ਨਸ਼ੇੜੀ ਦਾ ਕਾਰਨਾਮਾ, ਘਰ ’ਚ ਦਾਖਲ ਹੋ ਕੇ ਬਜ਼ੁਰਗ ਜੋੜਾ ਵੱਢਿਆ, ਹਾਲਤ ਗੰਭੀਰ

09/02/2019 11:45:18 AM

ਬਠਿੰਡਾ(ਵਰਮਾ) : ਸ਼ਹਿਰ ਦੀ ਸਭ ਤੋਂ ਵੱਡੀ ਕਮਲਾ ਨਹਿਰੂ ਕਾਲੋਨੀ ’ਚ ਦੇਰ ਰਾਤ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਇਕ ਨਸ਼ੇਡ਼ੀ ਨੇ ਘਰ ’ਚ ਦਾਖਲ ਹੋ ਕੇ ਕਾਲੋਨੀ ਦੇ ਪ੍ਰਧਾਨ ਤੇ ਉਸਦੀ ਪਤਨੀ ’ਤੇ ਕੁਹਾੜੀ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਲਹੂ-ਲੁਹਾਨ ਕਰ ਦਿੱਤਾ ਅਤੇ ਫਰਾਰ ਹੋ ਗਿਆ। ਉਕਤ ਹਮਲਾਵਰ ਸਾਬਕਾ ਈ. ਟੀ. ਓ. ਧਾਲੀਵਾਲ ਦਾ ਬੇਟਾ ਦੱਸਿਆ ਜਾ ਰਿਹਾ ਹੈ ਜੋ ਅਕਸਰ ਨਸ਼ੇ ਵਿਚ ਟੱਲੀ ਰਹਿੰਦਾ ਹੈ ਅਤੇ ਕਾਲੋਨੀ ’ਚ ਦਹਿਸ਼ਤ ਫੈਲਾਉਣ ਦਾ ਕੰਮ ਕਰਦਾ ਹੈ।

PunjabKesari

ਕਾਲੋਨੀ ’ਚ ਰਹਿਣ ਵਾਲੇ ਲੋਕਾਂ ਭੁਪਿੰਦਰ ਸਿੰਘ, ਰਾਜਿੰਦਰ ਸਿੰਘ, ਸਾਹਨੀ ਤੇ ਹੋਰਨਾਂ ਨੇ ਦੱਸਿਆ ਕਿ ਇਹ ਘਟਨਾ ਦੇਰ ਰਾਤ ਲਗਭਗ 9 ਵਜੇ ਦੀ ਹੈ, ਜਦੋਂ ਨਸ਼ੇੜੀ ਨੇ ਕਮਲਾ ਨਹਿਰੂ ਕਾਲੋਨੀ ਦੀ ਕੋਠੀ ਨੰਬਰ 142 ’ਚ ਰਹਿ ਰਹੇ ਕਾਲੋਨੀ ਦੇ ਪ੍ਰਧਾਨ ਤੇ ਸਾਬਕਾ ਸੈਨਿਕ ਅਧਿਕਾਰੀ 70 ਸਾਲਾ ਨਿਰਭੈ ਸਿੰਘ ਅਤੇ ਉਸਦੀ ਪਤਨੀ ਗੁਰਮੀਤ ਕੌਰ ’ਤੇ ਘਰ ’ਚ ਦਾਖਲ ਹੋ ਕੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਨਿਰਭੈ ਸਿੰਘ ਦੀ ਲੱਤ ਵੱਢੀ ਗਈ ਅਤੇ ਉਨ੍ਹਾਂ ਦੀ ਪਤਨੀ ਦੇ ਪੈਰ ਅਤੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਹਨ। ਜ਼ਖਮੀਆਂ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ, ਜਿਥੇ ਦੋਵਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਸੂਚਨਾ ਮਿਲਦੇ ਹੀ ਥਾਣਾ ਕੈਂਟ ਪੁਲਸ ਘਟਨਾ ਸਥਾਨ ’ਤੇ ਪਹੁੰਚੀ ਤਾਂ ਲੋਕਾਂ ਨੇ ਪੁਲਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਕਾਲੋਨੀ ਵਾਸੀਆਂ ਨੇ ਦੱਸਿਆ ਕਿ ਮੁਲਜ਼ਮ ਜਗਦੀਪ ਸਿੰਘ ਉਰਫ ਬੰਟੀ (30) ਕਾਰ ’ਚ ਕਾਲੋਨੀ ’ਚ ਆਇਆ ਅਤੇ ਪਹਿਲਾਂ ਉਸਨੇ ਕਾਲੋਨੀ ਦੇ ਜਰਨੈਲ ਸਿੰਘ ਦੇ ਘਰ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਬਾਹਰ ਨਿਕਲਣ ਦੀਆਂ ਧਮਕੀਆਂ ਦਿੱਤੀਆਂ ਪਰ ਉਸਨੇ ਦਰਵਾਜ਼ਾ ਨਹੀਂ ਖੋਲ੍ਹਿਆ। ਫਿਰ ਉਸਨੇ ਕਾਲੋਨੀ ’ਚ ਖਡ਼੍ਹੀਆਂ 2-3 ਕਾਰਾਂ ਦੇ ਸ਼ੀਸ਼ੇ ਤੋਡ਼ ਦਿੱਤੇ। ਫਿਰ ਉਹ ਕਾਲੋਨੀ ਪ੍ਰਧਾਨ ਮਾਨ ਦੀ ਕੋਠੀ ’ਚ ਦਾਖਲ ਹੋ ਗਿਆ ਅਤੇ ਉਥੇ ਜਾ ਕੇ ਪਤੀ-ਪਤਨੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਦੇ ਰੌਲਾ ਪਾਉਣ ’ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਤਾਂ ਮੁਲਜ਼ਮ ਫਰਾਰ ਹੋਣ ’ਚ ਸਫਲ ਹੋ ਗਿਆ ਪਰ ਘਰ ਦੇ ਅੰਦਰ ਦਾ ਫਰਸ਼ ਖੂਨ ਨਾਲ ਭਰਿਆ ਹੋਇਆ ਸੀ।

