ਬਰਨਾਲਾ ''ਚ ਸਵਾਈਨ ਫਲੂ ਦੀ ਦਸਤਕ, ਸਾਬਕਾ ਫੌਜੀ ਦੀ ਮੌਤ
Wednesday, Feb 12, 2020 - 11:58 AM (IST)
ਬਰਨਾਲਾ : ਪੰਜਾਬ 'ਚ ਸਵਾਈਨ ਫਲੂ ਦੇ ਕਈ ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ 'ਚ ਕਈ ਮਰੀਜ਼ਾਂ ਦੀ ਸਵਾਈਨ ਫਲੂ ਕਾਰਨ ਮੌਤ ਹੋ ਗਈ ਸੀ। ਤਾਜ਼ਾ ਮਾਮਲਾ ਬਰਨਾਲਾ ਦੇ ਪਿੰਡ ਪੱਖੋਕੇ 'ਚ ਸਾਹਮਣੇ ਆਇਆ ਹੈ, ਜਿਥੇ ਸਵਾਈਨ ਫਲੂ ਕਾਰਨ ਸਾਬਕਾ ਫੌਜੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਜਸਵਿੰਦਰ ਸਿੰਘ (49) ਕੁਝ ਦਿਨਾਂ ਤੋਂ ਬੀਮਾਰ ਚੱਲ ਰਿਹਾ ਸੀ ਤੇ ਬੁਖਾਰ-ਖੰਘ ਦੀ ਸ਼ਿਕਾਇਤ ਮਗਰੋਂ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿਥੇ ਉਸ ਦਾ ਇਲਾਜ਼ ਚੱਲ ਰਿਹਾ ਸੀ ਪਰ ਉਸ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਸੀ, ਜਿਥੇ ਅੱਜ ਉਸ ਦੀ ਮੌਤ ਹੋ ਗਈ।ਇਸ ਘਟਨਾ ਤੋਂ ਬਾਅਦ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਫੌਜੀ ਰਿਟਾਇਰ ਹੋਣ ਮਗਰੋਂ ਖੇਤੀਬਾੜੀ ਕਰਦਾ ਸੀ ਤੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ।