ਬਟਾਲਾ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, 3 ਕੌਮਾਂਤਰੀ ਸਮੱਗਲਰ 32 ਕਰੋੜ ਦੀ ਹੈਰੋਇਨ ਸਣੇ ਗ੍ਰਿਫ਼ਤਾਰ
Thursday, Sep 17, 2020 - 04:05 PM (IST)
ਬਟਾਲਾ (ਬੇਰੀ) : ਡੀ. ਜੀ. ਪੀ. ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਦੇ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਅਧੀਨ ਬਟਾਲਾ ਪੁਲਸ ਵਲੋਂ 3 ਅੰਤਰਰਾਸ਼ਟਰੀ ਸਮਗਲਰਾਂ ਤੋਂ 32 ਕਰੋੜ 78 ਲੱਖ ਦੀ 6 ਕਿਲੋ 557 ਗ੍ਰਾਮ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਆਈ. ਜੀ. ਬਾਰਡਰ ਰੇਂਜ ਅੰਮ੍ਰਿਤਸਰ ਸੁਰਿੰਦਰਪਾਲ ਸਿੰਘ ਪਰਮਾਰ ਨੇ ਬਟਾਲਾ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਮੁਕੱਦਮਾ ਨੰ. 39/20 ਧਾਰਾ 302, 201, 34 ਆਈ. ਪੀ. ਸੀ. ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਐੱਸ. ਆਹੀ. ਸੁਖਰਾਜ ਸਿੰਘ ਐੱਸ. ਐੱਚ. ਓ. ਸਦਰ ਬਟਾਲਾ, ਐੱਸ. ਐੱਚ. ਓ ਫਤਿਹਗੜ੍ਹ ਚੂੜੀਆਂ ਸੁਖਵਿੰਦਰ ਸਿੰਘ ਅਤੇ ਐੱਸ.ਐੱਚ.ਓ. ਡੇਰਾ ਬਾਬਾ ਨਾਨਕ ਦਲਜੀਤ ਸਿੰਘ ਪੱਡਾ ਨੇ ਡੀ. ਐੱਸ. ਪੀ. ਫਤਿਹਗੜ੍ਹ ਚੂੜੀਆਂ ਬਲਬੀਰ ਸਿੰਘ ਦੀ ਅਗਵਾਈ ਪੁਲਸ ਪਾਰਟੀ ਸਮੇਤ ਸ਼ਹੀਦ ਭਗਤ ਸਿੰਘ ਚੌਕ 'ਚ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਹੈ। ਇਸ ਦੌਰਾਨ ਸਰਬਜੀਤ ਸਿੰਘ ਉੁਰਫ ਸ਼ੱਬਾ ਪੁੱਤਰ ਕਰਨੈਲ ਸਿੰਘ ਵਾਸੀ ਕੱਕੜ ਥਾਣਾ ਲੋਪੋਕੇ, ਜਗਤਾਰ ਸਿੰਘ ਉਰਫ ਦਿਆ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਰਣੀਆਂ ਥਾਣਾ ਲੋਪੋਕੇ ਅਤੇ ਸੁਰਜੀਤ ਸਿੰਘ ਉਰਫ ਬਿੱਲੂ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਕੱਕੜ ਥਾਣਾ ਲੋਪੋਕੇ ਦੇ ਕੋਲੋ ਦੌਰਾਨ ਤਲਾਸ਼ੀ 157 ਗ੍ਰਾਮ ਹੈਰੋਇਨ ਅਤੇ ਇਕ ਕੰਪਿਊਟਰ ਕੰਡਾ ਵੀ ਬਰਾਮਦ ਕੀਤਾ।
ਇਹ ਵੀ ਪੜ੍ਹੋ : ਜਲੰਧਰ 'ਚ ਰੋਸ ਮਾਰਚ ਦੌਰਾਨ ਹਿਰਾਸਤ 'ਚ ਲਏ ਗਏ ਸਿਮਰਜੀਤ ਸਿੰਘ ਬੈਂਸ (ਵੀਡੀਓ)
