ਪੁਰਤਗਾਲ ਹਾਦਸਾ : ਪਰਿਵਾਰਕ ਮੈਂਬਰਾਂ ਨੇ ਪੁੱਤ ਦੀ ਲਾਸ਼ ਭਾਰਤ ਲਿਆਉਣ ਦੀ ਕੀਤੀ ਮੰਗ

07/23/2019 5:14:14 PM

ਬਟਾਲਾ(ਜ.ਬ) : ਬੀਤੇ ਦਿਨੀਂ ਪੁਰਤਗਾਲ ਵਿਚ ਵਾਪਰੇ ਸੜਕ ਹਾਦਸੇ ਵਿਚ ਗੁਰਦਾਸਪੁਰ ਦੇ ਨੌਜਵਾਨ ਪ੍ਰਦੀਪ ਸਿੰਘ ਦੀ ਮੌਤ ਹੋ ਜਾਣ ਤੋਂ ਬਾਅਦ ਇਲਾਕੇ ਵਿਚ ਸੌਗ ਦੀ ਲਹਿਰ ਹੈ। ਮ੍ਰਿਤਕ ਪ੍ਰਦੀਪ ਸਿੰਘ ਦੀ ਦਾਦੀ ਅਤੇ ਮਾਤਾ ਰਜਿੰਦਰ ਕੌਰ ਨੇ ਕੇਂਦਰ ਸਰਕਾਰ ਤੋਂ ਉਨ੍ਹਾਂ ਦੇ ਪੁੱਤਰ ਦੀ ਲਾਸ਼ ਭਾਰਤ ਲਿਆਉਣ ਦੀ ਮੰਗ ਕੀਤੀ ਹੈ।

ਦੱਸ ਦੇਈਏ ਕਿ ਇਸ ਹਾਦਸੇ ਵਿਚ ਪ੍ਰਦੀਪ ਸਿੰਘ ਸਮੇਤ ਪੰਜਾਬ ਦੇ 3 ਹੋਰ ਨੌਜਵਾਨਾਂ ਦੀ ਮੌਤ ਹੋ ਗਈ ਸੀ, ਜਿਸ ਵਿਚ 2 ਹੁਸ਼ਿਆਰਪੁਰ, 1 ਗੁਰਦਾਸਪੁਰ ਅਤੇ 1 ਨੌਜਵਾਨ ਹਰਿਆਣਾ ਦਾ ਰਹਿਣ ਵਾਲਾ ਸੀ। ਇਸ ਸਬੰਧੀ ਮ੍ਰਿਤਕ ਪ੍ਰਦੀਪ ਸਿੰਘ ਦੇ ਪਿਤਾ ਗੁਰਮੀਤ ਸਿੰਘ ਛਾਪਿਆਂਵਾਲੀ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪੁਰਤਗਾਲ 'ਚ ਕਰੀਬ 3 ਮਹੀਨੇ ਪਹਿਲਾਂ ਹੀ ਗਿਆ ਸੀ। ਏਜੰਟ ਨੂੰ ਕਰੀਬ 17 ਲੱਖ ਰੁਪਏ ਦਿੱਤੇ ਸਨ ਪਰ ਅਜੇ ਇਨ੍ਹਾਂ ਨੂੰ ਉਥੇ ਕੋਈ ਕੰਮ ਨਹੀਂ ਸੀ ਮਿਲ ਰਿਹਾ। ਉਨ੍ਹਾਂ ਦੱਸਿਆ ਕਿ ਜਿਸ ਦਿਨ ਇਹ ਹਾਦਸਾ ਵਾਪਰਿਆ ਉਸੇ ਦਿਨ ਹੀ ਉਨ੍ਹਾਂ ਦੀ ਪ੍ਰਦੀਪ ਨਾਲ ਫ਼ੋਨ 'ਤੇ ਆਖਰੀ ਵਾਰ ਗੱਲ ਹੋਈ ਸੀ। ਉਸ ਤੋਂ ਕੁੱਝ ਸਮੇਂ ਬਾਅਦ ਹੀ ਉਨ੍ਹਾਂ ਨੂੰ ਇਕ ਫ਼ੋਨ ਆਇਆ ਕਿ ਪ੍ਰਦੀਪ ਸਮੇਤ ਚਾਰੇ ਜਾਣੇ ਇਕ ਗਡੀ ਵਿਚ ਸਨ, ਜੋ ਕਿ ਹਾਦਸਾਗ੍ਰਸਤ ਹੋ ਗਈ ਹੈ ਅਤੇ ਇਸ ਹਾਦਸੇ ਵਿਚ ਪ੍ਰਦੀਪ ਸਮੇਤ ਚਾਰੇ ਹੀ ਨੌਜਵਾਨਾਂ ਦੀ ਮੌਤ ਹੋ ਗਈ ਹੈ। ਇਹ ਸੁਣਦਿਆਂ ਹੀ ਪਿੰਡ ਵਿਚ ਇਕਦਮ ਸੋਗ ਦੀ ਲਹਿਰ ਫ਼ੈਲ ਗਈ ਹੈ।

ਇਸ ਸੰਬੰਧੀ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਅਕਾਲੀ ਆਗੂ ਰਾਜਨਬੀਰ ਸਿੰਘ ਘੁਮਾਣ ਸਾਥੀਆਂ ਸਮੇਤ ਕੇਂਦਰੀ ਰਾਜ ਮੰਤਰੀ ਸ੍ਰੀ ਓਮ ਪ੍ਰਕਾਸ਼ ਨੂੰ ਮਿਲੇ ਤੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਸੀ, ਜਿਸ 'ਤੇ ਓਮ ਪ੍ਰਕਾਸ਼ ਨੇ ਵਿਸ਼ਵਾਸ ਦਿਵਾਇਆ ਸੀ ਕਿ ਜੋ ਵੀ ਪਰਿਵਾਰ ਦੀ ਮਦਦ ਹੋ ਸਕੇਗੀ ਕੀਤੀ ਜਾਵੇਗੀ ਅਤੇ ਇਸ ਸੰਬੰਧੀ ਵਿਦੇਸ਼ ਮੰਤਰੀ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ।


cherry

Content Editor

Related News