ਬਰਗਾੜੀ ਬੇਅਦਬੀ ਮਾਮਲੇ ''ਚ ਮੁਲਜ਼ਮ ਪੁਲਸ ਵਾਲਿਆਂ ਨੂੰ ਨੋਟਿਸ
Thursday, Sep 05, 2019 - 12:02 PM (IST)

ਚੰਡੀਗੜ੍ਹ (ਹਾਂਡਾ) : ਬਰਗਾੜੀ 'ਚ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਭੜਕੀ ਹਿੰਸਾ ਦੌਰਾਨ ਪੁਲਸ ਨੇ ਹੁੜਦੰਗੀਆਂ 'ਤੇ ਮਾਮਲਾ ਦਰਜ ਕੀਤਾ ਸੀ, ਜਿਸ 'ਚ ਪੁਲਸ 'ਤੇ ਹੋਏ ਹਮਲੇ 'ਚ ਜ਼ਖਮੀਂ ਪੁਲਸ ਵਾਲਿਆਂ ਦੇ ਨਾਂ ਵੀ ਸਨ ਪਰ ਉਸ ਐੱਫ. ਆਈ. ਆਰ. 'ਤੇ ਕੋਈ ਕਾਰਵਾਈ ਨਹੀਂ ਹੋਈ, ਜਦੋਂ ਕਿ ਜਸਟਿਸ ਰਣਜੀਤ ਸਿੰਘ ਜਾਂਚ ਕਮਿਸ਼ਨ ਦੀ ਰਿਪੋਰਟ ਦੇ ਆਧਾਰ 'ਤੇ ਇਕ ਹੋਰ ਐੱਫ. ਆਈ. ਆਰ. ਦਰਜ ਕੀਤੀ ਗਈ, ਜੋ ਕਿ ਕਾਨੂੰਨੀ ਤੌਰ 'ਤੇ ਠੀਕ ਨਹੀਂ ਹੈ, ਇਸ ਲਈ ਦੂਜੀ ਐੱਫ. ਆਈ. ਆਰ. ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ।
ਉਕਤ ਮੰਗ ਨੂੰ ਲੈ ਕੇ ਇੰਸਪੈਕਟਰ ਗੁਰਦੀਪ ਸਿੰਘ ਅਤੇ ਰਸ਼ਪਾਲ ਸਿੰਘ ਨੇ ਹਾਈਕੋਰਟ 'ਚ ਪਟੀਸ਼ਨ ਦਾਖਲ ਕਰਕੇ ਉਨ੍ਹਾਂ ਖਿਲਾਫ ਦਰਜ ਹੋਈ ਐੱਫ. ਆਈ. ਆਰ. ਖਾਰਜ ਕਰਨ ਅਤੇ ਉਨ੍ਹਾਂ ਵਲੋਂ ਦਰਜ ਐੱਫ. ਆਈ. ਆਰ. 'ਤੇ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਸੀ। ਉਕਤ ਮਾਮਲੇ 'ਚ ਬੁੱਧਵਾਰ ਨੂੰ ਹਾਈਕੋਰਟ 'ਚ ਸੁਣਵਾਈ ਹੋਈ ਅਤੇ ਸਰਕਾਰ ਵਲੋਂ ਇਤਰਾਜ਼ ਦਾਖਲ ਕੀਤਾ ਗਿਆ ਹੈ। ਇਤਰਾਜ਼ 'ਤੇ ਜਵਾਬ ਦੇਣ ਲਈ ਕੋਰਟ ਨੇ ਪਟੀਸ਼ਨਰਾਂ ਨੂੰ ਨੋਟਿਸ ਜਾਰੀ ਕਰਕੇ 3 ਅਕਤੂਬਰ ਤੱਕ ਜਵਾਬ ਦੇਣ ਲਈ ਕਿਹਾ ਹੈ। ਕੋਰਟ ਨੇ ਸੁਣਵਾਈ ਤੋਂ ਬਾਅਦ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਅਗਲੀ ਸੁਣਵਾਈ ਦੌਰਾਨ ਕੋਰਟ ਨੂੰ ਅਸਿਸਟ ਕਰੋ।