ਨਾਜਾਇਜ਼ ਸ਼ਰਾਬ ਕੱਢਣ ’ਤੇ ਛਾਪਾ ਮਾਰਨ ਗਈ ਪੁਲਸ ’ਤੇ ਲੋਕਾਂ ਦਾ ਹਮਲਾ, ਭੰਨ੍ਹੀਆਂ ਗੱਡੀਆਂ

03/03/2020 3:38:19 PM

ਬਠਿੰਡਾ/ਭਗਤਾ ਭਾਈ (ਵਰਮਾ/ਪ੍ਰਵੀਨ) - ਨਾਜਾਇਜ਼ ਸ਼ਰਾਬ ਕੱਢਣ ਸਬੰਧੀ ਛਾਪਾ ਮਾਰਨ ਗਈ ਠੇਕੇਦਾਰਾਂ ਅਤੇ ਪੁਲਸ ਦੀ ਟੀਮ ’ਤੇ ਪਿੰਡ ਵਾਸੀਆਂ ਵਲੋਂ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।ਪਿੰਡ ਵਾਸੀਆਂ ਨੇ ਪੁਲਸ ਟੀਮ ਦੀ ਕੁੱਟ-ਮਾਰ ਕਰਦੇ ਹੋਏ ਉਨ੍ਹਾਂ ਦੀਆਂ ਗੱਡੀਆਂ ਤੱਕ ਭੰਨ੍ਹ ਦਿੱਤੀਆਂ। ਠੇਕੇਦਾਰਾਂ ਦੇ ਡਰਾਈਵਰ ਦੀ ਸ਼ਿਕਾਇਤ ’ਤੇ ਥਾਣਾ ਦਿਆਲਪੁਰਾ ਦੀ ਪੁਲਸ ਨੇ 7 ਮੁਲਜ਼ਮਾਂ ਨੂੰ ਨਾਮਜ਼ਦ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਪਰ ਇਸ ਮਾਮਲੇ ਦੇ ਸਬੰਧ ’ਚ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ। ਜਾਣਕਾਰੀ ਅਨੁਸਾਰ ਐਤਵਾਰ ਦੇਰ ਰਾਤ ਸੂਚਨਾ ਮਿਲੀ ਕਿ ਪਿੰਡ ਗੌਸਾਪੁਰਾ ਵਿਚ ਵੱਡੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਕੱਢੀ ਜਾ ਰਹੀ ਹੈ ਜੇਕਰ ਛਾਪੇਮਾਰੀ ਕੀਤੀ ਜਾਵੇ ਤਾਂ ਪੁਲਸ ਹੱਥ ਬਹੁਤ ਕੁਝ ਲੱਗ ਸਕਦਾ ਹੈ। ਠੇਕੇਦਾਰ ਪੁਲਸ ਟੀਮ ਨੂੰ ਨਾਲ ਲੈ ਕੇ ਜਿਵੇਂ ਹੀ ਪਿੰਡ ਪਹੁੰਚੇ ਤਾਂ ਉਥੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ, ਜਿਨ੍ਹਾਂ ਦੀ ਉਨ੍ਹਾਂ ਨੇ ਕੁੱਟ-ਮਾਰ ਕੀਤੀ।

ਕੁੱਟਮਾਰ ਕਰਦੇ ਹੋਏ ਲੋਕਾਂ ਨੇ ਪੁਲਸ ਦੀਆਂ ਗੱਡੀਆਂ ਵੀ ਭੰਨ੍ਹ ਦਿੱਤੀਆਂ। ਪੁਲਸ ਟੀਮ ਦੇ ਮੈਂਬਰ ਲੋਕਾਂ ਤੋਂ ਕਿਸੇ ਤਰ੍ਹਾਂ ਜਾਨ ਬਚਾਅ ਕੇ ਪਿੰਡ ਤੋਂ ਭੱਜ ਗਏ ਅਤੇ ਠੇਕੇਦਾਰਾਂ ਦੇ ਡਰਾਈਵਰ ਗੁਰਨਾਮ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਹ ਮਲਹੋਤਰਾ ਐਂਡ ਕੰਪਨੀ ਵਿਚ ਡਰਾਈਵਰੀ ਕਰਦਾ ਹੈ। ਬੀਤੇ ਦਿਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਗੌਂਸਾਪੁਰਾ ਦਾ ਰਹਿਣ ਵਾਲਾ ਬਲਜੀਤ ਸਿੰਘ ਨਾਜਾਇਜ਼ ਸ਼ਰਾਬ ਕੱਢਣ ਅਤੇ ਉਸ ਨੂੰ ਵੇਚਣ ਦਾ ਕੰਮ ਕਰਦਾ ਹੈ। ਜੇਕਰ ਹੁਣ ਉਸ ਦੇ ਘਰ ਛਾਪੇਮਾਰੀ ਕੀਤੀ ਜਾਵੇ ਤਾਂ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਬਰਾਮਦ ਹੋ ਸਕਦੀ ਹੈ। ਇਸ ਸੂਚਨਾ ਦੇ ਆਧਾਰ ’ਤੇ ਸਰਕਲ ਇੰਚਾਰਜ ਇਮਰਾਨ ਖਾਨ ਵਾਸੀ ਰਾਮਸਰਾਂ ਤਹਿਸੀਲ ਨੋਹਰਾ, ਜ਼ਿਲਾ ਹਨੂਮਾਨਗੜ੍ਹ ਗਗਨਦੀਪ ਸਿੰਘ ਵਾਸੀ ਪਿੰਡ ਮਛਾਣਾ ਜ਼ਿਲਾ ਬਠਿੰਡਾ, ਪੰਜਾਬ ਪੁਲਸ ਦੇ ਏ. ਐੱਸ.ਆਈ. ਜਗਰਾਜ ਸਿੰਘ, ਸਿਪਾਹੀ ਬਲਜੀਤ ਸਿੰਘ, ਸਿਪਾਹੀ ਬਲਜਿੰਦਰ ਸਿੰਘ, ਸਿਪਾਹੀ ਗੁਰਵਿੰਦਰ ਸਿੰਘ ਵਾਸੀ ਸਮੇਤ ਐਕਸਾਈਜ਼ ਸਟਾਫ ਨੂੰ ਨਾਲ ਲੈ ਕੇ ਮੁਲਜ਼ਮ ਬਲਜੀਤ ਸਿੰਘ ਦੇ ਘਰ ਪਿੰਡ ਗੋਸਾਪੁਰਾ ਰੇਡ ਕਰਨ ਲਈ ਪਹੁੰਚ ਗਏ।

