ਬਰਨਾਲਾ ''ਚ ਕੋਰੋਨਾਵਾਇਰਸ ਦਾ ਇਕ ਹੋਰ ਸ਼ੱਕੀ ਮਾਮਲਾ ਆਇਆ ਸਾਹਮਣੇ
Saturday, Feb 15, 2020 - 02:32 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਆਸਟ੍ਰੇਲੀਆ ਤੋਂ ਆਏ ਕੋਰੋਨਾਵਾਇਰਸ ਦੇ ਸ਼ੱਕੀ ਬੱਚੇ ਦਾ ਸੈਂਪਲ ਲੈ ਕੇ ਟੈਸਟ ਲਈ ਪੂਣੇ ਦੀ ਲੈਬਾਰਟਰੀ ਵਿਚ ਭੇਜਿਆ ਗਿਆ ਹੈ। ਜਾਣਕਾਰੀ ਮੁਤਾਬਕ ਕਸਬਾ ਧਨੌਲਾ ਦਾ ਇਕ ਪਰਿਵਾਰ ਆਸਟ੍ਰੇਲੀਆ ਵਿਚ ਪਿਛਲੇ ਦੋ ਸਾਲਾਂ ਤੋਂ ਰਹਿ ਰਿਹਾ ਹੈ। ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਲਈ ਇਹ ਪਰਿਵਾਰ ਕੁਝ ਦਿਨ ਪਹਿਲਾਂ ਭਾਰਤ ਆਇਆ ਸੀ। ਇਨ੍ਹਾਂ ਦੀ ਫਲਾਈਟ ਆਸਟ੍ਰੇਲੀਆ ਤੋਂ ਥਾਈਲੈਂਡ ਹੁੰਦੀ ਹੋਈ ਭਾਰਤ ਵਿਚ ਆਈ ਸੀ। ਭਾਰਤ ਵਿਚ ਆ ਕੇ ਛੋਟੇ ਬੱਚੇ ਨੂੰ ਖਾਂਸੀ ਜ਼ੁਕਾਮ ਹੋ ਗਿਆ। ਡਾਕਟਰਾਂ ਨੂੰ ਚੈਕਅੱਪ ਕਰਵਾਉਣ ਲਈ ਉਸ ਬੱਚੇ ਨੂੰ ਸੰਗਰੂਰ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਕੋਰੋਨਾਵਾਇਰਸ ਦਾ ਸ਼ੱਕੀ ਮਰੀਜ ਦੱਸਿਆ ਅਤੇ ਇਸ ਦੀ ਰਿਪੋਰਟ ਬਣਾ ਕੇ ਅਧਿਕਾਰੀਆਂ ਨੂੰ ਭੇਜ ਦਿੱਤੀ। ਉਕਤ ਪਰਿਵਾਰ ਬੱਚੇ ਨੂੰ ਲੈ ਕੇ ਧਨੌਲਾ ਆ ਗਿਆ ਤਾਂ ਸਿਹਤ ਵਿਭਾਗ ਬਰਨਾਲਾ ਦੀਆਂ ਟੀਮਾਂ ਉਕਤ ਬੱਚੇ ਦੇ ਘਰ ਧਨੌਲਾ ਚਲੀਆਂ ਗਈਆਂ। ਸਿਹਤ ਵਿਭਾਗ ਦੀ ਟੀਮ ਵਿਚ ਡਾ. ਸੰਤਵੰਤ ਸਿੰਘ ਔਜਲਾ ਅਤੇ ਡਾ. ਰਵਿੰਦਰ ਮਹਿਤਾ ਵੀ ਸ਼ਾਮਲ ਸਨ ਅਤੇ ਦੇਰ ਰਾਤ ਸਿਹਤ ਵਿਭਾਗ ਦੀ ਟੀਮ ਉਕਤ ਬੱਚੇ ਦੇ ਘਰ ਹੀ ਰਹੀ। ਸਵੇਰ ਵੇਲੇ ਬੱਚੇ ਨੂੰ ਸਿਵਲ ਹਸਪਤਾਲ ਬਰਨਾਲਾ ਵਿਚ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਦੀਆਂ ਟੀਮਾਂ ਨੇ ਉਕਤ ਬੱਚੇ ਦਾ ਸੈਂਪਲ ਲੈ ਕੇ ਟੈਸਟ ਲਈ ਪੂਣੇ ਦੀ ਲੈਬਾਰਟਰੀ ਵਿਚ ਭੇਜ ਦਿੱਤਾ।
ਮੈਂ ਤਾਂ ਹੁਣ ਕਦੇ ਭਾਰਤ ਵਿਚ ਨਹੀਂ ਆਵਾਂਗੀ
