ਕਾਰ ਦੀ ਟੱਕਰ ਵੱਜਣ ਨਾਲ ਮੋਟਰਸਾਈਕਲ ਚਾਲਕ ਦੀ ਮੌਤ

12/25/2019 3:30:40 PM

ਬਟਾਲਾ/ਕਾਲਾ ਅਫਗਾਨਾ (ਬੇਰੀ, ਬਲਵਿੰਦਰ) - ਕਾਰ ਦੀ ਟੱਕਰ ਵੱਜਣ ਨਾਲ ਮੋਟਰਸਾਈਕਲ ਚਾਲਕ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਪ੍ਰਦੀਪ ਕੁਮਾਰ ਪੁੱਤਰ ਭਗਤ ਰਾਮ ਵਾਸੀ ਮਲਕਵਾਲ ਨੇ ਲਿਖਵਾਇਆ ਹੈ ਕਿ ਬੀਤੀ ਦਿਨ ਮੈਂ ਅਤੇ ਪਰਸ਼ੋਤਮ ਲਾਲ ਪੁੱਤਰ ਗੁਰਦੀਪ ਰਾਏ ਵਾਸੀ ਮਲਕਵਾਲ ਆਪਣੇ ਮੋਟਰਸਾਈਕਲ ਸਪਲੈਂਡਰ ਨੰ. ਪੀਬੀ18ਟੀ-1582 ’ਤੇ ਸਵਾਰ ਹੋ ਕੇ ਨਿੱਜੀ ਕੰਮ ਲਈ ਪਿੰਡ ਵੀਲ੍ਹਾ ਵਿਖੇ ਗਏ ਸੀ। ਜਦੋਂ ਅਸੀਂ ਵਾਪਸ ਆ ਰਹੇ ਸੀ ਤਾਂ ਮੇਰਾ ਭਤੀਜਾ ਵਿਜੇ ਕੁਮਾਰ ਜੋ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ, ਆਪਣੇ ਪਲੈਟਿਨਾ ਮੋਟਰਸਾਈਕਲ ਨੰ. ਪੀਬੀ-18ਕਿਯੂ-5113 ਸਾਨੂੰ ਮਿਲਿਆ ਅਤੇ ਕਹਿਣ ਲੱਗਾ ਕਿ ਆਓ ਪਿੰਡ ਚੱਲੀਏ। ਇਸ ਤੋਂ ਬਾਅਦ ਵਿਜੇ ਕੁਮਾਰ ਆਪਣੇ ਮੋਟਰਸਾਈਕਲ ’ਤੇ ਅੱਗੇ-ਅੱਗੇ ਅਤੇ ਅਸੀਂ ਆਪਣੇ ਮੋਟਰਸਾਈਕਲ ’ਤੇ ਉਸਦੇ ਪਿੱਛੇ-ਪਿੱਛੇ ਜਾ ਰਹੇ ਸੀ।

ਪ੍ਰਦੀਪ ਕੁਮਾਰ ਨੇ ਬਿਆਨਾਂ ਵਿਚ ਅੱਗੇ ਲਿਖਵਾਇਆ ਕਿ ਜਦੋਂ ਵਿਜੇ ਕੁਮਾਰ ਸਰਕਾਰੀ ਹਾਈ ਸਕੂਲ ਪਿੰਡ ਤੇਜਾ ਕਲਾਂ ਦੇ ਨਜ਼ਦੀਕ ਪਹੁੰਚਿਆ ਤਾਂ ਚਿੱਟੇ ਰੰਗ ਦੀ ਸਵਿਫਟ ਕਾਰ ਨੇ ਉਸਦੇ ਭਰਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਕਾਰਣ ਵਿਜੇ ਕੁਮਾਰ ਸੜਕ ’ਤੇ ਡਿੱਗ ਪਿਆ ਅਤੇ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਵਿਜੇ ਕੁਮਾਰ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਇਲਾਜ ਲਈ ਸੀ. ਐੱਚ. ਸੀ. ਫਤਿਹਗੜ੍ਹ ਚੂੜੀਆਂ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਹੋਰ ਜਾਣਕਾਰੀ ਦੇ ਅਨੁਸਾਰ ਉਕਤ ਮਾਮਲੇ ਸੰਬੰਧੀ ਪੁਲਸ ਚੌਕੀ ਕਾਲਾ ਅਫਗਾਨਾ ਦੇ ਇੰਚਾਰਜ ਏ. ਐੱਸ. ਆਈ. ਗੁਰਪ੍ਰੀਤ ਸਿੰਘ ਨੇ ਕਾਰਵਾਈ ਕਰਦੇ ਹੋਏ ਥਾਣਾ ਫਤਿਹਗੜ੍ਹ ਚੂੜੀਆਂ ਵਿਚ ਬਣਦੀਆਂ ਧਾਰਾਵਾਂ ਤਹਿਤ ਅਣਪਛਾਤੇ ਕਾਰ ਚਾਲਕ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ ਅਤੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤੀ ਹੈ।


Baljeet Kaur

Content Editor

Related News