ਸਕੂਲਾਂ ਦੇ 100 ਮੀਟਰ ਦੇ ਘੇਰੇ ’ਚ ਤੇਜ਼ ਰਫਤਾਰ ਨਾਲ ਵਾਹਨ ਚਲਾਉਣ ’ਤੇ ਲਾਈ ਰੋਕ ਚੰਗੀ ਪਹਿਲ : ਹਰਭਜਨ ਸਿੰਘ
Monday, Apr 04, 2022 - 12:06 PM (IST)
ਜਲੰਧਰ (ਧਵਨ) : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਪੰਜਾਬ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਸਕੂਲਾਂ ਅਤੇ ਵਿਦਿਅਕ ਅਦਾਰਿਆਂ ਨੇੜੇ ਤੇਜ਼ ਰਫਤਾਰ ਨਾਲ ਮੋਟਰ ਗੱਡੀਆਂ ਚਲਾਉਣ ’ਤੇ ਲਾਈ ਗਈ ਰੋਕ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਕ੍ਰਿਕਟਰ ਅਤੇ ਐੱਮ. ਪੀ. ਹਰਭਜਨ ਸਿੰਘ ਨੇ ਐਤਵਾਰ ਟਵੀਟ ਕਰ ਕੇ ਕਿਹਾ ਕਿ ਸਕੂਲਾਂ ਅਤੇ ਵਿਦਿਅਕ ਅਦਾਰਿਆਂ ਦੇ ਆਸ-ਪਾਸ ਦੇ 100 ਮੀਟਰ ਦੇ ਖੇਤਰ ’ਚ 25 ਕਿਲੋਮੀਟਰ ਪ੍ਰਤੀ ਘੰਟਾ ਜਾਂ ਉਸ ਤੋਂ ਘੱਟ ਰਫਤਾਰ ’ਤੇ ਮੋਟਰ ਗੱਡੀ ਚਲਾਉਣੀ ਇਕ ਢੁੱਕਵਾਂ ਕਦਮ ਹੈ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਸੂਬਾਈ ਪੁਲਸ ਨੇ ਇਹ ਹੁਕਮ ਜਾਰੀ ਕੀਤਾ ਸੀ ਕਿ ਜੇ ਵਿਦਿਅਕ ਅਦਾਰਿਆਂ ਦੇ 100 ਮੀਟਰ ਦੇ ਘੇਰੇ ’ਚ ਕਿਸੇ ਨੇ ਤੇਜ਼ ਰਫਤਾਰ ਮੋਟਰ ਗੱਡੀ ਚਲਾਈ ਤਾਂ ਉਸ ਦਾ ਚਾਲਾਨ ਹੋਵੇਗਾ। ਇਸ ਲਈ 25 ਕਿਲੋਮੀਟਰ ਪ੍ਰਤੀ ਘੰਟਾ ਜਾਂ ਉਸ ਤੋਂ ਘੱਟ ਰਫਤਾਰ ਨੂੰ ਸੂਬਾਈ ਪੁਲਸ ਨੇ ਢੁੱਕਵਾਂ ਮੰਨਿਆ ਸੀ ਪਰ ਜੇ ਇਸ ਤੋਂ ਤੇਜ਼ ਰਫਤਾਰ ਨਾਲ ਕੋਈ ਮੋਟਰ ਗੱਡੀ ਚਲਦੀ ਫੜੀ ਗਈ ਤਾਂ ਉਸ ਦਾ ਚਾਲਾਨ ਹੋਵੇਗਾ ਅਤੇ ਭਾਰੀ ਜੁਰਮਾਨਾ ਵੀ ਕੀਤਾ ਜਾਏਗਾ। ਹਰਭਜਨ ਸਿੰਘ ਨੇ ਕਿਹਾ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਪੱਖੋਂ ਯਕੀਨੀ ਤੌਰ ’ਤੇ ਇਹ ਇਕ ਬਹੁਤ ਹੀ ਚੰਗੀ ਕਦਮ ਹੈ। ਉਮੀਦ ਹੈ ਕਿ ਸੂਬੇ ਦੇ ਲੋਕ ਇਸ ਦਾ ਪਾਲਣਾ ਕਰਣਗੇ। ਬੱਚਿਆਂ ਦੀ ਸੁਰੱਖਿਆ ਸਾਡੇ ਸਭ ਲਈ ਇਕ ਅਹਿਮ ਵਿਸ਼ਾ ਹੈ। ਸਮਾਜ ਨੂੰ ਸਰਕਾਰ ਨੂੰ ਸਹਿਯੋਗ ਦੇਣਾ ਚਾਹੀਦਾ ਹੈ।
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