥੇ ਸਹੁਰਾ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕਾ ਲੰਬੀ ਤੋਂ ਕਰੀਬ 6645 ਵੋਟਾਂ ਦਾ ਘਾਟਾ ਹੋਇਆ, ਉਥੇ ਦਿਓਰ ਮਨਪ੍ਰੀਤ ਸਿੰਘ ਬਾਦਲ ਦੇ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰ ਤੋਂ ਕਰੀਬ 26 ਹਜ਼ਾਰ ਵੋਟਾਂ ਦਾ ਲਾਭ ਵੀ ਮਿਲਿਆ ਹੈ।
ਜਾਣਕਾਰੀ ਮੁਤਾਬਕ 17ਵੀਆਂ ਲੋਕ ਸਭਾ ਦੀਆਂ ਚੋਣਾਂ ਪੰਜਾਬ 'ਚ 19 ਮਈ ਨੂੰ ਪਈਆਂ, ਜਿਨ੍ਹਾਂ ਤਹਿਤ ਹਲਕਾ ਬਠਿੰਡਾ 'ਚ 73.90 ਫੀਸਦੀ ਪੋਲਿੰਗ ਹੋਈ। ਇਥੇ ਅਕਾਲੀ-ਭਾਜਪਾ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਅਤੇ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਵਿਚਕਾਰ ਸਖ਼ਤ ਟੱਕਰ ਨਜ਼ਰ ਆਈ। ਹਲਕਾ ਬਠਿੰਡਾ 'ਚ 16,21,671 'ਚੋਂ 11,87,487 ਵੋਟਾਂ ਪੋਲ ਹੋਈਆਂ, ਜਿਨ੍ਹਾਂ 'ਚੋਂ ਹਰਸਿਮਰਤ ਕੌਰ ਬਾਦਲ ਨੂੰ ਕੁੱਲ 4,92,824 ਅਤੇ ਰਾਜਾ ਵੜਿੰਗ ਨੂੰ 4,71,052 ਵੋਟਾਂ ਹਾਸਲ ਹੋਈਆਂ। ਬੀਬਾ ਬਾਦਲ 21772 ਵੋਟਾਂ ਨਾਲ ਜੇਤੂ ਰਹੇ।
2009 ਅਤੇ 2014 ਦੇ ਨਤੀਜੇ
ਬੀਬਾ ਬਾਦਲ ਨੇ ਜਿੱਤ ਦੀ ਹੈਟ੍ਰਿਕ ਮਾਰੀ। ਉਨ੍ਹਾਂ ਪਹਿਲੀ ਵਾਰ ਲੋਕ ਸਭਾ ਹਲਕਾ ਬਠਿੰਡਾ ਤੋਂ 2009 'ਚ ਲੜ ਕੇ ਕਾਂਗਰਸੀ ਉਮੀਦਵਾਰ ਰਣਇੰਦਰ ਸਿੰਘ ਪੁੱਤਰ ਕੈਪਟਨ ਅਮਰਿੰਦਰ ਸਿੰਘ ਨੂੰ 1, 20, 948 ਵੋਟਾਂ ਦੇ ਵੱਡੇ ਫਰਕ ਨਾਲ ਮਾਤ ਦਿੱਤੀ। ਇਸ ਤੋਂ ਬਾਅਦ 2014 ਵਿਚ ਉਨ੍ਹਾਂ ਦੇ ਸਾਹਮਣੇ ਉਨ੍ਹਾਂ ਦੇ ਹੀ ਦਿਓਰ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਵੱਲੋਂ ਉਮੀਦਵਾਰ ਸਨ, ਜਿਨ੍ਹਾਂ ਨੂੰ ਬੀਬਾ ਬਾਦਲ ਨੇ 19395 ਵੋਟਾਂ ਦੇ ਫਰਕ ਨਾਲ ਹਰਾਇਆ।
