ਬਟਾਲਾ ਦੀ ਆਵਾਜਾਈ ਸਮੱਸਿਆ ਸਬੰਧੀ ਸੂਬਾ ਸਰਕਾਰ ਨੇ ਲਿਆ ਅਹਿਮ ਫੈਸਲਾ
Friday, Jan 10, 2020 - 10:58 AM (IST)
ਬਟਾਲਾ (ਬੇਰੀ) : ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਨਗਰੀ ਬਟਾਲਾ ਸ਼ਹਿਰ ਦਾ ਵਿਕਾਸ ਪੰਜਾਬ ਸਰਕਾਰ ਵਲੋਂ ਨਿਰੰਤਰ ਜਾਰੀ ਹੈ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਰਾਜ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਬਟਾਲਾ ਸ਼ਹਿਰ ਵਿਖੇ ਵੱਖ-ਵੱਖ ਵਿਕਾਸ ਕਾਰਜ ਕੀਤੇ ਜਾ ਰਹੇ ਹਨ, ਜਿਨ੍ਹਾਂ ਦੀ ਨਿਗਰਾਨੀ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਕੀਤੀ ਜਾ ਰਹੀ ਹੈ। ਵਿਕਾਸ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਬਾਜਵਾ ਵਲੋਂ ਸ਼ਹਿਰ ਦੀ ਆਵਾਜਾਈ ਦੀ ਸਮੱਸਿਆ ਨਾਲ ਨਜਿੱਠਣ ਲਈ ਵਿਸ਼ੇਸ਼ ਖਾਕਾ ਤਿਆਰ ਕੀਤਾ ਜਾ ਰਿਹਾ ਹੈ, ਜਿਸ ਤਹਿਤ ਸ਼ਹਿਰ ਵਿਚੋਂ ਲੰਘਦੇ ਅੰਮ੍ਰਿਤਸਰ-ਪਠਾਨਕੋਟ ਜੀ. ਟੀ. ਰੋਡ ਅਤੇ ਜਲੰਧਰ ਰੋਡ ਦੇ ਕਿਨਾਰਿਆਂ ਤੋਂ ਬਿਜਲੀ ਦੀਆਂ ਲਾਈਨਾਂ ਅਤੇ ਟਰਾਂਸਫਾਰਮਰ ਪਿੱਛੇ ਹਟਾਏ ਜਾਣਗੇ ਤਾਂ ਜੋ ਸੜਕਾਂ ਹੋਰ ਖੁੱਲ੍ਹੀਆਂ ਹੋ ਸਕਣ।
ਉਨ੍ਹਾਂ ਦੱਸਿਆ ਕਿ ਪਾਵਰਕਾਮ ਦੇ ਅਧਿਕਾਰੀਆਂ ਵੱਲੋਂ ਇਸ ਸਬੰਧੀ ਪੂਰੀ ਵਿਸਥਾਰਤ ਪ੍ਰਾਜੈਕਟ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਅਤੇ ਇਸ ਪ੍ਰਾਜੈਕਟ 'ਤੇ 5 ਕਰੋੜ ਰੁਪਏ ਖਰਚਾ ਆਉਣ ਦਾ ਅਨੁਮਾਨ ਹੈ। ਬਿਜਲੀ ਦੇ ਇਹ ਪੋਲ ਕਾਫੀ ਸਮਾਂ ਪਹਿਲਾਂ ਦੇ ਲੱਗੇ ਹੋਏ ਹਨ ਅਤੇ ਇਨ੍ਹਾਂ ਵਿਚੋਂ ਬਹੁਤੇ ਪੋਲ ਸੜਕਾਂ ਦੇ ਬਿਲਕੁਲ ਨਾਲ ਹਨ, ਜੋ ਕਿ ਟਰੈਫਿਕ ਜਾਮ ਦਾ ਕਾਰਣ ਬਣਦੇ ਹਨ।