ਬਲਬੀਰ ਸਿੰਘ ਨੂੰ ਸਿਹਤ ਮੰਤਰੀ ਬਣਾ ਕੇ CM ਮਾਨ ਨੇ ਸਿਹਤ ਤੇ ਐਜੂਕੇਸ਼ਨ ਦੇ ਏਜੰਡੇ ’ਤੇ ਸਰਕਾਰ ਦੇ ਫੋਕਸ ਦਾ ਦਿੱਤਾ ਸੰਦੇਸ਼

01/08/2023 4:52:12 PM

ਪਟਿਆਲਾ (ਰਾਜੇਸ਼ ਪੰਜੌਲਾ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੇ ਤਿੰਨ ਮੁੱਖ ਏਜੰਡੇ ਰਹੇ ਹਨ, ਜਿਨ੍ਹਾਂ ਵਿਚ ਭ੍ਰਿਸ਼ਟਾਚਾਰ ਖ਼ਿਲਾਫ਼ ਜੰਗ, ਪੰਜਾਬੀਆਂ ਨੂੰ ਵਧੀਆ ਅਤੇ ਸਸਤੀਆਂ ਸਿਹਤ ਸਹੂਲਤਾਂ ਅਤੇ ਸਸਤੀ ਅਤੇ ਵਧੀਆ ਐਜੂਕੇਸ਼ਨ। ਵਿਜੀਲੈਂਸ ਰਾਹੀਂ ਸਰਕਾਰ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਲਗਾਤਾਰ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਜਿੱਥੇ ਵੱਡੇ-ਵੱਡੇ ਸਾਬਕਾ ਮੰਤਰੀ ਜੇਲ੍ਹ ’ਚ ਭੇਜੇ ਗਏ ਹਨ, ਉਥੇ ਹੀ ਕਈਆਂ ਖ਼ਿਲਾਫ਼ ਵਿਜੀਲੈਂਸ ਜਾਂਚ ਸ਼ੁਰੂ ਹੋ ਚੁੱਕੀ ਹੈ।

ਪੰਜਾਬ ਦੇ ਸਕੂਲਾਂ ’ਚ ਸੁਧਾਰ ਲਈ ਸਿੱਖਿਆ ਮੰਤਰੀ ਬਹੁਤ ਵਧੀਆ ਕੰਮ ਕਰ ਰਹੇ ਹਨ ਜਦੋਂ ਕਿ ਹੁਣ ਮੈਡੀਕਲ ਖੇਤਰ ਵਿਚ ਲੰਬਾ ਤਜ਼ਰਬਾ ਰੱਖਣ ਵਾਲੇ ਪਟਿਆਲਾ ਦਿਹਾਤੀ ਹਲਕੇ ਦੇ ਵਿਧਾਇਕ ਡਾ. ਬਲਬੀਰ ਸਿੰਘ ਨੂੰ ਸਿਹਤ ਅਤੇ ਪਰਿਵਾਰ ਭਲਾਈ, ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਵਿਭਾਗ ਦਾ ਮੰਤਰੀ ਬਣਾ ਕੇ ਸਰਕਾਰ ਨੇ ਲੋਕਾਂ ਨੂੰ ਸੰਦੇਸ਼ ਦੇ ਦਿੱਤਾ ਹੈ ਕਿ ਪੰਜਾਬ ਨੂੰ ਦਿੱਲੀ ਦੀ ਤਰਜ਼ ’ਤੇ ਬਿਹਤਰੀਨ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਬੀਤੀ 15 ਅਗਸਤ 2022 ਨੂੰ ਪੰਜਾਬ ਵਿਚ ਮੁਹੱਲਾ ਕਲੀਨਿਕ ਖੋਲ੍ਹ ਕੇ ਸ਼ੁਰੂਆਤ ਕਰ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿਚ ਖੋਲ੍ਹੇ ਗਏ ਮੁਹੱਲਾ ਕਲੀਨਿਕ ਬੇਹੱਦ ਹਰਮਨਪਿਆਰੇ ਬਣੇ ਹੋਏ ਹਨ, ਉਸੇ ਤਰਜ਼ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪੰਜਾਬ ਵਿਚ ਵੱਡੀ ਗਿਣਤੀ ਵਿਚ ਮੁਹੱਲਾ ਕਲੀਨਿਕ ਖੋਲ੍ਹ ਕੇ ਉਨ੍ਹਾਂ ਨੂੰ ਹਰਮਨਪਿਆਰਾ ਬਣਾਉਣਾ ਚਾਹੁੰਦੇ ਹਨ। ਜਿੰਨੇ ਵੀ ਸਰਕਾਰ ਨੇ ਮੁਹੱਲਾ ਕਲੀਨਿਕ ਖੋਲ੍ਹੇ ਹਨ, ਉਨ੍ਹਾਂ ਦੇ ਨਤੀਜੇ ਕਾਫੀ ਵਧੀਆ ਆ ਰਹੇ ਹਨ। ਭਵਿੱਖ ਵਿਚ ਹੋਰ ਵੱਡੀ ਗਿਣਤੀ ਵਿਚ ਮੁਹੱਲਾ ਕਲੀਨਿਕ ਖੋਲ੍ਹਣ ਤੋਂ ਇਲਾਵਾ ਸਰਕਾਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਦੀ ਕਾਇਆਕਲਪ ਕਰਨ ਦੀ ਸਰਕਾਰ ਦੀ ਯੋਜਨਾ ਹੈ।