ਜਿਵੇਂ ਹੀ ਉਹ ਉਸ ਦੇ ਘਰ ਬਾਹਰ ਪਹੁੰਚੇ ਤਾਂ ਮੁਲਜ਼ਮ ਬਲਜੀਤ ਸਿੰਘ, ਉਸ ਦੇ ਨਾਲ ਜੋਗਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ, ਹਰਪਾਲ ਸਿੰਘ ਪੁੱਤਰ ਸ਼ਿੰਗਾਰਾ ਸਿੰਘ, ਅਮਰ ਸਿੰਘ ਪੁੱਤਰ ਸ਼ਿੰਗਾਰਾ ਸਿਘ, ਮਨਦੀਪ ਸਿੰਘ ਪੁੱਤਰ ਹਰਪਾਲ ਸਿੰਘ, ਬਲਜਿੰਦਰ ਕੌਰ ਪਤਨੀ ਬਲਜੀਤ ਸਿੰਘ ਅਤੇ ਸੰਦੀਪ ਕੌਰ ਪਤਨੀ ਮਨਦੀਪ ਸਿੰਘ ਵਾਸੀ ਗੋਸਾਪੁਰਾ ਨੇ ਲਾਠੀਆਂ ਅਤੇ ਲੋਹੇ ਦੀ ਰਾਡ ਸਮੇਤ ਹੋਰ ਤੇਜ਼ਧਾਰ ਹਥਿਆਰ ਲੈ ਕੇ ਉਨ੍ਹਾਂ ਨੂੰ ਘੇਰ ਲਿਆ ਅਤੇ ਉਨ੍ਹਾਂ ’ਤੇ ਜਾਨਲੇਵਾ ਹਮਲਾ ਕਰ ਦਿੱਤਾ। 

ਪਹਿਲਾਂ ਵੀ ਰੋਕ ਚੁੱਕੈ ਐਕਸਾਈਜ਼ ਵਿਭਾਗ : ਪੀੜਤ ਡਰਾਈਵਰ
ਪੀੜਤ ਡਰਾਈਵਰ ਮੁਤਾਬਕ ਉਕਤ ਸਾਰੇ ਮੁਲਜ਼ਮ ਨਾਜਾਇਜ਼ ਤਰੀਕੇ ਨਾਲ ਸ਼ਰਾਬ ਕੱਢਣ ਅਤੇ ਵੇਚਣ ਦਾ ਕੰਮ ਕਰਦੇ ਹਨ। ਐਕਸਾਈਜ਼ ਵਿਭਾਗ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਕਈ ਵਾਰ ਰੋਕਿਆ ਸੀ ਪਰ ਉਹ ਮੰਨ ਨਹੀਂ ਸੀ ਰਹੇ। ਇਸ ਲਈ ਪੁਲਸ ਅਤੇ ਐਕਸਾਈਜ਼ ਵਿਭਾਗ ਦੀ ਟੀਮ ਨੂੰ ਨਾਲ ਲੈ ਕੇ ਉਨ੍ਹਾਂ ਦੇ ਘਰ ਛਾਪੇਮਾਰੀ ਕਰਨ ਗਏ ਸੀ।

ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਜੇਲ ਭੇਜਿਆ ਜਾਵੇਗਾ : ਥਾਣਾ ਇੰਚਾਰਜ
ਥਾਣਾ ਦਿਆਲਪੁਰਾ ਦੇ ਇੰਚਾਰਜ ਗੁਰਤੇਜ ਸਿੰਘ ਦਾ ਕਹਿਣਾ ਹੈ ਕਿ ਜਾਂਚ ਅਧਿਕਾਰੀ ਏ.ਐੱਸ.ਆਈ. ਬਲਵੰਤ ਸਿੰਘ ਅਨੁਸਾਰ ਡਰਾਈਵਰ ਗੁਰਨਾਮ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ। ਪੁਲਸ ਉਨ੍ਹਾਂ ਨੂੰ ਫੜਨ ਲਈ ਛਾਪੇ ਮਾਰ ਰਹੀ ਹੈ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜਿਆ ਜਾਵੇਗਾ। ਉਨ੍ਹਾਂ ਮੰਨਿਆ ਕਿ ਮੁਲਜ਼ਮਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਮਿਲ ਕੇ ਪੁਲਸ ਪਾਰਟੀ ’ਤੇ ਹਮਲਾ ਕੀਤਾ ਗੱਡੀਆਂ ਭੰਨ੍ਹੀਆਂ, ਡਰਾਈਵਰ ਗੁਰਨਾਮ ਨੂੰ ਜ਼ਖਮੀ ਕੀਤਾ।
 


rajwinder kaur

Content Editor

Related News