ਬਲਬੀਰ ਰਾਜੇਵਾਲ ਕਿਸਾਨ ਅੰਦੋਲਨ ਨੂੰ ਸਿਆਸਤ ਤੋਂ ਉੱਪਰ ਰੱਖਣ : ਸ਼੍ਰੋਮਣੀ ਅਕਾਲੀ ਦਲ

Tuesday, Sep 21, 2021 - 07:40 PM (IST)

ਬਲਬੀਰ ਰਾਜੇਵਾਲ ਕਿਸਾਨ ਅੰਦੋਲਨ ਨੂੰ ਸਿਆਸਤ ਤੋਂ ਉੱਪਰ ਰੱਖਣ : ਸ਼੍ਰੋਮਣੀ ਅਕਾਲੀ ਦਲ

ਚੰਡੀਗੜ੍ਹ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੀਨੀਅਰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ ਆਖਿਆ ਕਿ ਉਹ ਕਿਸਾਨ ਅੰਦੋਲਨ ਨੂੰ ਸਿਆਸਤ ਤੋਂ ਉੱਪਰ ਰੱਖਣ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਜਿਹੜੇ ਸ਼ਰਾਰਤੀ ਅਨਸਰਾਂ ਨੇ ਅਕਾਲੀ ਦਲ ਵੱਲੋਂ ਸੰਸਦ ਤੱਕ ਕੱਢੇ ਜਾਣ ਵਾਲੇ ਮਾਰਚ ’ਚ ਸ਼ਾਮਲ ਹੋਣ ਦਿੱਲੀ ਆ ਰਹੇ ਅਕਾਲੀਆਂ ’ਤੇ ਹਮਲੇ ਕੀਤੇ, ਉਨ੍ਹਾਂ ਖ਼ਿਲਾਫ਼ ਉਹ ਠੋਸ ਕਾਰਵਾਈ ਕਰਨ। ਇਥੇ ਪਾਰਟੀ ਮੁੱਖ ਦਫਤਰ ’ਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਰਾਜੇਵਾਲ ਨੇ ਇਹ ਮੰਨ ਲਿਆ ਹੈ ਕਿ ਕੁਝ ਮਾੜੇ ਅਨਸਰ ਹਨ, ਜੋ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨਾ ਚਾਹੁੰਦੇ ਹਨ ਪਰ ਇਸ ਦੇ ਬਾਵਜੂਦ ਕਿਸਾਨ ਆਗੂ ਨੇ ਨਾ ਤਾਂ ਅਜਿਹੇ ਦੋਸ਼ੀਆਂ ਤੋਂ ਘਟੀਆ ਵਤੀਰੇ ਲਈ ਬਿਨਾਂ ਸ਼ਰਤ ਮੁਆਫੀ ਮੰਗਵਾਈ ਤੇ ਨਾ ਹੀ ਉਨ੍ਹਾਂ ਖ਼ਿਲਾਫ ਕਾਨੂੰਨ ਅਨੁਸਾਰ ਕਾਰਵਾਈ ਹੀ ਕੀਤੀ ਹੈ।

ਇਹ ਵੀ ਪੜ੍ਹੋ : ‘ਅਨੁਸੂਚਿਤ ਜਾਤੀਆਂ ਨਾਲ ਸਬੰਧਤ ਵਿਅਕਤੀ ਦੀ ਪਛਾਣ ਦਰਸਾਉਣ ਲਈ ‘ਦਲਿਤ’ ਸ਼ਬਦ ਵਰਤਣ ਤੋਂ ਕੀਤਾ ਜਾਵੇ ਗੁਰੇਜ਼’

