ਬਾਸਮਤੀ ਦੇ ਗੱਟੇ ਚੋਰੀ ਕਰਨ ਵਾਲਾ 26 ਮੈਂਬਰੀ ਔਰਤਾਂ ਦਾ ਗਿਰੋਹ ਕਾਬੂ

04/30/2019 10:56:48 AM

ਮਲੋਟ (ਜੁਨੇਜਾ) - ਮਲੋਟ ਵਿਖੇ ਇਕ ਰਾਈਸ ਮਿੱਲ 'ਚੋਂ ਬਾਸਮਤੀ ਦੇ ਗੱਟੇ ਚੋਰੀ ਕਰਨ ਵਾਲੀਆਂ ਔਰਤਾਂ ਦੇ 26 ਮੈਂਬਰੀ ਗਿਰੋਹ ਨੂੰ ਕਾਬੂ ਕਰਨ 'ਚ ਪੁਲਸ ਨੇ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਇਕ ਔਰਤਾਂ ਦੇ ਗਿਰੋਹ ਵਲੋਂ ਸ਼ੂਗਰ ਮਿੱਲ, ਮਲੋਟ ਦੇ ਪਿਛਲੇ ਪਾਸੇ ਬਣੀ ਸੂਰਿਆ ਰਾਈਸ ਮਿੱਲ ਦੇ ਗੋਦਾਮ ਦਾ ਸ਼ਟਰ ਤੋੜ ਕੇ ਉਸ 'ਚੋਂ ਬਾਸਮਤੀ ਦੇ ਗੱਟੇ ਚੋਰੀ ਕੀਤੇ ਜਾ ਰਹੇ ਸਨ। ਇਹ ਚੋਰੀ ਦਾ ਮਾਲ ਉਨ੍ਹਾਂ ਦੇ ਸਾਥੀ ਦੋ ਛੋਟੇ ਹਾਥੀਆਂ ਉੱਪਰ ਉੱਥੋਂ ਲਿਜਾ ਚੁੱਕੇ ਸਨ ਅਤੇ ਅਗਲੇ ਗੇੜੇ ਲਈ ਤਿਆਰ ਹੀ ਸਨ ਕਿ ਸ਼ੈਲਰ ਮਾਲਕਾਂ ਨੂੰ ਇਸ ਬਾਰੇ ਪਤਾ ਲੱਗ ਗਿਆ। ਸ਼ੈਲਰ ਮਾਲਕ ਅਸ਼ੀਸ਼ ਕਥੂਰੀਆ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗੋਦਾਮ 'ਚ ਹੋ ਰਹੀ ਚੋਰੀ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਤੁਰੰਤ ਉੱਥੇ ਪਹੁੰਚੇ ਕੇ ਦੇਖਿਆ ਤਾਂ ਉਕਤ ਔਰਤਾਂ ਨੇ ਬਾਸਮਤੀ ਦੇ ਕਰੀਬ 10 ਗੱਟੇ ਹੋਰ ਬਾਹਰ ਕੱਢ ਕੇ ਰੱਖੇ ਹੋਏ ਸਨ ਅਤੇ ਛੋਟੇ ਹਾਥੀ ਦੀ ਉਡੀਕ ਕਰ ਰਹੀਆਂ ਸਨ। 

ਸ਼ੈਲਰ ਮਾਲਕ ਨੇ ਇਸ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਤੇ ਸਦਰ ਮਲੋਟ ਦੇ ਏ. ਐੱਸ. ਆਈ. ਅੰਗਰੇਜ ਸਿੰਘ ਵਲੋਂ ਮੌਕੇ 'ਤੇ ਪੁੱਜ ਕੇ ਮਹਿਲਾ ਪੁਲਸ ਮੁਲਾਜ਼ਮਾਂ ਨਾਲ ਔਰਤਾਂ ਨੂੰ ਥਾਣੇ ਲਿਆਂਦਾ ਗਿਆ, ਜਦਕਿ ਉਨ੍ਹਾਂ ਦੇ ਸਾਥੀ ਛੋਟੇ ਹਾਥੀ ਵਾਲੇ ਫਰਾਰ ਹੋ ਗਏ। ਜ਼ਿਕਰਯੋਗ ਹੈ ਕਿ ਇਹ ਗਿਰੋਹ ਪਿਛਲੇ ਕਾਫੀ ਸਮੇਂ ਤੋਂ ਸਰਗਰਮ ਹੈ ਅਤੇ ਇਹ ਸਾਰੀਆਂ ਔਰਤਾਂ ਬਠਿੰਡਾ ਨਾਲ ਸਬੰਧਤ ਹਨ। ਕੁਝ ਦਿਨਾਂ ਪਹਿਲਾਂ ਇਨ੍ਹਾਂ ਵੱਲੋਂ ਇਕ ਮੈਡੀਕਲ ਸਟੋਰ ਦੇ ਜਿੰਦਰੇ ਭੰਨ ਕੇ ਉੱਥੋਂ ਵੱਡੀ ਪੱਧਰ 'ਤੇ ਦਵਾਈਆਂ ਆਦਿ ਚੋਰੀ ਕੀਤਾ ਗਿਆ ਸੀ ਪਰ ਜਦੋਂ ਬਾਅਦ 'ਚ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਸਾਮਾਨ ਉਨ੍ਹਾਂ ਦੇ ਕੰਮ ਦਾ ਨਹੀਂ ਤਾਂ ਉਨ੍ਹਾਂ ਨੇ ਦਵਾਈਆਂ ਦਾ ਬਕਸਾ ਇਕ ਖਾਲੀ ਪਲਾਟ 'ਚ ਸੁੱਟ ਦਿੱਤਾ। ਹੁਣ ਤਾਜ਼ਾ ਬਾਸਮਤੀ ਚੋਰੀ ਦੇ ਮਾਮਲੇ ਵਿਚ ਰੰਗੇ ਹੱਥੀਂ ਫੜੇ ਜਾਣ ਤੋਂ ਬਾਅਦ ਜੇਕਰ ਪੁਲਸ ਦੀ ਕਾਰਵਾਈ ਅੱਗੇ ਤੁਰਦੀ ਹੈ ਤਾਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।


rajwinder kaur

Content Editor

Related News