ਇਸ ਘਟਨਾਕ੍ਰਮ ਤੋਂ ਬੱਚੇ ਦੀ ਮਾਂ ਕਾਫੀ ਦੁਖੀ ਨਜ਼ਰ ਆ ਰਹੀ ਸੀ। ਉਸ ਦਾ ਕਹਿਣਾ ਸੀ ਕਿ ਮੇਰਾ ਬੱਚਾ ਬਿਲਕੁੱਲ ਠੀਕ ਹੈ। ਉਸ ਦੀਆਂ ਐਕਸਰੇ ਦੀਆਂ ਰਿਪੋਰਟਾਂ ਵੀ ਬਿਲਕੁੱਲ ਠੀਕ ਹਨ। ਪਿਛਲੇ ਦਿਨਾਂ ਤੋਂ ਉਸ ਨੂੰ ਕੋਈ ਬੁਖਾਰ ਵੀ ਨਹੀਂ ਹੋਇਆ। ਬੱਚਾ ਹੱਸ ਖੇਡ ਰਿਹਾ ਹੈ। ਅਸੀਂ ਉਸ ਨੂੰ ਬਹਾਨਾ ਬਣਾਕੇ ਹਸਪਤਾਲ ਵਿਚ ਲੈ ਕੇ ਆਏ ਹਾਂ। ਪਤਾ ਨਹੀਂ ਕਿਸ ਨੇ ਮੇਰੇ ਬੱਚੇ ਨੂੰ ਕੋਰੋਨਾਵਾਇਰਸ ਹੋਣ ਦੀ ਅਫਵਾਹ ਫੈਲਾ ਦਿੱਤੀ। ਇਸ ਗੱਲ ਤੋਂ ਮੈਂ ਦੁਖੀ ਹਾਂ। ਹੁਣ ਮੇਰਾ ਜੀਅ ਕਰਦਾ ਹੈ ਕਿ ਮੈਂ ਕਦੇ ਵੀ ਭਾਰਤ ਨਾ ਆਵਾਂ। ਜਦੋਂ ਮੇਰੇ ਬੱਚੇ ਨੂੰ ਕੁਝ ਹੋਇਆ ਹੀ ਨਹੀਂ ਤਾਂ ਸਾਨੂੰ ਐਵੇਂ ਹੀ ਵਹਿਮਾਂ ਵਿਚ ਕਿਉਂ ਪਾਇਆ ਜਾ ਰਿਹਾ ਹੈ। ਸਾਨੂੰ ਬਿਨਾਂ ਮਤਲਬ ਤੋਂ ਪਰੇਸ਼ਾਨੀ ਵਿਚ ਪਾਇਆ ਜਾ ਰਿਹਾ ਹੈ। ਡਾਕਟਰਾਂ ਨੇ ਵੀ ਬੱਚੇ ਦੀ ਤਬੀਅਤ ਨੂੰ ਨਾਰਮਲ ਦੱਸਿਆ ਅਤੇ ਕਿਹਾ ਕਿ ਟੈਸਟ ਦੀ ਰਿਪੋਰਟ ਆਉਣ ਮਗਰੋਂ ਹੀ ਇਸ ਸਬੰਧੀ ਕੁਝ ਕਿਹਾ ਜਾ ਸਕਦਾ ਹੈ। ਉਥੇ ਹੀ ਜਦੋਂ ਇਸ ਸਬੰਧੀ ਸਿਵਲ ਸਰਜਨ ਜੁਗਲ ਕਿਸ਼ੋਰ ਨਾਲ ਫੋਨ 'ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਆਪਣਾ ਫੋਨ ਨਹੀਂ ਚੁੱਕਿਆ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਬਰਨਾਲਾ ਵਿਚ ਕੋਰੋਨਾਵਾਇਰਸ ਦੀ ਸ਼ੱਕੀ ਮਰੀਜ਼ ਸਾਹਮਣੇ ਆਈ ਸੀ, ਜਿਸ ਦੀ ਪੁਸ਼ਟੀ ਸਿਵਲ ਸਰਜਨ ਬਰਨਾਲਾ ਜੁਗਲ ਕਿਸ਼ੋਰ ਨੇ ਵੀ ਕੀਤੀ ਸੀ। ਉਕਤ ਮਹਿਲਾ ਇਕ ਪ੍ਰਾਈਵੇਟ ਸਕੂਲ ਵਿਚ ਅਧਿਆਪਿਕਾ ਹੈ ਅਤੇ ਉਹ ਸਕੂਲ ਦਾ ਟੂਰ ਲੈ ਕੇ ਚੀਨ ਵਿਚ ਗਈ ਸੀ। ਬਾਕੀ ਸਭ ਦੇ ਟੈਸਟ ਕੀਤੇ ਜਾ ਚੁੱਕੇ ਹਨ। ਕੇਵਲ ਉਕਤ ਮਹਿਲਾ ਅਧਿਆਪਿਕਾ ਦਾ ਮਾਮਲਾ ਹੀ ਸ਼ੱਕੀ ਪਾਇਆ ਗਿਆ ਹੈ ਕਿਉਂਕਿ ਉਸ ਨੂੰ ਖੰਘ ਅਤੇ ਜ਼ੁਕਾਮ ਹੈ। ਜ਼ਿਕਰਯੋਗ ਹੈ ਕਿ ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾਵਾਇਰਸ ਕਾਰਨ ਹੁਣ ਤੱਕ 1600 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 66 ਹਜ਼ਾਰ ਤੋਂ ਵਧੇਰੇ ਲੋਕ ਇਸ ਵਾਇਰਸ ਨਾਲ ਪ੍ਰਭਾਵਿਤ ਦੱਸੇ ਜਾ ਰਹੇ ਹਨ।