ਖਾਲਿਸਤਾਨੀ ਲਹਿਰ ਦੇ ਹਾਮੀ ਰਹੇ ਸੰਦੀਪ ਭਾਊ ''ਤੇ ਜਾਨਲੇਵਾ ਹਮਲਾ
Tuesday, Jan 07, 2020 - 12:15 PM (IST)
ਬਠਿੰਡਾ (ਸੁਖਵਿੰਦਰ) : ਖਾਲਿਸਤਾਨੀ ਲਹਿਰ ਦੇ ਹਾਮੀ ਰਹੇ ਸੰਦੀਪ ਭਾਊ ਨੂੰ ਗੋਲੀ ਮਾਰਨ ਵਾਲੇ ਉਸ ਦੇ ਭਰਾ ਸਣੇ ਭਤੀਜੇ ਅਤੇ ਭਰਾ ਦੇ ਡਰਾਈਵਰ ਨੂੰ ਪੁਲਸ ਨੇ ਨਾਮਜ਼ਦ ਕਰ ਲਿਆ ਹੈ ਪਰ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ।
ਸੰਦੀਪ ਭਾਊ ਵਾਸੀ ਬਠਿੰਡਾ ਵੱਲੋਂ ਪੁਲਸ ਨੂੰ ਦਿੱਤੇ ਬਿਆਨ ਮੁਤਾਬਕ ਉਹ ਆਪਣੇ ਪੁਸ਼ਤੈਨੀ ਪਿੰਡ ਤਿਓਣਾ ਪੁਜਾਰੀਆਂ ਵਿਖੇ ਆਪਣੇ ਛੋਟੇ ਭਰਾ ਕਮਲਦੀਪ ਸਿੰਘ ਕੋਲ ਗਿਆ ਹੋਇਆ ਸੀ। ਉਹ ਦੋਵੇਂ ਭਰਾ ਅਤੇ ਹੋਰ ਪਰਿਵਾਰਕ ਮੈਂਬਰ ਘਰ 'ਚ ਮੌਜੂਦ ਸਨ। ਕਮਲਦੀਪ ਸ਼ਰਾਬ ਪੀ ਰਿਹਾ ਸੀ ਅਤੇ ਸੰਦੀਪ ਭਾਊ ਉਸ ਕੋਲ ਬੈਠਾ ਸੀ, ਕਿਉਂਕਿ ਉਹ ਸ਼ਰਾਬ ਨਹੀਂ ਪੀਂਦਾ। ਇਸੇ ਦੌਰਾਨ ਦੋਵੇਂ ਭਰਾਵਾਂ 'ਚ ਘਰੇਲੂ ਵਿਵਾਦ ਕਾਰਣ ਗਰਮੋ-ਗਰਮੀ ਹੋ ਗਈ। ਸਿੱਟੇ ਵਜੋਂ ਕਮਲਦੀਪ ਸਿੰਘ, ਭਤੀਜਾ ਤੇਜਪ੍ਰਤਾਪ ਸਿੰਘ ਅਤੇ ਭਰਾ ਦਾ ਡਰਾਈਵਰ ਰਾਹੁਲ ਕੁਮਾਰ ਉਸ 'ਤੇ ਹਮਲਾਵਰ ਹੋ ਗਏ। ਇਸੇ ਦੌਰਾਨ ਕਮਲਦੀਪ ਸਿੰਘ ਨੇ ਸੰਦੀਪ ਸਿੰਘ ਭਾਊ ਨੂੰ ਗੋਲੀ ਮਾਰ ਦਿੱਤੀ, ਜੋ ਉਸ ਦੇ ਪੈਰ 'ਚ ਲੱਗੀ। ਗੰਭੀਰ ਹਾਲਤ 'ਚ ਸੰਦੀਪ ਭਾਊ ਨੂੰ ਪਹਿਲਾਂ ਬਠਿੰਡਾ ਦੇ ਹਸਪਤਾਲ 'ਚ ਲਿਆਂਦਾ ਗਿਆ, ਜਿਥੋਂ ਉਨ੍ਹਾਂ ਨੂੰ ਲੁਧਿਆਣਾ ਦੇ ਇਕ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ।
ਥਾਣਾ ਸਦਰ ਬਠਿੰਡਾ ਦੇ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਸੰਦੀਪ ਭਾਊ ਦੇ ਬਿਆਨ 'ਤੇ ਉਕਤ ਤਿੰਨਾਂ ਵਿਰੁੱਧ ਜਾਨਲੇਵਾ ਹਮਲਾ ਕਰਨ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਮੁਲਜ਼ਮ ਫਰਾਰ ਹਨ, ਜਿਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।