ਪ੍ਰੋ. ਚੰਦੂਮਾਜਰਾ ਤੇ ਗਰੇਵਾਲ ਨੇ ਰਾਜੇਵਾਲ ਦੇ ਉਸ ਬਿਆਨ ਦਾ ਵੀ ਗੰਭੀਰ ਨੋਟਿਸ ਲਿਆ, ਜਿਸ ’ਚ ਉਨ੍ਹਾਂ ਕਿਹਾ ਕਿ ਅਕਾਲੀ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਹੀ ਦਿੱਲੀ ’ਚ ਰੋਸ ਮਾਰਚ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਮਝ ਨਹੀਂ ਆਉਂਦਾ ਕਿ ਉਨ੍ਹਾਂ ਨੂੰ ਹਜ਼ਾਰਾਂ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕਰਨ ’ਤੇ ਕੀ ਇਤਰਾਜ਼ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਹਜ਼ਾਰਾਂ ਕਿਸਾਨਾਂ ਨੇ ਸੰਸਦ ਤੱਕ ਮਾਰਚ ਕਰ ਕੇ ਏਕਤਾ ਤੇ ਮਜ਼ਬੂਤੀ ਦਾ ਸੰਦੇਸ਼ ਦੇ ਕੇ ਦੁਨੀਆ ਭਰ ਦਾ ਧਿਆਨ ਖਿੱਚਿਆ ਸੀ। ਅਕਾਲੀ ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਰਾਜੇਵਾਲ ਦਾ ਬਹੁਤ ਮਾਣ-ਸਤਿਕਾਰ ਕਰਦਾ ਹੈ। ਉਨ੍ਹਾਂ ਕਿਹਾ ਕਿ ਰਾਜੇਵਾਲ ਨੂੰ ਸਿਆਸੀ ਬਿਆਨਾਂ ਨਾਲ ਆਪਣਾ ਸਤਿਕਾਰ ਨਹੀਂ ਘਟਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅਸੀਂ ਸਿਆਸੀ ਮਾਮਲਿਆਂ ’ਤੇ ਵੱਖਰੇ ਤੌਰ ’ਤੇ ਬਹਿਸ ਕਰਨ ਲਈ ਤਿਆਰ ਹਾਂ ਤੇ ਇਸ ਵਾਸਤੇ ਕਿਸਾਨ ਫੋਰਮ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਉਨ੍ਹਾਂ ਇਹ ਵੀ ਦੱਸਿਆ ਕਿ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਸੰਸਦ ’ਚ ਦਿੱਤੇ ਬਿਆਨ ਜਨਤਕ ਰਿਕਾਰਡ ਦਾ ਹਿੱਸਾ ਹਨ ਤੇ ਹਰਸਿਮਰਤ ਬਾਦਲ ਸੂਬੇ ਦੇ ਇਤਿਹਾਸ ’ਚ ਇਕਲੌਤੇ ਕੇਂਦਰੀ ਮੰਤਰੀ ਹਨ, ਜਿਨ੍ਹਾਂ ਨੇ ਕਿਸਾਨਾਂ ਦੇ ਸਮਰਥਨ ’ਚ ਮੰਤਰਾਲੇ ਤੋਂ ਅਸਤੀਫਾ ਦਿੱਤਾ।

ਇਸ ਦੌਰਾਨ ਡਾ. ਚੀਮਾ ਨੇ ਰਾਜੇਵਾਲ ਦਾ ਇਹ ਦਾਅਵਾ ਖਾਰਿਜ ਕਰ ਦਿੱਤਾ ਕਿ ਅਕਾਲੀ ਦਲ ਵੀਡੀਓ ਰਿਲੀਜ਼ ਕਰ ਕੇ ਕਿਸਾਨ ਅੰਦੋਲਨ ਨੂੰ ਬਦਨਾਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਇਨ੍ਹਾਂ ਵੀਡੀਓ ’ਚ ਅਕਾਲੀ ਆਗੂਆਂ ਤੇ ਬਲਕਿ ਔਰਤਾਂ ਨਾਲ ਮਾੜਾ ਸਲੂਕ ਹੁੰਦਾ ਦਿਖ ਰਿਹਾ ਹੈ, ਇਨ੍ਹਾਂ ਨੂੰ ਡਰਾਇਆ-ਧਮਕਾਇਆ ਤੇ ਲੁੱਟਿਆਂ ਤੇ ਇਨ੍ਹਾਂ ਦੇ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਜਾਣਾ ਵੇਖਿਆ ਜਾ ਸਕਦਾ ਹੈ ਤੇ ਇਹ ਵੀਡੀਓ ਕਾਰਾ ਕਰਨ ਵਾਲਿਆਂ ਨੇ ਪੋਸਟ ਕੀਤੀਆਂ ਹਨ, ਨਾ ਕਿ ਪੀੜਤਾਂ ਨੇ ਕੀਤੀਆਂ ਹਨ। ਉਨ੍ਹਾਂ ਨੇ ਰਾਜੇਵਾਲ ਨੂੰ ਪੁੱਛਿਆ ਕਿ ਉਨ੍ਹਾਂ ਨੇ ਇਸ ਅਪਰਾਧੀ ਗਤੀਵਿਧੀ ਦਾ ਕੀ ਕੋਈ ਨੋਟਿਸ ਲਿਆ ਹੈ। ਇਸ ਮਾਮਲੇ ’ਚ ਉਨ੍ਹਾਂ ਨੇ ਕੀਤੀ ਕਾਰਵਾਈ ਬਾਰੇ ਲੋਕਾਂ ਤੇ ਹੋਰ ਕਿਸਾਨ ਯੂਨੀਅਨਾਂ ਨੂੰ ਕਿਉਂ ਨਹੀਂ ਦੱਸਿਆ।