ਕਾਲੋਨੀ ਵਾਸੀਆਂ ਨੇ ਦੋਵਾਂ ਜ਼ਖਮੀਆਂ ਨੂੰ ਚੁੱਕ ਕੇ ਇਲਾਜ ਲਈ ਨਿੱਜੀ ਹਸਪਤਾਲ ਵਿਖੇ ਪਹੁੰਚਾਇਆ।

ਮੌਕੇ ’ਤੇ ਪਹੁੰਚੇ ਡੀ. ਐੱਸ. ਪੀ. ਕੁਲਵੰਤ ਸਿੰਘ ਤੇ ਥਾਣਾ ਪ੍ਰਮੁੱਖ ਹਰਜੀਤ ਸਿੰਘ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਮੁਲਜ਼ਮ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਲਗਭਗ 8.30 ਵਜੇ ਮੁਲਜ਼ਮ ਥਾਣਾ ਕੈਂਟ ’ਚ ਦਾਖਲ ਹੋ ਕੇ ਇੰਸਪੈਕਟਰ ਦੇ ਦਫਤਰ ’ਚ ਦਾਖਲ ਹੋਇਆ ਅਤੇ ਇੱਟਾਂ ਨਾਲ ਸ਼ੀਸ਼ੇ ਤੱਕ ਤੋਡ਼ ਦਿੱਤੇ ਅਤੇ ਫਰਾਰ ਹੋ ਗਿਆ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੁਲਸ ਉਸ ਨੂੰ ਉਸੇ ਵੇਲੇ ਕਾਬੂ ਕਰ ਲੈਂਦੀ ਤਾਂ ਉਹ ਇਸ ਘਟਨਾ ਨੂੰ ਅੰਜਾਮ ਨਹੀਂ ਦੇ ਸਕਦਾ ਸੀ। ਉਥੇ ਇਕੱਠੇ ਲੋਕਾਂ ਨੇ ਕਾਂਗਰਸ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਪ੍ਰਸ਼ਾਸਨ ਨੂੰ ਵੀ ਜੀਅ ਭਰ ਕੇ ਕੋਸਿਆ।

ਕਾਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਵਿਰੁੱਧ ਪਹਿਲਾਂ ਵੀ ਥਾਣਾ ਕੈਂਟ ’ਚ ਕਈ ਸ਼ਿਕਾਇਤਾਂ ਜਾ ਚੁੱਕੀਆਂ ਹਨ ਪਰ ਪੁਲਸ ਨੇ ਕਦੇ ਵੀ ਉਸ ’ਤੇ ਕਾਰਵਾਈ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਮੁਲਜ਼ਮ ਨੇ ਕਾਲੋਨੀ ’ਚ ਕੰਮ ਕਰਨ ਵਾਲੇ ਧੋਬੀ ਦਾ ਗਲਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਸ਼ਨੀ ਮੰਦਿਰ ’ਚ ਦਾਖਲ ਹੋ ਕੇ ਉਥੋਂ ਦੇ ਪੁਜਾਰੀ ਨਾਲ ਕੁੱਟ-ਮਾਰ ਕਰ ਕੇ ਉਸਦਾ ਸਾਮਾਨ ਵੀ ਤੋਡ਼ ਦਿੱਤਾ ਸੀ। ਪ੍ਰਧਾਨ ਹੋਣ ਦੇ ਨਾਤੇ ਕਾਲੋਨੀ ਵਾਸੀ ਸ਼ਿਕਾਇਤਾਂ ਲੈ ਕੇ ਨਿਰਭੈ ਸਿੰਘ ਕੋਲ ਆਉਂਦੇ ਸੀ ਅਤੇ ਉਹ ਸਮਝਾਉਣ ਲਈ ਉਸਦੇ ਪਿਤਾ ਕੋਲ ਚਲੇ ਜਾਂਦੇ ਸੀ, ਜਿਸ ਕਾਰਣ ਮੁਲਜ਼ਮ ਗੁੱਸੇ ਸੀ। ਇਸ ਲਈ ਉਸਨੇ ਨਿਰਭੈ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਾਂਚ ’ਚ ਜੁਟੀ ਪੁਲਸ ਮੁਲਜ਼ਮ ਦੀ ਗ੍ਰਿਫਤਾਰੀ ਦੀ ਕੋਸ਼ਿਸ਼ ਕਰ ਰਹੀ ਹੈ।


cherry

Content Editor

Related News