ਉਕਤ ਤਿੰਨਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਬਾਅਦ ਇਨ੍ਹਾਂ ਵਿਰੁੱਧ ਮੁਕੱਦਮਾ ਨੰ. 108 ਐੱਨ. ਡੀ. ਪੀ. ਐੱਸ. ਐਕਟ ਦੀਆਂ ਧਾਰਾਵਾਂ ਅਧੀਨ ਥਾਣਾ ਫਤਿਹਗੜ੍ਹ ਚੂੜੀਆਂ 'ਚ ਕੇਸ ਦਰਜ ਕਰ ਦਿੱਤਾ ਗਿਆ। ਆਈ. ਜੀ. ਪਰਮਾਰ ਨੇ ਪ੍ਰੈਸ ਕਾਨਫਰੰਸ ਦੌਰਾਨ ਅੱਗੇ ਦੱਸਿਆ ਕਿ ਉਕਤ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਨ੍ਹਾਂ ਦੇ ਸੰਬੰਧ ਪਾਕਿਸਤਾਨੀ ਸਮਗਲਰਾਂ ਨਾਲ ਹਨ, ਜੋ ਉਹ ਪਾਕਿਸਤਾਨੀ ਸਮਗਲਰਾਂ ਨਾਲ ਤਾਲਮੇਲ ਕਰਕੇ ਭਾਰਤ-ਪਾਕਿਸਤਾਨ ਬਾਰਡਰ ਤੋਂ ਹੈਰੋਇਨ ਮੰਗਵਾ ਕੇ ਵੱਖ-ਵੱਖ ਇਲਾਕਿਆਂ 'ਚ ਸਪਲਾਈ ਕਰਦੇ ਹਨ। ਜੋ ਹੈਰੋਇਨ ਬਰਾਮਦ ਹੋਈ ਹੈ, ਉਕਤ ਸਮਗਲਰਾਂ ਨੇ ਪਾਕਿਸਤਾਨ ਤੋਂ ਮੰਗਵਾਈ ਹੈ ਜੋ ਵੱਧ ਮਾਤਰਾ 'ਚ ਹੋਣ ਦੇ ਕਾਰਨ ਖੇਪ ਬਾਰਡਰ ਦੇ ਨਜ਼ਦੀਕ ਵੱਖ-ਵੱਖ ਥਾਵਾਂ 'ਤੇ ਲੁੱਕਾ ਕੇ ਰੱਖੀ ਹੈ।
ਇਹ ਵੀ ਪੜ੍ਹੋ : ਵਿਦੇਸ਼ ਤੋਂ ਪਰਤੇ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ ਸਰਕਾਰ ਦੀ ਵੱਡੀ ਕਾਰਵਾਈ
ਆਈ. ਜੀ. ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਸਮਗਲਰਾਂ ਦੇ ਇੰਕਸਾਫ ਕੀਤੇ ਜਾਣ ਦੇ ਬਾਅਦ ਇਸ ਕੇਸ ਦੀ ਕਮਾਨ ਰਛਪਾਲ ਸਿੰਘ ਐੱਸ. ਐੱਸ. ਪੀ ਵਲੋਂ ਖੁਦ ਸੰਭਾਲੀ ਗਈ ਤਾਂ ਇਨ੍ਹਾਂ ਮੰਨਿਆ ਕਿ ਉਨ੍ਹਾਂ ਦੇ ਹੀ ਖੇਤਰ ਦੇ ਥਾਣਾ ਲੋਪੋਕੇ ਦੇ ਪਿੰਡ ਕੱਕੜ ਸਾਈਡ ਦਰੀਆ ਰਾਵੀ ਤੋਂ ਪਾਰ ਵਣ ਮਹਿਕਮੇ ਦੀ ਜੋ ਜ਼ਮੀਨ ਹੈ, ਜਿਥੇ ਉਹ ਖੇਤੀ ਦੇ ਬਹਾਨੇ ਜਾਂਦੇ ਹਨ ਅਤੇ ਇਸੇ ਜੰਗਲਾਤ ਮਹਿਕਮੇ ਦੇ ਏਰੀਆ ਅਤੇ ਬਾਰਡਰ ਪੋਸਟ ਦੇ ਨਜ਼ਦੀਕ ਪਾਕਿਸਤਾਨ ਤੋਂ ਮੰਗਵਾਈ ਹੈਰੋਇਨ ਵੀ ਨਿਸ਼ਾਨਦੇਹੀ 'ਤੇ ਦਰਿਆ ਰਾਵੀ ਤੋਂ ਪਾਰ ਵਣ ਮਹਿਕਮੇ ਦੀ ਜ਼ਮੀਨ 'ਚ ਝਾੜੀਆਂ ਵਿਚ ਲੁੱਕਾ ਕੇ ਰੱਖੇ ਟਰੈਕਟਰ ਹਾਲੈਂਡ 3630 ਦੇ ਸੱਜੇ ਟਾਇਰ 'ਚੋਂ 16 ਪੈਕੇਟ ਵਜਨੀ 5 ਮਿਲੋ 400 ਗ੍ਰਾਮ ਅਤੇ ਬੀ. ਓ. ਪੀ. ਕੱਕੜ 91/13-ਜੀ ਦੇ ਨਜ਼ਦੀਕ ਝਾੜੀਆਂ 'ਚੋਂ 4 ਪੈਕੇਟ ਹੈਰੋਇਨ ਵਜਨੀ ਇਕ ਕਿਲੋਗ੍ਰਾਮ ਬਰਾਮਦ ਕੀਤੀ। ਇਸੇ ਤਰ੍ਹਾਂ ਉਕਤ ਤਿੰਨਾਂ ਕਥਿਤ ਦੋਸ਼ੀਆ ਤੋਂ 6 ਕਿਲੋ 557 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਅਤੇ ਉਕਤ ਤੋਂ ਪੁੱਛਗਿੱਛ ਜਾਰੀ ਹੈ ਅਤੇ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਫੜੀ ਦੀ ਜਗ੍ਹਾ ਨੂੰ ਲੈ ਕੇ ਗ੍ਰੇਨ ਮਾਰਕੀਟ 'ਚ ਨੌਜਵਾਨ ਨੂੰ ਮਾਰਿਆ ਚਾਕੂ
