ਬਠਿੰਡਾ ਦੇ ਡੀ.ਡੀ. ਮਿੱਤਲ ਟਾਵਰ ਕਾਲੋਨੀ ’ਚ ਮਿਲੇ ਸ੍ਰੀ ਗੁਟਕਾ ਸਾਹਿਬ ਦੇ ਫਟੇ ਅੰਗ, ਪੁਲਸ ਕਰ ਰਹੀ ਜਾਂਚ
Tuesday, May 17, 2022 - 03:48 PM (IST)
ਬਠਿੰਡਾ (ਬਾਂਸਲ) : ਜਾਣਕਾਰੀ ਦਿੰਦੇ ਹੋਏ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਸਵੇਰੇ 7 ਵਜੇ ਡੇਰਾ ਸਿਰਸਾ ਦੇ ਧਾਰਮਿਕ ਗ੍ਰੰਥਾਂ ਦੇ ਕੁਝ ਅੰਸ਼ ਪਾਏ ਗਏ ਅਤੇ ਕੁਝ ਹੀ ਸਮੇਂ ਬਾਅਦ ਨਿਰੰਕਾਰੀ ਭਵਨ ਨਾਲ ਸੰਬੰਧਿਤ ਕੁਝ ਧਾਰਮਿਕ ਕਿਤਾਬਾਂ ਦੇ ਅੰਗ ਪਾਏ ਗਏ ਜਿਸ ਨਾਲ ਲੋਕਾਂ ’ਚ ਭਾਰੀ ਰੋਸ ਪਾਇਆ ਗਿਆ, ਜਿਸ ਤੋਂ ਬਾਅਦ ਅੱਜ ਸਾਢੇ 9 ਵਜੇ ਦੇ ਕਰੀਬ ਬਲਾਕ ਨੰਬਰ 8 ਜਾਂ 9 ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਤੇ ਸ੍ਰੀ ਗੁਟਕਾ ਸਾਹਿਬ ਤੋਂ ਪੜ੍ਹੀ ਗਈ ਨੌਵੀਂ ਪਾਤਸ਼ਾਹ ਜੀ ਦੀ ਬਾਣੀ ਦੀ ਬੇਅਦਬੀ ਹੋਈ ਹੈ। ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਡੀ ਪ੍ਰਸ਼ਾਸਨ ਨੂੰ ਚੇਤਾਵਨੀ ਹੈ ਕਿ ਜੇਕਰ ਜਲਦੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ’ਚ ਸਾਡੇ ਵਲੋਂ ਮੇਨ ਹਾਈਵੇ ਹੈ ਉਸ ’ਤੇ ਚੱਕਾ ਜਾਮ ਕਰ ਪ੍ਰਦਰਸ਼ਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਬਠਿੰਡਾ ਵਿਖੇ ਹਨੂਮਾਨ ਚਾਲੀਸਾ ਦੀ ਬੇਅਦਬੀ, ਪਾਠ ਅਗਨ ਭੇਟ ਕਰ ਕਿਲੇ ਦੇ ਕੋਲ ਸੁੱਟੇ ਪੰਨੇ
ਉੱਥੇ ਹੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਫੋਨ ਆਇਆ ਸੀ ਕਿ ਡੀ.ਡੀ. ਮਿੱਤਲ ਟਾਵਰ ’ਚ ਬਲਾਕ 8-9 ਦੇ ਕੋਲ ਕੁਝ ਧਾਰਮਿਕ ਕਿਤਾਬਾਂ ਦੇ ਪੰਨੇ ਉੱਡ ਰਹੇ ਹਨ। ਜਦੋਂ ਅਸੀਂ ਆ ਕੇ ਦੇਖਿਆ ਤਾਂ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਅਤੇ ਇਸ ਮਾਮਲੇ ’ਚ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਉਨ੍ਹਾਂ ਦੇ ਸਾਹਮਣੇ ਆਇਆ ਕਿ ਬਲਾਕ ਨੰਬਰ 10 ਦੇ ਦਸਵੇਂ ਫਲੋਰ ’ਤੇ ਇਕ ਐੱਨ.ਆਰ.ਆਈ ਔਰਤ ਰਹਿੰਦੀ ਹੈ ਜੋ ਕਿ ਅਲਗ ਅਲਗ ਧਰਮਾਂ ਦੀਆਂ ਕਿਤਾਬਾਂ ਦਾ ਅਧਿਐਨ ਕਰਦੀ ਹੈ ਅਤੇ ਉਸ ਨੇ ਕੁਝ ਕਿਤਾਬਾਂ ਗੈਲਰੀ ਕੋਲ ਰੱਖੀਆਂ ਹੋਈਆਂ ਸਨ ਜਿਸ ਦੇ ਕੁਝ ਪੰਨੇ ਉਡ ਕੇ ਬਾਹਰ ਡਿੱਗ ਗਏ ਸਨ, ਜਿਨ੍ਹਾਂ ’ਚੋਂ ਇਕ ਜਿਲਦ ਕਵਰ ਅਤੇ ਕੁਝ ਪੇਜ਼ ਸ਼ਾਮਲ ਹਨ।
ਇਹ ਵੀ ਪੜ੍ਹੋ : ਬਠਿੰਡਾ 'ਚ ਕਲਯੁੱਗੀ ਪਿਓ ਦਾ ਕਾਰਾ, 4 ਸਾਲਾ ਧੀ ਦੇ ਸਿਰ 'ਚ ਲੋਹੇ ਦੀ ਰਾਡ ਮਾਰ ਕੀਤਾ ਕਤਲ
ਇਸ ਤੋਂ ਬਾਅਦ ਮਰਿਆਦਾ ਅਨੁਸਾਰ ਜੋ ਲੋਕਲ ਗੁਰਦੁਆਰਾ ਸਾਹਿਬ ਹੈ ਉਨ੍ਹਾਂ ਨੂੰ ਸੁਪੁਰਦ ਕੀਤੇ ਗਏ ਅਤੇ ਉਸ ਔਰਤ ਨੂੰ ਵੀ ਹਿਦਾਇਤ ਦਿੱਤੀ ਗਈ ਹੈ ਕਿ ਇਸ ਚੀਜ਼ ਦਾ ਅੱਗੇ ਤੋਂ ਧਿਆਨ ਰੱਖਿਆ ਜਾਵੇ । ਪੁਲਸ ਵਲੋਂ ਦੂਸਰੇ ਪਹਿਲੂ ਤੋਂ ਵੀ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਤੱਥ ਸਾਹਮਣੇ ਆਇਆ ਉਸ ਦੇ ਹਿਸਾਬ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