ਕੇਂਦਰ ਸਰਕਾਰ ਖੁੱਲ੍ਹੇ ਲਾਂਘੇ ਦੇ ਨੇਕ ਕਾਰਜਾਂ ''ਚ ਪਾ ਰਹੀ ਹੈ ਅੜਿੱਕਾ : ਬਾਜਵਾ

Monday, Jul 01, 2019 - 10:32 AM (IST)

ਕੇਂਦਰ ਸਰਕਾਰ ਖੁੱਲ੍ਹੇ ਲਾਂਘੇ ਦੇ ਨੇਕ ਕਾਰਜਾਂ ''ਚ ਪਾ ਰਹੀ ਹੈ ਅੜਿੱਕਾ : ਬਾਜਵਾ

ਬਟਾਲਾ (ਮਠਾਰੂ) : ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਲਾਂਘੇ ਨੂੰ ਲੈ ਕੇ ਪਿਛਲੇ 2 ਦਹਾਕਿਆਂ ਤੋਂ ਯਤਨਸ਼ੀਲ ਗੁਰਦੁਆਰਾ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਨੇ ਭਾਰਤ ਦੀ ਕੇਂਦਰੀ ਸਰਕਾਰ ਉਪਰ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਲਈ ਭਾਰਤ ਸਰਕਾਰ ਵਲੋਂ ਜਾਣ-ਬੁੱਝ ਕੇ ਪਾਕਿਸਤਾਨ ਸਰਕਾਰ ਦੇ ਸਾਹਮਣੇ ਬੇਲੋੜੀਆਂ ਸ਼ਰਤਾਂ ਰਖਦਿਆਂ ਹੋਇਆਂ ਖੁੱਲ੍ਹੇ ਲਾਂਘੇ ਦੇ ਕਾਰਜਾਂ ਵਿਚ ਅੜਿੱਕਾ ਪਾਇਆ ਜਾ ਰਿਹਾ ਹੈ। ਜਿਸ ਕਰ ਕੇ ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਅੰਦਰ ਬੇਚੈਨੀ ਫੈਲੀ ਹੋਈ ਹੈ।

ਜਨਰਲ ਸਕੱਤਰ ਬਾਜਵਾ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ 5000 ਸ਼ਰਧਾਲੂਆਂ ਦੇ ਜਾਣ ਦੀ ਪਾਕਿਸਤਾਨ ਸਰਕਾਰ ਦੇ ਕੋਲ ਸ਼ਰਤ ਰਖਦਿਆਂ ਅੜਿੱਕਾ ਪਾਇਆ ਗਿਆ ਹੈ, ਜਦਕਿ ਖੁੱਲ੍ਹੇ ਲਾਂਘੇ ਦੇ ਸ਼ੁਰੂਆਤੀ ਦੌਰ 'ਚ 700 ਸ਼ਰਧਾਲੂਆਂ ਦੀ ਜਾਣ ਦੀ ਪ੍ਰਵਾਨਗੀ ਸੀ। ਉਨ੍ਹਾਂ ਕਿਹਾ ਕਿ ਖੁੱਲ੍ਹੇ ਲਾਂਘੇ ਦੇ ਨੇਕ ਕਾਰਜਾਂ ਦੇ ਪ੍ਰਾਜੈਕਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਭਾਰਤ ਸਰਕਾਰ ਨੂੰ ਪਾਕਿਸਤਾਨ ਸਰਕਾਰ ਦੇ ਨਾਲ ਸ਼ਰਤਾਂ ਤੈਅ ਕਰਨੀਆਂ ਚਾਹੀਦੀਆਂ ਸਨ, ਜਦਕਿ ਹੁਣ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ 'ਤੇ ਦੋਵਾਂ ਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਲਾਂਘੇ ਦੇ ਕੰਮਾਂ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਇਹ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ।

ਬਾਜਵਾ ਨੇ ਕਿਹਾ ਕਿ ਭਾਰਤ ਵਲੋਂ ਪਾਕਿਸਤਾਨ ਦੇ ਉਪਰ ਬੇਲੋੜੀਆਂ ਸ਼ਰਤਾਂ ਰੱਖਣੀਆਂ ਕਿਸੇ ਵੀ ਸੂਰਤ 'ਚ ਵਾਜਬ ਨਹੀਂ ਹਨ ਕਿਉਂਕਿ ਇਥੋਂ ਜਾਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਸਮੇਤ ਖਾਣ-ਪੀਣ ਦਾ ਪ੍ਰਬੰਧ ਪਾਕਿਸਤਾਨ ਸਰਕਾਰ ਵੱਲੋਂ ਕੀਤਾ ਜਾਣਾ ਹੈ, ਇਸ ਲਈ ਭਾਰਤ ਸਰਕਾਰ ਖੁੱਲ੍ਹੇ ਲਾਂਘੇ ਦੇ ਕਾਰਜਾਂ ਵਿਚ ਬਿਨਾਂ ਵਜ੍ਹਾ ਅੜਿੱਕਾ ਪਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਭਾਰਤ ਵਲੋਂ 45 ਫੀਸਦੀ ਅਤੇ ਪਾਕਿਸਤਾਨ ਵਲੋਂ 85 ਫੀਸਦੀ ਲਾਂਘੇ ਦਾ ਕੰਮ ਮੁਕੰਮਲ ਕੀਤਾ ਗਿਆ ਹੈ, ਜਦਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤਾਂ ਦੇ ਅੰਦਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਲਈ ਕੇਂਦਰ ਸਰਕਾਰ ਨੂੰ ਸੰਗਤਾਂ ਦੀਆਂ ਭਾਵਨਾਵਾਂ ਸਮਝਦਿਆਂ ਹੋਇਆਂ ਖੁੱਲ੍ਹੇ ਲਾਂਘੇ ਦੇ ਕਾਰਜਾਂ ਵਿਚ ਅੜਿੱਕੇ ਨਹੀਂ ਪਾਉਣੇ ਚਾਹੀਦੇ ਹਨ।


author

Baljeet Kaur

Content Editor

Related News