ਮੋਹਾਲੀ : ਪੰਜਾਬ ਨੈਸ਼ਨਲ ਬੈਂਕ ''ਚ ਹੋਈ ਡਕੈਤੀ ਦਾ ਪਰਦਾਫਾਸ਼, 3 ਨੌਜਵਾਨ ਗ੍ਰਿਫਤਾਰ

07/12/2020 4:15:25 PM

ਮੋਹਾਲੀ (ਪਰਦੀਪ) : ਬੀਤੇ ਦਿਨੀਂ ਮੋਹਾਲੀ ਦੇ ਫੇਜ਼-3ਏ 'ਚ ਸਥਿਤ ਪੰਜਾਬ ਨੈਸ਼ਨਲ ਬੈਂਕ 'ਚ ਹੋਈ ਡਕੈਤੀ ਦਾ ਪਰਦਾਫਾਸ਼ ਕਰਦਿਆਂ ਪੁਲਸ ਨੇ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਬਾਰੇ ਐਸ. ਐਸ. ਪੀ. ਕੁਲਦੀਪ ਸਿੰਘ ਚਹਿਲ ਨੇ ਇਥੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 17-06-2020 ਨੂੰ ਪੰਜਾਬ ਨੈਸ਼ਨਲ ਬੈਂਕ ਮਹਿਲਾ ਬ੍ਰਾਂਚ ਫੇਜ਼-3ਏ 'ਚ ਦੁਪਹਿਰ ਸਮੇਂ ਅਣਪਛਾਤੇ ਨੌਜਵਾਨਾਂ ਵੱਲੋਂ ਪਿਸਤੌਲ ਅਤੇ ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਬੈਂਕ ਡਕੈਤੀ ਕੀਤੀ ਗਈ ਸੀ, ਜਿਸ ਸਬੰਧੀ ਥਾਣਾ ਮਟੌਰ 'ਚ ਮੁਕੱਦਮਾ ਦਰਜ ਕੀਤਾ ਗਿਆ ਸੀ। 

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਸੰਦੀਪ ਖੁਰਮੀ ਉਰਫ ਸੰਨੀ ਪੁੱਤਰ ਲੇਟ ਜਸਪਾਲ ਖੁਰਮੀ ਵਾਸੀ ਜ਼ਿਲ੍ਹਾ ਜਲੰਧਰ ਹਾਲ ਵਾਸੀ ਸੈਕਟਰ-52 ਚੰਡੀਗੜ੍ਹ, ਸੋਨੂੰ ਪੁੱਤਰ ਮੁਖਤਿਆਰ ਸਿੰਘ ਵਾਸੀ ਸੈਕਟਰ-45 ਚੰਡੀਗੜ੍ਹ ਅਤੇ ਰਵੀ ਕੁਠਾਰੀ ਪੁੱਤਰ ਵਿਜੈ ਕੁਮਾਰ ਵਾਸੀ ਪਿੰਡ ਚੰਦਾਵਾਸ ਹਰਿਆਣਾ ਹਾਲ ਵਾਸੀ ਕਿਰਾਏਦਾਰ ਸ਼ਾਂਤੀਨਗਰ ਮਨੀਮਾਜਰਾ ਚੰਡੀਗੜ੍ਹ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਤਫਤੀਸ਼ ਦੌਰਾਨ ਡਕੈਤੀ 'ਚ ਸ਼ਾਮਲ ਤਿੰਨੋ ਨੌਜਵਾਨਾਂ ਨੂੰ ਮਿਤੀ 11-07-2020 ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਪਾਸੋਂ ਲੁੱਟੀ ਹੋਈ ਰਕਮ 'ਚੋਂ 3,01,500 ਰੁਪਏ, ਇੱਕ ਕਾਰ ਅਤੇ ਵਾਰਦਾਤ 'ਚ ਵਰਤਿਆ ਗਿਆ ਨਕਲੀ ਏਅਰ ਪਿਸਤੌਲ ਬਰਾਮਦ ਕੀਤਾ ਗਿਆ ਹੈ। 

ਐਸ. ਐਸ. ਪੀ ਨੇ ਦੱਸਿਆ ਕਿ ਉਕਤਾਨ ਦੋਸ਼ੀਆਨ ਨੇ ਪੁੱਛਗਿੱਛ ਦਰਮਿਆਨ ਦੱਸਿਆ ਹੈ ਕਿ ਤਾਲਾਬੰਦੀ ਤੋ ਪਹਿਲਾ ਦੋਵੇਂ ਦੋਸ਼ੀ ਸੰਦੀਪ ਅਤੇ ਸੋਨੂੰ ਅੰਬਾਲਾ ਜੇਲ੍ਹ 'ਚ ਵੱਖ-ਵੱਖ ਮੁੱਕਦਮਿਆ ਤਹਿਤ ਬੰਦ ਸਨ, ਜਿਨ੍ਹਾਂ ਦੀ ਕੋਰੋਨਾ ਮਾਹਾਮਾਰੀ ਕਰਕੇ ਮਾਰਚ 'ਚ ਜ਼ਮਾਨਤ ਹੋ ਗਈ ਸੀ। ਇਹ ਦੋਵੇਂ ਨੌਜਵਾਨ ਨਸ਼ਾ ਕਰਨ ਦੇ ਆਦੀ ਹਨ, ਜਿਨ੍ਹਾਂ ਨੇ ਜੇਲ੍ਹ 'ਚੋਂ ਬਾਹਰ ਆ ਕੇ ਨਸ਼ੇ ਦੀ ਪੂਰਤੀ ਲਈ ਆਰਥਿਕ ਮੰਦੀ ਹੋਣ ਕਾਰਨ ਕਿਸੇ ਬੈਂਕ ਨੂੰ ਲੁੱਟਣ ਦੀ ਯੋਜਨਾ ਬਣਾਈ ਅਤੇ ਮੋਹਾਲੀ-ਚੰਡੀਗੜ੍ਹ ਦੇ ਨੇੜਲੇ ਇਲਾਕਿਆਂ 'ਚ ਬੈਂਕਾ ਦੀ ਰੇਕੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਲੁੱਟ ਨੂੰ ਅੰਜਾਮ ਦਿੱਤਾ। ਦੋਸ਼ੀਆਨ ਪਾਸੋ ਹੋਰ ਵੀ ਕਈ ਲੁੱਟਾ, ਖੋਹਾ ਅਤੇ ਬੈਂਕ ਡਕੈਤੀਆ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ।


Babita

Content Editor

Related News