ਜ਼ਮੀਨੀ ਵਿਵਾਦ ਨੂੰ ਲੈ ਕੇ ਮਾਮੇ-ਭਾਣਜੇ 'ਚ ਖੜਕੀ, ਚੱਲੀਆਂ ਗੋਲੀਆਂ (ਵੀਡੀਓ)

06/29/2019 9:46:40 AM

ਬਟਾਲਾ (ਬੇਰੀ, ਗੁਰਪ੍ਰੀਤ ਚਾਵਲਾ) : ਇਥੋਂ ਦੇ ਨਜ਼ਦੀਕੀ ਪਿੰਡ ਦੌਲਤਪੁਰ ਵਿਖੇ ਜ਼ਮੀਨੀ ਵਿਵਾਦ ਦੇ ਕਾਰਣ ਮਾਮੇ-ਭਾਣਜੇ 'ਚ ਹੋਈ ਖੂਨੀ ਝੜਪ ਵਿਚ ਗੋਲੀਆਂ ਅਤੇ ਤੇਜ਼ਧਾਰ ਹਥਿਆਰ ਚੱਲਣ ਨਾਲ 3 ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਬਲਬੀਰ ਸਿੰਘ ਪੁੱਤਰ ਜਗਤ ਸਿੰਘ ਵਾਸੀ ਆਲੋਵਾਲ ਨੇ ਦੱਸਿਆ ਕਿ ਪਿੰਡ ਦੌਲਤਪੁਰ ਵਿਖੇ ਉਨ੍ਹਾਂ ਦੀ 3 ਕਿੱਲੇ ਜ਼ਮੀਨ ਹੈ ਅਤੇ 35 ਸਾਲ ਤੋਂ ਉਹ ਇਸ ਵਿਚ ਕਾਸ਼ਤ ਕਰਦੇ ਆ ਰਹੇ ਹਨ ਪਰ ਅੱਜ ਜਦੋਂ ਉਸਦੇ ਬੇਟੇ ਜਗਦੀਪ ਸਿੰਘ, ਅਜਾਇਬ ਸਿੰਘ ਆਪਣੀ ਜ਼ਮੀਨ ਵਾਹੁਣ ਲਈ ਗਏ ਤਾਂ ਉਥੇ ਮੌਜੂਦ ਉਸਦੇ ਮਾਮੇ ਅਤੇ ਉਸਦੇ ਲੜਕਿਆਂ ਨੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਜੋ ਭਿਆਨਕ ਲੜਾਈ ਦਾ ਰੂਪ ਧਾਰਨ ਕਰ ਲਿਆ ਅਤੇ ਨੌਬਤ ਗੋਲੀ ਚਲਾਉਣ ਤੱਕ ਆ ਗਈ। ਜਿਸ ਦੌਰਾਨ ਦੋਵਾਂ ਧਿਰਾਂ ਦਰਮਿਆਨ 12 ਤੋਂ 14 ਗੋਲੀਆਂ ਚੱਲੀਆਂ। ਬਲਬੀਰ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਗੋਲੀਆਂ ਲੱਗਣ ਨਾਲ ਉਸਦਾ ਬੇਟਾ ਜਗਦੀਪ ਸਿੰਘ ਅਤੇ ਇਕ ਬਜ਼ੁਰਗ ਨਿਹੰਗ ਸਿੰਘ, ਰਘਬੀਰ ਸਿੰਘ ਉਰਫ਼ ਨਿਹਾਲ ਸਿੰਘ ਵਾਸੀ ਹਸਨਪੁਰ ਕਲਾਂ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਜਿਸ ਵਿਚ ਰਘਬੀਰ ਸਿੰਘ ਉਰਫ਼ ਨਿਹਾਲ ਸਿੰਘ ਦੀ ਹਾਲਤ ਕਾਫ਼ੀ ਗੰਭੀਰ ਬਣੀ ਹੋਈ ਹੈ।

ਉਧਰ ਦੂਜੀ ਧਿਰ ਦੇ ਸਤਨਾਮ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪੰਜਗਰਾਈਆਂ ਨੇ ਦੱਸਿਆ ਕਿ ਮੇਰੀ 30 ਸਾਲ ਪਹਿਲਾਂ ਤੋਂ ਤਿੰਨ ਕਿੱਲੇ ਜ਼ਮੀਨ ਦੀ ਮਾਲਕੀ ਪਿੰਡ ਦੌਲਤਪੁਰ ਵਿਚ ਹੈ ਅਤੇ ਉਥੇ ਬਿਜਲੀ ਦੀ ਮੋਟਰ ਵੀ ਲੱਗੀ ਹੋਈ ਹੈ ਪਰ ਮੇਰੇ ਭਾਣਜਿਆਂ ਨੇ ਜ਼ਬਰਦਸਤੀ ਮੇਰੀ ਮੋਟਰ ਨੂੰ ਤਾਲਾ ਲਾ ਦਿੱਤਾ ਅਤੇ ਅੱਜ ਮੈਂ ਖੇਤਾਂ ਵਿਚ ਕੰਮ ਕਰ ਰਿਹਾ ਸੀ ਤਾਂ ਇਹ ਨਿਹੰਗ ਸਿੰਘ ਨੂੰ ਨਾਲ ਲੈ ਕੇ ਆਏ ਤੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੇਰੀ ਕੁੱਟ-ਮਾਰ ਕਰਦਿਆਂ ਤਲਵਾਰਾਂ ਨਾਲ ਹਮਲਾ ਕਰ ਕੇ ਮੈਨੂੰ ਗੰਭੀਰ ਜ਼ਖਮੀ ਕਰ ਦਿੱਤਾ। ਜਿਸ ਉਪਰੰਤ ਮੈਨੂੰ ਮੇਰੇ ਪਰਿਵਾਰ ਵਾਲਿਆਂ ਨੇ ਸਿਵਲ ਹਸਪਤਾਲ ਬਟਾਲਾ ਵਿਖੇ ਦਾਖ਼ਲ ਕਰਵਾਇਆ।

ਕੀ ਕਹਿੰਦੇ ਨੇ ਚੌਕੀ ਇੰਚਾਰਜ?
ਇਸ ਸਬੰਧੀ ਚੌਕੀ ਇੰਚਾਰਜ ਵਡਾਲਾ ਗ੍ਰੰਥੀਆਂ ਅਸ਼ੋਕ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਜਿਥੇ ਇਹ ਝਗੜਾ ਹੋਇਆ ਹੈ, ਉਥੋਂ ਅਸੀਂ ਇਕ ਟਰੈਕਟਰ ਬਰਾਮਦ ਕੀਤਾ ਹੈ ਅਤੇ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Baljeet Kaur

Content Editor

Related News