ਬੱਸੀ ਪਠਾਣਾਂ ਦਾ ਮੁਨੀਸ਼ ਪੇਂਟਿਗਾਂ ''ਚ ਫੂਕ ਰਿਹੈ ਜਾਨ, ਕਰ ਚੁੱਕਾ ਹੈ ਕਈ ਐਵਾਰਡ ਹਾਸਲ

12/28/2019 2:37:23 PM

ਬੱਸੀ ਪਠਾਣਾਂ (ਰਾਜਕਮਲ) : ਪ੍ਰਮਾਤਮਾ ਵਲੋਂ ਹਰ ਇਨਸਾਨ ਅੰਦਰ ਕੋਈ ਨਾ ਕੋਈ ਹੁਨਰ ਤੇ ਕਲਾ ਬਖਸ਼ੀ ਹੁੰਦੀ ਹੈ, ਜਿਸ ਨੂੰ ਨਿਖਾਰ ਕੇ ਨਾਮਣਾ ਖੱਟਣ ਦੀ ਸਮਰਥਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਪਰ ਬੱਸੀ ਪਠਾਣਾਂ 'ਚ ਰਹਿੰਦੇ ਮਨੀਸ਼ ਕੁਮਾਰ ਨੇ ਆਪਣੀ ਪੈਂਸਿਲ ਰਾਹੀਂ ਚਿੱਤਰਕਾਰੀ ਕਰਨ ਦੀ ਅਜਿਹੀ ਕਲਾ ਆਪਣੇ ਅੰਦਰ ਸਮੋਈ ਹੋਈ ਹੈ ਕਿ ਉਹ ਆਪਣੇ ਵਲੋਂ ਬਣਾਈ ਪੇਂਟਿੰਗ ਵਿਚ ਰੂਹ ਫੂਕਣ ਦੀ ਸਮਰਥਾ ਰੱਖਦੇ ਹਨ। ਉਨ੍ਹਾਂ ਦੇ ਇਸ ਹੁਨਰ ਦੀ ਪ੍ਰਸਿੱਧੀ ਇੰਨੀ ਫੈਲ ਗਈ ਕਿ ਉਹ ਕਈ ਇੰਟਰਨੈਸ਼ਨਲ ਖਿਤਾਬਾਂ ਨਾਲ ਨਵਾਜੇ ਜਾ ਚੁੱਕੇ ਹਨ ਜੋ ਕਿ ਬੱਸੀ ਪਠਾਣਾਂ ਸ਼ਹਿਰ ਲਈ ਮਾਣ ਵਾਲੀ ਗੱਲ ਹੈ।

PunjabKesari

ਜੀਸਸ ਕ੍ਰਾਇਸਟ ਦੀ ਬਣਾਈ ਸੀ ਪਹਿਲੀ ਪੇਂਟਿੰਗ
ਮਨੀਸ਼ ਨੇ ਦੱਸਿਆ ਕਿ ਉਨ੍ਹਾਂ ਅੰਦਰ ਪੇਂਟਿੰਗ ਕਰਨ ਦਾ ਸ਼ੌਂਕ ਬਚਪਨ ਤੋਂ ਹੀ ਪੈਦਾ ਹੋ ਗਿਆ ਸੀ ਤੇ ਉਨ੍ਹਾਂ ਵਲੋਂ ਅੱਠਵੀਂ ਕਲਾਸ ਵਿਚ ਪੜ੍ਹਦੇ ਸਮੇਂ ਜੀਸਸ ਕ੍ਰਾਇਸਟ (ਯੀਸੂ ਮਸੀਹ) ਦੀ ਪੇਂਟਿੰਗ ਬਨਾਉਣ ਦਾ ਸੁਪਨਾ ਆਇਆ ਸੀ, ਜਿਸ ਨੂੰ ਹਕੀਕਤ ਰੂਪ ਦਿੰਦੇ ਹੋਏ ਉਨ੍ਹਾਂ ਵਲੋਂ ਯੀਸੂ ਮਸੀਹ ਦੀ ਹੀ ਪਹਿਲੀ ਪੇਂਟਿੰਗ ਬਣਾਈ ਗਈ ਸੀ। ਜਿਸ ਨੂੰ ਦੇਖ ਕੇ ਅਧਿਆਪਕਾਂ ਤੇ ਉਨ੍ਹਾਂ ਦੇ ਪਿਤਾ ਅਸ਼ੋਕ ਕੁਮਾਰ ਅਤੇ ਦਾਦਾ ਤਾਰਾ ਚੰਦ ਵਲੋਂ ਉਨ੍ਹਾਂ ਦਾ ਉਤਸ਼ਾਹ ਵਧਾਇਆ ਗਿਆ ਤੇ ਇਸ ਖੇਤਰ ਵਿਚ ਸਿਖਲਾਈ ਲੈਣ ਲਈ ਪ੍ਰੇਰਿਤ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਪਿਛਲੇ ਕਰੀਬ 23 ਸਾਲਾਂ ਤੋਂ ਕੁਦਰਤ ਦੇ ਨਾਲ-ਨਾਲ ਕਈ ਮਹਾਨ ਸ਼ਖਸੀਅਤਾਂ ਦੀਆਂ ਕਰੀਬ 250 ਤਸਵੀਰਾਂ ਬਣਾਈਆਂ ਗਈਆਂ।