ਡਾ. ਚੀਮਾ ਨੇ ਇਹ ਵੀ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਰਾਜੇਵਾਲ ਨੇ ਸਾਰੇ ਮਾਮਲੇ ਦਾ ਸਿਆਸੀਕਰਨ ਕਰਨ ਅਤੇ ਅਕਾਲੀ ਦਲ, ਜਿਸ ਨੇ ਕੇਂਦਰੀ ਮੰਤਰਾਲਾ ਵੀ ਛੱਡਿਆ ਤੇ ਐੱਨ. ਡੀ. ਏ. ਨਾਲੋਂ ਗੱਠਜੋੜ ਵੀ ਤੋੜਿਆ, ਨੂੰ ਬਦਨਾਮ ਕਰਨ ਦਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜੇਵਾਲ ਆਰਡੀਨੈਂਸ ਤਿਆਰ ਕਰਨ ’ਚ ਕਾਂਗਰਸ ਪਾਰਟੀ ਦੀ ਭੂਮਿਕਾ ਤੇ ਕਾਂਗਰਸ ਸਰਕਾਰ ਵੱਲੋਂ 2017 ਵਿਚ ਏ. ਪੀ. ਐੱਮ. ਸੀ. ਐਕਟਾਂ ’ਚ ਕੀਤੀਆਂ ਸੋਧਾਂ ਬਾਰੇ ਗੱਲ ਕਰਨ ’ਚ ਨਾਕਾਮ ਰਹੇ ਹਨ। ਅਕਾਲੀ ਆਗੂਆਂ ਨੇ ਸਪੱਸ਼ਟ ਕਿਹਾ ਕਿ 17 ਸਤੰਬਰ ਨੂੰ ਇਸ ਵੱਲੋਂ ਆਯੋਜਿਤ ਰੋਸ ਮਾਰਚ ਦਾ ਮਕਸਦ ਸਿਰਫ ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਨਾ ਸੀ ਤੇ ਰਾਜੇਵਾਲ ਨੂੰ ਇਸ ਕਦਮ ਦੀ ਸ਼ਲਾਘਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਮਾਰਚ ਵਿਚ ਵੀ ਸਪੱਸ਼ਟ ਕਰ ਦਿੱਤਾ  ਸੀ ਕਿ ਉਹ ਤਿੰਨ ਖੇਤੀ ਕਾਨੁੰਨ ਰੱਦ ਕਰਵਾਉਣ, ਐੱਮ. ਐੱਸ. ਪੀ. ਨੂੰ ਕਾਨੂੰਨੀ ਅਧਿਕਾਰ ਦੇਣ ਅਤੇ ਸਾਰੀਆਂ ਪ੍ਰਮੁੱਖ ਫਸਲਾਂ ਦੀ ਯਕੀਨੀ ਸਰਕਾਰੀ ਖਰੀਦ ਬਾਰੇ ਦ੍ਰਿੜ੍ਹ ਸੰਕਲਪ ਹੈ। ਉਨ੍ਹਾਂ ਨੇ ਦਿੱਲੀ ਰੋਸ ਮਾਰਚ ’ਚ ਇਨ੍ਹਾਂ ਮੰਗਾਂ ਬਾਰੇ ਹੀ ਨਾਅਰੇਬਾਜ਼ੀ ਕੀਤੀ ਸੀ ਤੇ ਉਹ ਇਹ ਮੰਗਾਂ ਪ੍ਰਵਾਨ ਹੋਣ ਤੱਕ ਅਕਾਲੀ ਦਲ ਇਨ੍ਹਾਂ ਨੂੰ ਚੁੱਕਦਾ ਰਹੇਗਾ।


author

Manoj

Content Editor

Related News