ਬਠਿੰਡਾ ''ਚ ਤਾਪਮਾਨ 47 ਡਿਗਰੀ ਸੈਲਸੀਅਸ ''ਤੇ ਪੁੱਜਾ, ਆਸਮਾਨ ਤੋਂ ਵਰ੍ਹੀ ਅੱਗ

Monday, Jun 03, 2019 - 11:10 AM (IST)

ਬਠਿੰਡਾ ''ਚ ਤਾਪਮਾਨ 47 ਡਿਗਰੀ ਸੈਲਸੀਅਸ ''ਤੇ ਪੁੱਜਾ, ਆਸਮਾਨ ਤੋਂ ਵਰ੍ਹੀ ਅੱਗ

ਬਠਿੰਡਾ(ਪਰਮਿੰਦਰ) : ਬਠਿੰਡਾ ਦੇ ਤਾਪਮਾਨ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਐਤਵਾਰ ਨੂੰ ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 47 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜਦੋਂ ਕਿ ਸ਼ਨੀਵਾਰ ਨੂੰ ਇਹ 46 ਡਿਗਰੀ ਸੈਲਸੀਅਸ ਸੀ। ਪਿਛਲੇ ਲੱਗਭਗ ਇਕ ਹਫ਼ਤੇ ਤੋਂ ਹਰ ਰੋਜ਼ ਤਾਪਮਾਨ ਇਕ ਡਿਗਰੀ ਸੈਲਸੀਅਸ ਦੇ ਹਿਸਾਬ ਨਾਲ ਵਧ ਰਿਹਾ ਹੈ। ਐਤਵਾਰ ਨੂੰ ਸਾਰਾ ਦਿਨ ਸੜਕਾਂ 'ਤੇ ਸੰਨਾਟਾ ਛਾਇਆ ਰਿਹਾ। ਅਮਰੀਕ ਸਿੰਘ ਰੋਡ 'ਤੇ ਲੱਗਣ ਵਾਲੀ ਸੰਡੇ ਮਾਰਕੀਟ 'ਤੇ ਗਰਮੀ ਦਾ ਪੂਰਾ ਅਸਰ ਵੇਖਿਆ ਜਾ ਰਿਹਾ ਹੈ ਤੇ ਬਹੁਤ ਘੱਟ ਗਿਣਤੀ 'ਚ ਲੋਕ ਇਸ ਬਾਜ਼ਾਰ 'ਚ ਪੁੱਜੇ। ਗਰਮੀ ਤੇ ਲੂ ਨੇ ਲੋਕਾਂ ਨੂੰ ਘਰਾਂ ਵਿਚ ਰਹਿਣ ਨੂੰ ਮਜਬੂਰ ਕਰ ਦਿੱਤਾ ਤੇ ਮਾਲਜ਼ ਆਦਿ 'ਚ ਵੀ ਘੱਟ ਲੋਕ ਵੇਖਣ ਨੂੰ ਮਿਲੇ। ਲੋਕ ਗਰਮੀ ਤੋਂ ਬਚਣ ਲਈ ਠੰਡੇ ਪੀਣ ਵਾਲੇ ਅਤੇ ਖਾਣ ਵਾਲੇ ਪਦਾਰਥਾਂ ਦਾ ਸੇਵਨ ਕਰਦੇ ਵੇਖੇ ਗਏ। ਇਸੇ ਤਰ੍ਹਾਂ ਬੱਚੇ ਅਤੇ ਨੌਜਵਾਨ ਗਰਮੀ ਤੋਂ ਛੁਟਕਾਰਾ ਪਾਉਣ ਲਈ ਨਹਿਰ ਤੇ ਰਾਜਬਾਹਿਆਂ 'ਚ ਨਹਾਉਂਦੇ ਰਹੇ।

ਹਾਲੇ ਨਹੀਂ ਮਿਲੇਗੀ ਗਰਮੀ ਤੋਂ ਰਾਹਤ
ਮੌਸਮ ਵਿਭਾਗ ਅਨੁਸਾਰ ਗਰਮੀ ਤੋਂ ਹਾਲੇ ਕਿਸੇ ਤਰ੍ਹਾਂ ਦੀ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ, ਜਦੋਂ ਕਿ ਕੁੱਝ ਮੌਸਮ ਜਾਣਕਾਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ 2-3 ਦਿਨਾਂ 'ਚ ਆਸਮਾਨ 'ਚ ਬਦਲ ਛਾ ਜਾਣ ਤੇ ਧੂੜ ਭਰੀਆਂ ਹਵਾਵਾਂ ਚੱਲਣ ਕਰਕੇ ਤਾਪਮਾਨ 'ਚ 1 ਤੋਂ 2 ਡਿਗਰੀ ਸੈਲਸੀਅਸ ਦੀ ਗਿਰਾਵਟ ਵੇਖੀ ਜਾ ਸਕਦੀ ਹੈ। ਦੂਜੇ ਪਾਸੇ ਮੌਸਮ ਵਿਭਾਗ ਵੱਲੋਂ 3 ਜੂਨ ਤਕ ਦੀ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਮੁੱਖ ਤੌਰ 'ਤੇ ਆਸਮਾਨ ਸਾਫ ਰਹੇਗਾ, ਜਿਸ ਨਾਲ ਤਾਪਮਾਨ 'ਚ ਹੋਰ ਵੀ ਵਾਧਾ ਵੇਖਿਆ ਜਾ ਸਕਦਾ ਹੈ।


author

cherry

Content Editor

Related News