PunjabKesari

ਇਨ੍ਹਾਂ ਸ਼ਖਸੀਅਤਾਂ ਦੀਆਂ ਬਣਾਈਆਂ ਹਨ ਪੇਂਟਿੰਗਾਂ
ਮਨੀਸ਼ ਕੁਮਾਰ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਤੇ ਹੇਜ਼ਲ ਕੀਥ, ਮਹਾਰਾਣੀ ਐਲਿਜ਼ਾਬੈਥ, ਪੰਡਿਤ ਜਵਾਹਰ ਲਾਲ ਨਹਿਰੂ, ਡੇਵਿਡ ਕੈਵਲੂਨ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੇਂਟਿੰਗ ਹੂ ਬ ਹੂ ਬਣਾ ਕੇ ਸਾਰਿਆਂ ਨੂੰ ਹੈਰਾਨ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਉਹ ਯੁਵਰਾਜ ਸਿੰਘ ਦੇ ਵਿਆਹ ਵਿਚ ਵੀ ਸ਼ਾਮਲ ਹੋਏ ਤੇ ਉਨ੍ਹਾਂ ਦੀ ਪੇਂਟਿੰਗ ਸੌਂਪ ਕੇ ਇਸ ਖੁਸ਼ੀ ਦੇ ਮੌਕੇ ਤੇ ਆਪਣੇ ਵਲੋਂ ਉਪਹਾਰ ਭੇਂਟ ਕੀਤਾ।

6 ਇੰਟਰਨੈਸ਼ਨਲ ਐਵਾਰਡ ਕਰ ਚੁੱਕੇ ਹਨ ਹਾਸਲ
ਆਪਣੀ ਇਸ ਹੁਨਰ ਨਾਲ ਮਨੀਸ਼ ਹੁਣ ਤੱਕ 6 ਇੰਟਰਨੈਸ਼ਨਲ ਐਵਾਰਡਾਂ ਨਾਲ ਸਨਮਾਨਿਤ ਹੋ ਚੁੱਕੇ ਹਨ ਤੇ ਇਹ ਸਨਮਾਨ ਉਨ੍ਹਾਂ ਨੂੰ ਲੰਦਨ, ਅਮਰੀਕਾ, ਅਸਟ੍ਰੇਲੀਆ, ਬੈਂਗਕੋਕ, ਭੂਟਾਨ ਆਦਿ ਦੇਸ਼ਾਂ ਵਿਚ ਮਿਲਿਆ ਹੈ। ਇਸ ਤੋਂ ਇਲਾਵਾ ਉਹ ਲੰਦਨ ਦੀ ਸਭ ਤੋਂ ਵੱਡੀ ਸੰਸਥਾ ਸਟੈਚਿਊ ਆਰਟ ਤੇ ਆਨਲਾਈਨ ਸੰਸਥਾ ਗੈਲਰਿਸਟ ਦੇ ਮੈਂਬਰ ਵੀ ਹਨ। ਉਨ੍ਹਾਂ ਦੱਸਿਆ ਕਿ ਉਹ ਪੈਂਸਲਿੰਗ, ਗ੍ਰਾਫ ਤੇ ਪ੍ਰੋਟਰੈਟ ਪੇਂਟਿੰਗ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੀ ਚਿਤਰਕਾਰੀ ਵੀ ਕਰਦੇ ਹਨ। ਮਨੀਸ਼ ਕੁਮਾਰ ਨੇ ਕਿਹਾ ਕਿ ਹਰ ਇਨਸਾਨ ਨੂੰ ਆਪਣੇ ਅੰਦਰ ਛੁਪੇ ਹੁਨਰ ਦੀ ਪਹਿਚਾਣ ਕਰਕੇ ਉਸ ਨੂੰ ਨਿਖਾਰਨ ਦੀ ਲੋੜ ਹੈ ਅਤੇ ਸਫ਼ਲਤਾ ਉਨ੍ਹਾਂ ਨੂੰ ਕਦੇ ਵੀ ਨਿਰਾਸ਼ ਨਹੀਂ ਹੋਣ ਦੇਵੇਗੀ।


Shyna

Content Editor

Related News