ਆਈ. ਜੀ. ਸੁਰਿੰਦਰਪਾਲ ਸਿੰਘ ਪਰਮਾਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਹ ਵੀ ਜਾਣਕਾਰੀ ਦਿੱਤੀ ਕਿ ਰਛਪਾਲ ਸਿੰਘ ਐੱਸ. ਐੱਸ. ਪੀ ਬਟਾਲਾ ਵਲੋਂ ਆਪਣਾ ਕਾਰਜਭਾਰ ਸੰਭਾਲਣ ਦੇ ਕਰੀਬ ਡੇਢ ਮਹੀਨੇ 'ਚ ਪੁਲਸ ਜ਼ਿਲ੍ਹਾ ਬਟਾਲਾ ਦੇ ਨਸ਼ਿਆਂ ਦੇ ਖਿਲਾਫ ਅਸਰਦਾਇਕ ਢੰਗ ਨਾਲ ਕਾਰਵਾਈ ਕਰਦਿਆਂ ਉੱਦਾਹਰਨਪੂਰਵਕ ਬਰਾਮਦਗੀਆਂ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਸਮੁੱਚੇ ਪੁਲਸ ਜ਼ਿਲ੍ਹਾ ਬਟਾਲਾ 'ਚ ਸੀ. ਏ. ਐੱਸ. ਓ. (ਸਰਚ ਐਂਡ ਕਾਰਡਨ) ਆਪ੍ਰੇਸ਼ਨ ਦੌਰਾਨ 23 ਸਰਚ ਮੁਹਿੰਮ ਚਲਾ ਕੇ ਕੁਲ 292 ਮੁਕੱਦਮੇ ਐਕਸਾਈਜ਼ ਐਕਟ ਅਧੀਨ ਦਰਜ ਕਰਕੇ 2954.645 ਲੀਟਰ ਨਾਜਾਇਜ਼ ਸ਼ਰਾਬ, 135.990 ਲੀਟਰ ਠੇਕਾ ਸ਼ਰਾਬ, 12925 ਕਿਲੋ ਲਾਹਨ, 16 ਚਾਲੂ ਭੱਠੀਆਂ ਅਤੇ ਵਿਸ਼ੇਸ਼ ਕਰ 685.250 ਲੀਟਰ ਅਲਕੋਹਲ ਬਰਾਮਦ ਕੀਤੀ ਗਈ ਹੈ। ਇਸੇ ਤਰ੍ਹਾਂ, ਇਸ ਸਮੇਂ ਦੌਰਾਨ ਐੱਨ. ਡੀ. ਪੀ. ਐੱਸ ਐਕਟ ਦੇ 7 ਮੁਕੱਦਮੇ ਦਰਜ ਕਰਕੇ 735 ਗ੍ਰਾਮ ਹੈਰੋਇਨ ਤੇ ਹੋਰ ਨਸ਼ਾ ਸਮਗਰੀ ਵੱਖਰੇ ਤੌਰ 'ਤੇ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਮੁਜਰਿਮਾਂ ਨੂੰ ਕਾਬੂ ਕਰਕੇ 3 ਪਿਸਤੌਲਾਂ ਸਮੇਤ 34 ਚੋਰੀਸ਼ੁਦਾ ਮੋਟਰਸਾਈਕਲ, 1 ਬੋਲੈਰੋ ਗੱਡੀ ਤੇ 8 ਮੋਬਾਈਲ ਬਰਾਮਦ ਕੀਤੇ ਗਏ ਹਨ। ਓਧਰ, ਮੁਜਰਿਮ ਇਸ਼ਤਿਹਾਰੀਆਂ ਵਿਰੁੱਧ ਮੁਹਿੰਮ ਚਲਾ ਕੇ ਪਿਛਲੇ ਪੰਜ ਸਾਲਾਂ ਤੋਂ ਵੱਖ-ਵੱਖ ਕੇਸਾਂ 'ਚ ਭਗੌੜੇ ਚਲਦੇ ਆ ਰਹੇ 12 ਪੀ. ਓਜ਼ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮੌਕੇ ਐੱਸ. ਐੱਸ. ਪੀ ਬਟਾਲਾ ਰਛਪਾਲ ਸਿੰਘ, ਐੱਸ. ਪੀ. ਤੇਜਬੀਰ ਸਿੰਘ ਹੁੰਦਲ, ਐੱਸ. ਪੀ. ਗੁਰਪ੍ਰੀਤ ਸਿੰਘ, ਡੀ. ਐੱਸ. ਪੀ. ਬਲਬੀਰ ਸਿੰਘ ਫਤਿਹਗੜ੍ਹ ਚੂੜੀਆਂ, ਡੀ. ਐੱਸ. ਪੀ ਦੇਵ ਸਿੰਘ, ਅਨਿਲ ਪਵਾਰ ਅਤੇ ਰਾਜਨ ਕੁਮਾਰ ਦੋਵੇਂ ਰੀਡਰ ਟੂ ਐੱਸ. ਐੱਸ. ਪੀ ਬਟਾਲਾ ਹਾਜ਼ਰ ਸਨ।