ਦੇਸ਼ ਭਰ ਦੇ ਬੈਂਕ ਅਧਿਕਾਰੀ 21 ਦਸੰਬਰ ਨੂੰ ਕਰਨਗੇ ਹੜਤਾਲ

Tuesday, Dec 11, 2018 - 09:32 PM (IST)

ਦੇਸ਼ ਭਰ ਦੇ ਬੈਂਕ ਅਧਿਕਾਰੀ 21 ਦਸੰਬਰ ਨੂੰ ਕਰਨਗੇ ਹੜਤਾਲ

ਚੰਡੀਗੜ੍ਹ (ਭੁੱਲਰ)- ਦੇਸ਼ਭਰ ਦੇ ਬੈਂਕ ਅਧਿਕਾਰੀ 21 ਦਸੰਬਰ ਨੂੰ 24 ਘੰਟੇ ਦੀ ਹੜਤਾਲ 'ਤੇ ਜਾਣਗੇ। ਇਹ ਐਲਾਨ ਅੱਜ ਇਥੇ ਆਲ ਇੰਡੀਆ ਬੈਂਕ ਅਫ਼ੀਸਰਜ਼ ਕਨਫੈਡਰੇਸ਼ਨ ਵਲੋਂ ਕਰਦਿਆਂ ਕਿਹਾ ਗਿਆ ਕਿ ਇਸ ਹੜਤਾਲ ਵਿਚ 3,20,000 ਅਧਿਕਾਰੀ ਸ਼ਾਮਲ ਹੋਣਗੇ। ਜਿਸ ਨਾਲ ਬੈਂਕਾਂ ਦੇ ਕੰਮ 'ਤੇ ਹੋਣ ਵਾਲੇ ਅਸਰ ਲਈ ਸਰਕਾਰ ਤੇ ਬੈਂਕ ਮੈਨੇਜਮੈਂਟ ਹੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਵੇਗੀ। ਇਸ ਹੜਤਾਲ ਦੀ ਤਿਆਰੀ ਦੇ ਸਬੰਧ ਵਿਚ ਅੱਜ ਇਥੇ ਪੰਜਾਬ ਤੇ ਚੰਡੀਗੜ੍ਹ ਖੇਤਰ ਨਾਲ ਸਬੰਧਤ ਵੱਖ ਵੱਖ ਬੈਂਕਾਂ ਦੇ 800 ਤੋਂ ਵੱਧ ਅਧਿਕਾਰੀਆਂ ਵਲੋਂ ਬੈਂਕ ਸਕੇਅਰ, ਸੈਕਟਰ-17 ਵਿਖੇ ਵਿਸ਼ਾਲ ਰੋਸ ਰੈਲੀ ਕਰਕੇ ਬੁਲਾਰਿਆਂ ਵਲੋਂ ਇਸ ਐਕਸ਼ਨ ਦੀ 100 ਫੀਸਦੀ ਸਫ਼ਲਤਾ ਦਾ ਸੱਦਾ ਦਿੱਤਾ ਹੈ। ਇਸ ਮੌਕੇ ਕਨਫੈਡਰੇਸ਼ਨ ਦੇ ਜੁਆਇੰਟ ਜਨਰਲ ਸਕੱਤਰ ਦੀਪਕ ਸ਼ਰਮਾ ਨੇ ਦੱਸਿਆ ਕਿ 21 ਦਸੰਬਰ ਨੂੰ ਬੈਂਕ ਅਧਿਕਾਰੀ ਮੁਕੰਮਲ ਹੜਤਾਲ ਕਰਨ ਤੋਂ ਬਾਅਦ ਕਾਲੇ ਬਿੱਲੇ ਲਾ ਕੇ ਸਮੂਹ ਜ਼ਿਲਾ ਕੇਂਦਰਾਂ, ਬੈਂਕ ਬਰਾਂਚਾਂ, ਰੇਲਵੇ ਸਟੇਸ਼ਨਾਂ ਅਤੇ ਹੋਰ ਪ੍ਰਮੁੱਖ ਜਨਤਕ ਸਥਾਨਾ 'ਤੇ ਰੋਸ ਮੁਜਾਹਰੇ ਕਰਕੇ ਕੇਂਦਰੀ ਵਿੱਤ ਮੰਤਰੀ ਨੂੰ ਮੰਗ ਪੱਤਰ ਭੇਜੇ ਜਾਣਗੇ।
ਉਨ੍ਹਾਂ ਦੱਸਿਆ ਕਿ ਬੈਂਕ ਅਧਿਕਾਰੀਆਂ ਦੀਆਂ ਮੁੱਖ ਮੰਗਾਂ ਵਿਚ ਤਨਖਾਹਾਂ 'ਚ ਸੋਧ ਤੋਂ ਇਲਾਵਾ ਪੈਨਸ਼ਨ ਤੇ ਫੈਮਿਲੀ ਪੈਨਸ਼ਨ ਦੀ ਸਕੀਮ ਦੇ ਰਿਵਿਜ਼ਨ ਦੀਆਂ ਮੰਗਾਂ ਸ਼ਾਮਲ ਹਨ। ਕੁੱਝ ਬੈਂਕਾਂ ਦੇ ਹੋਰਨਾਂ ਬੈਂਕਾਂ 'ਚ ਰਲੇਵੇਂ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ। ਅੱਜ ਚੰਡੀਗੜ੍ਹ ਵਿਚ ਹੋਈ ਬੈਂਕ ਅਧਿਕਾਰੀਆਂ ਦੀ ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਕਨਫੈਡਰੇਸ਼ਨ ਦੇ ਸੂਬਾ ਸਕੱਤਰ ਟੀ.ਐਸ. ਸੱਗੂ, ਅਸ਼ੋਕ ਗੋਇਲ, ਜਨਰਲ ਸਕੱਤਰ ਪੀ.ਐਸ.ਬੀ. ਆਫ਼ੀਸਰਜ਼ ਐਸੋਸੀਏਸ਼ਨ ਆਰ.ਕੇ. ਅਰੋੜਾ, ਯੂਕੋ ਬੈਂਕ ਆਫ਼ੀਸਰਜ਼ ਐਸੋਸੀਏਸ਼ਨ ਸ਼ਿਵਾਨੀ ਸ਼ਰਮਾ, ਬੈਂਕ ਆਫ਼ ਇੰਡੀਆ ਨਿਸ਼ਾ ਕੁਮਾਰੀ, ਵਿਜਯ ਬੈਂਕ ਤੋਂ ਇਲਾਵਾ ਕਨਫੈਡਰੇਸ਼ਨ ਦੇ ਅਹੁਦੇਦਾਰ ਹਰਵਿੰਦਰ ਸਿੰਘ, ਬੀ. ਤ੍ਰਿਗਾਟੀਆ, ਨਵੀਨ ਝਾਅ, ਬਲਵਿੰਦਰ ਸਿੰਘ, ਆਰ.ਕੇ. ਅਰੋੜਾ ਤੇ ਸਚਿਨ ਕਤਿਆਲ ਦੇ ਨਾਮ ਜ਼ਿਕਰਯੋਗ ਹਨ।


Related News