ਸੰਗਰੂਰ ਜ਼ਿਮਨੀ ਚੋਣ ’ਚ ਉਮੀਦਵਾਰ ਉਤਾਰਨ ਨੂੰ ਲੈ ਕੇ ਗਿਆਨੀ ਹਰਨਾਮ ਸਿੰਘ ਖਾਲਸਾ ਦਾ ਅਹਿਮ ਬਿਆਨ

05/31/2022 4:37:40 PM

ਮਹਿਤਾ (ਅੰਮ੍ਰਿਤਸਰ) (ਬਿਊਰੋ) : ਸੰਗਰੂਰ ਜ਼ਿਮਨੀ ਚੋਣ ’ਚ ਪੰਥ ਵੱਲੋਂ ਸਾਂਝਾ ਉਮੀਦਵਾਰ ਉਤਾਰਨ ਨੂੰ ਲੈ ਕੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਅੱਜ ਇਕ ਲਿਖਤੀ ਬਿਆਨ ਜਾਰੀ ਕਰਦਿਆਂ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ, ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ ਨੇ ਕਿਹਾ ਕਿ ਪੰਥ ਅੰਦਰ ਉੱਠੀ ਮੰਗ ਕਿ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ’ਚ ਕਿਸੇ ਬੰਦੀ ਸਿੰਘ ਜਾਂ ਉਸ ਦੇ ਪਰਿਵਾਰ ’ਚੋਂ ਕਿਸੇ ਮੈਂਬਰ ਨੂੰ ਪੰਥ ਦਾ ਸਾਂਝਾ ਉਮੀਦਵਾਰ ਬਣਾਇਆ ਜਾਵੇ ਤੇ ਇਹ ਸਮੇਂ ਦੀ ਵੀ ਮੰਗ ਹੈ। ਉਨ੍ਹਾਂ ਕਿਹਾ ਕਿ ਅੱਜ ਹਰ ਸਿੱਖ ਚਾਹੁੰਦਾ ਹੈ ਕਿ 25-25 30-30 ਸਾਲ ਤੋਂ ਵੱਧ ਵੱਖ-ਵੱਖ ਜੇਲ੍ਹਾਂ ’ਚ ਬੰਦ ਬੰਦੀ ਸਿੰਘ ਜਲਦ ਤੋਂ ਜਲਦ ਰਿਹਾਅ ਹੋਣ। ਇਹ ਇਤਿਹਾਸਕ ਸੱਚ ਹੈ ਕਿ ਜਦੋਂ-ਜਦੋਂ ਵੀ ਸਿੱਖ ਜਗਤ ਨੇ ਇਕ ਹੋ ਕੇ ਪੰਥਕ ਮਸਲਿਆਂ ਲਈ ਲੜਾਈ ਲੜੀ ਹੈ, ਉਦੋਂ-ਉਦੋਂ ਹੀ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਕੋਲ ਪ੍ਰਤੱਖ ਮਿਸਾਲ ਹੈ ਕਿ 1989 ਦੀਆਂ ਲੋਕ ਸਭਾ ਚੋਣਾਂ ਸਮੇਂ ਜੇਲ੍ਹ ’ਚ ਬੰਦ ਸਿਮਰਨਜੀਤ ਸਿੰਘ ਮਾਨ ਨੂੰ ਕੌਮ ਨੇ ਵੱਡੀ ਜਿੱਤ ਦਿਵਾ ਕੇ ਜੇਲ੍ਹ ’ਚੋਂ ਰਿਹਾਅ ਕਰਵਾਇਆ ਸੀ।

ਇਹ ਵੀ ਪੜ੍ਹੋ : ਦਿੱਲੀ ਦੇ ਸਿਹਤ ਮੰਤਰੀ ਜੈਨ ਦੀ ਗ੍ਰਿਫ਼ਤਾਰੀ ’ਤੇ ਸੁਖਪਾਲ ਖਹਿਰਾ ਦਾ ਟਵੀਟ, ਕਹੀ ਇਹ ਗੱਲ

PunjabKesari

ਉਨ੍ਹਾਂ ਕਿਹਾ ਕਿ ਪੰਥ ਖ਼ਾਤਿਰ ਕੁਰਬਾਨੀ ਕਰਨ ਵਾਲੇ ਸਿੱਖਾਂ ਜਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਪੰਥ ਅਤੇ ਖ਼ਾਸ ਕਰਕੇ ਅਕਾਲੀ ਦਲ ਨੂੰ 2024 ਦੀਆਂ ਲੋਕ ਸਭਾ ਅਤੇ ਉਸ ਤੋਂ ਬਾਅਦ ਦੀਆਂ ਚੋਣਾਂ ’ਚ ਵੀ ਸਿਆਸੀ ਤੌਰ ’ਤੇ ਸਨਮਾਨ ਦੇਣਾ ਚਾਹੀਦਾ ਹੈ। ਉਨ੍ਹਾਂ ਸਮੂਹ ਪੰਥਕ ਜਥੇਬੰਦੀਆਂ, ਪੰਥਕ ਧਿਰਾਂ ਅਤੇ ਸਿਆਸੀ ਪਾਰਟੀਆਂ ਨੂੰ ਕਿਹਾ ਕਿ ਸਾਰਿਆਂ ਨੂੰ ਮਤਭੇਦ ਭੁਲਾ ਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਇਕਜੁੱਟ ਹੋ ਕੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਸਬੰਧੀ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਸਬੰਧੀ ਕੌਮ ਦੀ ਯੋਗ ਅਗਵਾਈ ਕਰਨ। 


Manoj

Content Editor

Related News