ਇਸ ਵਾਰ ਰਾਜਾ ਵੜਿੰਗ ਹੀ ਨਹੀਂ, ਸਗੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਕਈ ਹੋਰ ਧਿਰਾਂ ਨੇ ਵੀ ਵੱਡੇ-ਵੱਡੇ ਬਿਆਨ ਦਿੱਤੇ ਸਨ ਕਿ ਉਹ ਬੀਬਾ ਬਾਦਲ ਨੂੰ ਬੁਰੀ ਤਰ੍ਹਾਂ ਹਰਾਉਣਗੇ ਪਰ ਹਲਕਾ ਬਠਿੰਡਾ ਦੇ ਲੋਕਾਂ ਨੇ ਬੀਬਾ ਬਾਦਲ ਦਾ ਸਾਥ ਦਿੱਤਾ ਤੇ ਉਨ੍ਹਾਂ ਨੂੰ ਜੇਤੂ ਬਣਾ ਦਿੱਤਾ। ਇਸ ਮੌਕੇ ਬੀਬਾ ਬਾਦਲ ਨੇ ਕਿਹਾ ਕਿ ਉਹ ਵੋਟਰਾਂ ਦੀ ਧੰਨਵਾਦੀ ਹੈ। ਉਨ੍ਹਾਂ ਪਹਿਲਾਂ ਵੀ ਵਿਕਾਸ ਕੀਤਾ ਤੇ ਅੱਗੇ ਵੀ ਵਿਕਾਸ ਕਰਨਗੇ। ਸ਼ੁਰੂ ਤੋਂ ਹੀ ਉਨ੍ਹਾਂ ਦਾ ਮੁੱਦਾ ਵਿਕਾਸ ਸੀ ਤੇ ਅੱਗੇ ਵੀ ਇਹੀ ਰਹੇਗਾ। ਕੇਂਦਰ ਵਿਚ ਵੀ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਹੈ ਤੇ ਪ੍ਰਧਾਨ ਮੰਤਰੀ 'ਤੇ ਪਹਿਲਾਂ ਵਾਂਗ ਹੀ ਵਿਸ਼ਵਾਸ ਹੈ ਕਿ ਉਹ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਲਈ ਇੰਨ-ਬਿੰਨ ਪਾਲਣਾ ਕਰਨਗੇ।
ਸੁਖਪਾਲ ਖਹਿਰਾ ਤੇ ਬਲਜਿੰਦਰ ਕੌਰ ਦੀ ਜ਼ਮਾਨਤ ਜ਼ਬਤ
ਲੋਕ ਸਭਾ ਹਲਕਾ ਬਠਿੰਡਾ ਤੋਂ ਜਿੱਤ ਦੇ ਵੱਡੇ ਦਮਗਜੇ ਮਾਰਨ ਵਾਲੇ ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ ਲੋਕਾਂ ਨੇ ਮੁੱਢੋਂ ਹੀ ਨਕਾਰ ਦਿੱਤਾ ਹੈ। ਉਨ੍ਹਾਂ ਨੂੰ ਸਿਰਫ 38199 ਵੋਟਾਂ ਹੀ ਮਿਲੀਆਂ ਹਨ, ਜਦਕਿ ਤਲਵੰਡੀ ਸਾਬੋ ਦੇ ਵਿਧਾਇਕ ਅਤੇ 'ਆਪ' ਦੀ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਨੂੰ ਉਕਤ ਤੋਂ ਕਾਫੀ ਜ਼ਿਆਦਾ 134398 ਵੋਟਾਂ ਹਾਸਲ ਹੋਈਆਂ।
ਹਲਕੇ ਵਿਚ ਕੁੱਲ 28 ਉਮੀਦਵਾਰ ਮੈਦਾਨ ਵਿਚ ਹਨ। ਅਕਾਲੀ-ਭਾਜਪਾ ਉਮੀਦਵਾਰ ਹਰਸਿਮਰਤ ਕੌਰ ਬਾਦਲ 21772 ਵੋਟਾਂ ਨਾਲ ਵਿਰੋਧੀ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨੂੰ ਹਰਾਉਣ ਵਿਚ ਕਾਮਯਾਬ ਰਹੇ। ਇਨ੍ਹਾਂ ਦੋਵਾਂ ਤੋਂ ਇਲਾਵਾ ਹੋਰ ਕਈ ਉਮੀਦਵਾਰ ਆਪਣੀ ਜ਼ਮਾਨਤ ਵੀ ਨਹੀਂ ਬਚਾਅ ਸਕੇ ਕਿਉਂਕਿ ਜੇਕਰ ਕੋਈ ਉਮੀਦਵਾਰ ਕੁੱਲ ਪੋਲ ਹੋਈਆਂ ਵੋਟਾਂ ਦਾ 6ਵਾਂ ਹਿੱਸਾ ਲੈਣ ਵਿਚ ਵੀ ਕਾਮਯਾਬ ਨਹੀਂ ਹੁੰਦਾ ਤਾਂ ਉਸਦੀ ਜ਼ਮਾਨਤ ਜ਼ਬਤ ਹੋ ਜਾਂਦੀ ਹੈ। ਇਥੇ ਵੱਡੀ ਗੱਲ ਇਹ ਹੈ ਕਿ ਜਿੱਤ ਦੇ ਦਾਅਵੇ ਕਰਨ ਵਾਲੇ ਸੁਖਪਾਲ ਸਿੰਘ ਖਹਿਰਾ ਅਤੇ ਬਲਜਿੰਦਰ ਕੌਰ ਵੀ ਆਪਣੀ ਜ਼ਮਾਨਤ ਨਹੀਂ ਬਚਾਅ ਸਕੀ।