ਇਹ ਵੀ ਪੜ੍ਹੋ : CM ਭਗਵੰਤ ਮਾਨ ਦਾ ਦਬਾਅ ਆਖਿਰਕਾਰ ਆਇਆ ਕੰਮ, ਹੋਰ ਮੰਤਰੀ ਵੀ ਸਹਿਮੇ

PunjabKesari

ਡਾ. ਬਲਬੀਰ ਸਿੰਘ ਲੰਬਾ ਸਮਾਂ ਸਿਹਤ ਮਹਿਕਮਾ ਪੰਜਾਬ ਵਿਚ ਮੈਡੀਕਲ ਅਫ਼ਸਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਰਹਿ ਚੁੱਕੇ ਹਨ, ਜਿਸ ਕਰਕੇ ਉਨ੍ਹਾਂ ਨੂੰ ਪੰਜਾਬ ਦੇ ਸਿਹਤ ਸਿਸਟਮ ਬਾਰੇ ਬਹੁਤ ਵਧੀਆ ਜਾਣਕਾਰੀ ਹੈ। ਪੰਜਾਬ ਦੀਆਂ ਸਿਹਤ ਸਹੂਲਤਾਂ ਕਿਵੇਂ ਬਿਹਤਰ ਹੋ ਸਕਦੀਆਂ ਹਨ, ਪ੍ਰਾਈਵੇਟ ਹਸਪਤਾਲਾਂ ਦੀ ਬਜਾਏ ਲੋਕ ਸਰਕਾਰੀ ਹਸਪਤਾਲਾਂ, ਸਰਕਾਰੀ ਡਿਸਪੈਂਸਰੀਆਂ ਅਤੇ ਮੁਹੱਲਾ ਕਲੀਨਿਕਾਂ ਦਾ ਲਾਭ ਕਿਸ ਤਰ੍ਹਾਂ ਉਠਾਉਣ, ਇਸ ਬਾਰੇ ਮੈਡੀਕਲ ਖੇਤਰ ਦਾ ਮਾਹਿਰ ਹੋਣ ਕਰਕੇ ਡਾ. ਬਲਬੀਰ ਸਿੰਘ ਨੂੰ ਕਾਫੀ ਜਾਣਕਾਰੀ ਹੈ। ਉਨ੍ਹਾਂ ਦੇ ਇਸ ਤਜ਼ਰਬੇ ਦਾ ਲਾਭ ਲੈਣ ਲਈ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਗੱਲਬਾਤ ਕਰ ਕੇ ਡਾ. ਬਲਬੀਰ ਸਿੰਘ ਨੂੰ ਕੈਬਨਿਟ ਮੰਤਰੀ ਬਣਾ ਕੇ ਉਨ੍ਹਾਂ ਨੂੰ ਇਹ ਦੋਵੇਂ ਅਹਿਮ ਵਿਭਾਗ ਸੌਂਪੇ।

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦਾ ਸਿੱਧਾ ਸਬੰਧ ਆਮ ਲੋਕਾਂ ਦੇ ਨਾਲ ਹੈ, ਪੰਜਾਬ ਵਿਚ ਧੜਾਧੜ ਪ੍ਰਾਈਵੇਟ ਹਸਪਤਾਲ ਖੁੱਲ੍ਹ ਰਹੇ ਹਨ, ਜਿਨ੍ਹਾਂ ’ਚ ਆਮ ਲੋਕਾਂ ਦੀ ਵੱਡੀ ਲੁੱਟ ਹੁੰਦੀ ਹੈ। ਇਸੇ ਤਰ੍ਹਾਂ ਦਾ ਹਾਲ ਪ੍ਰਾਈਵੇਟ ਸਕੂਲਾਂ ਦਾ ਹੈ, ਲੋਕ ਸਿਹਤ ਅਤੇ ਪ੍ਰਾਈਵੇਟ ਸਕੂਲਾਂ ਦੇ ਮੋਟੇ ਖਰਚਿਆਂ ਤੋਂ ਬੇਹੱਦ ਪ੍ਰੇਸ਼ਾਨ ਹਨ, ਹਰ ਪੰਜਾਬੀ ਇਨ੍ਹਾਂ ਤੋਂ ਰਾਹੁਤ ਚਾਹੁੰਦਾ ਹੈ। 2024 ਦੀ ਸੰਸਦੀ ਚੋਣ ਵਿਚ ਸਿਰਫ ਇਕ ਸਾਲ ਦਾ ਹੀ ਸਮਾਂ ਬਾਕੀ ਰਹਿ ਗਿਆ ਹੈ। ਇਸੇ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀਆਂ ਸਿਹਤ ਸਹੂਲਤਾਂ ਨੂੰ ਬਿਹਤਰੀਨ ਕਰਨ ਲਈ ਮੈਡੀਕਲ ਖੇਤਰ ਦੇ ਮਾਹਿਰ ਅਤੇ ਆਪਣੇ ਅਤਿ ਨਜ਼ਦੀਕੀ ਪਟਿਆਲਾ ਦਿਹਾਤੀ ਹਲਕੇ ਦੇ ਵਿਧਾਇਕ ਨੂੰ ਇਹ ਅਹਿਮ ਜ਼ਿੰਮੇਵਾਰੀ ਦਿੱਤੀ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ: 17 ਜਨਵਰੀ ਨੂੰ ਜਲੰਧਰ ਤੋਂ ਨਿਕਲੇਗੀ 'ਭਾਰਤ ਜੋੜੋ ਯਾਤਰਾ', ਇਹ ਰਸਤੇ ਰਹਿਣਗੇ ਬੰਦ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News