ਬਾਇਓ ਈਥਾਨੋਲ ਪਲਾਂਟ ਪ੍ਰਾਜੈਕਟ 'ਚ ਦੇਰੀ ਲਈ ਹਰਸਿਮਰਤ ਨੇ ਸੂਬਾ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ

Saturday, Feb 08, 2020 - 10:53 AM (IST)

ਬਾਇਓ ਈਥਾਨੋਲ ਪਲਾਂਟ ਪ੍ਰਾਜੈਕਟ 'ਚ ਦੇਰੀ ਲਈ ਹਰਸਿਮਰਤ ਨੇ ਸੂਬਾ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ

ਬਠਿੰਡਾ (ਵਰਮਾ) :  ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪਿੰਡ ਨਸੀਬਪੁਰਾ ਵਿਚ ਬਾਇਓ ਈਥਾਨੋਲ ਪਲਾਂਟ ਪ੍ਰਾਜੈਕਟ ਦੇ ਚਾਲੂ ਹੋਣ ਵਿਚ ਹੋ ਰਹੀ ਦੇਰੀ ਦਾ ਠੀਕਰਾ ਪੰਜਾਬ ਸਰਕਾਰ ਸਿਰ ਭੰਨਿਆ ਹੈ। ਬੀਬੀ ਬਾਦਲ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਅਪੀਲ ਕੀਤੀ ਹੈ ਕਿ ਉਹ ਨਿੱਜੀ ਦਖ਼ਲ ਦੇ ਕੇ ਪੰਜਾਬ ਸਰਕਾਰ ਨੂੰ ਪ੍ਰਸਤਾਵਿਤ ਬਾਇਓ-ਈਥਾਨੋਲ ਪਲਾਂਟ ਸ਼ੁਰੂ ਕਰਨ ਲਈ ਆਖਣ। ਇਸ ਪਲਾਂਟ ਨੂੰ ਐੱਚ. ਪੀ. ਸੀ. ਐੱਲ.-ਮਿੱਤਲ ਐਨਰਜੀ ਲਿਮਟਿਡ ਦੁਆਰਾ ਇਸ ਜ਼ਿਲੇ ਅੰਦਰ ਸਥਾਪਤ ਕੀਤਾ ਜਾ ਰਿਹਾ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਨੂੰ ਲਿਖੀ ਇਕ ਚਿੱਠੀ 'ਚ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਰੋਜ਼ਾਨਾ 400 ਟਨ ਝੋਨੇ ਦੀ ਪਰਾਲੀ ਨੂੰ ਵਰਤੋਂ ਅਧੀਨ ਲੈ ਕੇ, ਬਠਿੰਡਾ ਦਾ ਬਾਇਓ-ਈਥਾਨੋਲ ਪਲਾਂਟ ਵਾਤਾਵਰਣ ਅਤੇ ਰੁਜ਼ਗਾਰ ਦੇ ਦੁਵੱਲੇ ਮਸਲਿਆਂ ਦਾ ਵਧੀਆ ਹੱਲ ਕਰ ਸਕਦਾ ਹੈ ਪਰ ਨਿਰਉਤਸ਼ਾਹਿਤ ਸੂਬਾ ਸਰਕਾਰ ਕਾਰਨ ਇਹ 600 ਕਰੋੜ ਰੁਪਏ ਦਾ ਪ੍ਰਾਜੈਕਟ ਪਿਛਲੇ 3 ਸਾਲਾਂ ਤੋਂ ਸ਼ੁਰੂ ਨਹੀਂ ਹੋ ਪਾ ਰਿਹਾ ਹੈ।

PunjabKesari


ਬੀਬਾ ਬਾਦਲ ਨੇ ਕਿਹਾ ਕਿ ਇਹ ਪ੍ਰਾਜੈਕਟ ਪਰਾਲੀ ਨੂੰ ਟਿਕਾਣੇ ਲਾਉਣ ਅਤੇ ਪਰਾਲੀ ਸਾੜਨ ਨਾਲ ਹੁੰਦੇ ਪ੍ਰਦੂਸ਼ਣ ਨੂੰ ਖ਼ਤਮ ਕਰਨ ਦੇ ਮਸਲੇ ਨੂੰ ਹੱਲ ਕਰਨ ਲਈ ਤਿਆਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਸਿਰਫ ਇਲਾਕੇ ਦਾ ਕਿਸਾਨਾਂ ਨੂੰ ਹੀ ਲਾਭ ਨਹੀਂ ਹੋਵੇਗਾ, ਜਿਨ੍ਹਾਂ ਨੂੰ ਪਰਾਲੀ ਵਾਸਤੇ ਇਕ ਤਿਆਰ ਮਾਰਕੀਟ ਮਿਲ ਜਾਵੇਗੀ, ਸਗੋਂ ਹਜ਼ਾਰਾਂ ਨੌਜਵਾਨਾਂ ਨੂੰ ਵੀ ਲਾਭ ਹੋਵੇਗਾ, ਜਿਨ੍ਹਾਂ ਨੂੰ ਇਸ ਯੂਨਿਟ ਅੰਦਰ ਵਧੀਆ ਰੋਜ਼ਗਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪਲਾਂਟ ਰੋਜ਼ਾਨਾ 100 ਕਿਲੋਲਿਟਰ ਈਥਾਨੋਲ ਦਾ ਉਤਪਾਦਨ ਕਰੇਗਾ। ਇਸ ਤੋਂ ਇਲਾਵਾ ਬਾਇਓ-ਸੀ. ਐੱਨ. ਜੀ. ਨੂੰ ਖਾਣਾ ਬਣਾਉਣ ਅਤੇ ਵਾਹਨਾਂ ਲਈ ਈਂਧਣ ਵਜੋਂ ਇਸਤੇਮਾਲ ਕੀਤਾ ਜਾ ਸਕੇਗਾ ਅਤੇ ਬਾਇਓ-ਫਰਟੀਲਾਈਜ਼ਰ ਨੂੰ ਮਿੱਟੀ ਨੂੰ ਪੌਸ਼ਟਿਕ ਬਣਾਉਣ ਵਾਲੇ ਤੱਤ ਵਜੋਂ ਇਸਤੇਮਾਲ ਕੀਤਾ ਜਾਵੇਗਾ।

ਹੋਰ ਜਾਣਕਾਰੀ ਦਿੰਦਿਆਂ ਬੀਬਾ ਬਾਦਲ ਨੇ ਕਿਹਾ ਕਿ ਬਾਇਓ-ਈਥਾਨੋਲ ਪਲਾਂਟ ਬਠਿੰਡਾ ਦੇ ਨਸੀਬਪੁਰਾ ਪਿੰਡ ਵਿਖੇ 40 ਏਕੜ ਵਿਚ ਸਥਾਪਤ ਕੀਤਾ ਜਾਣਾ ਹੈ, ਜੋ ਕਿ 400 ਟਨ ਝੋਨਾ ਪਰਾਲੀ ਦੀ ਪ੍ਰੋਸੈਸਿੰਗ ਕਰੇਗਾ। ਉਨ੍ਹਾਂ ਕਿਹਾ ਕਿ ਤਿੰਨ ਸਾਲ ਬਾਅਦ ਵੀ ਅਜੇ ਤਕ ਇਹ ਪ੍ਰਾਜੈਕਟ ਸ਼ੁਰੂ ਨਹੀਂ ਹੋਇਆ।

 


author

cherry

Content Editor

Related News