ਚੋਣਾਂ ਹਾਰ ਕੇ ਵੀ ਬਸਪਾ ਲਈ ਪੰਜਾਬ ''ਚ ਜਾਗੀ ਉਮੀਦ ਦੀ ਕਿਰਨ

06/01/2019 1:25:30 PM

ਜਲੰਧਰ— ਬਹੁਜਨ ਸਮਾਜ ਪਾਰਟੀ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ 'ਚ ਨਵੀਂ ਲੀਡਰਸ਼ਿਪ ਤਲਾਸ਼ਣੀ ਸ਼ੁਰੂ ਕਰ ਦਿੱਤੀ ਹੈ। ਬਸਪਾ ਦੇ ਗੜ੍ਹ ਸਮਝੇ ਜਾਂਦੇ ਦੋਆਬਾ ਖਿੱਤੇ 'ਚ ਪਾਰਟੀ ਦੇ ਉਭਾਰ ਨੇ ਕੌਮੀ ਲੀਡਰਸ਼ਿਪ ਨੂੰ ਉਤਸ਼ਾਹਤ ਕੀਤਾ ਹੈ। ਭਾਵੇਂ ਪਾਰਟੀ ਸੂਬੇ 'ਚ ਕੋਈ ਵੀ ਸੀਟ ਹਾਸਲ ਨਹੀਂ ਕਰ ਸਕੀ ਪਰ ਮਿਲੀਆਂ ਵੋਟਾਂ ਅਤੇ ਵਰਕਰਾਂ ਦੇ ਉਤਸ਼ਾਹ ਨੇ ਚੋਣਾਂ ਹਾਰ ਕੇ ਵੀ ਪੰਜਾਬ 'ਚ ਬਸਪਾ ਲਈ ਇਕ ਉਮੀਦ ਦੀ ਕਿਰਨ ਜਗਾਈ ਹੈ। ਬੀਤੇ ਦਿਨੀਂ ਹੀ ਬਸਪਾ ਨੇ ਪੰਜਾਬ ਯੂਨਿਟ ਨੂੰ ਭੰਗ ਕਰ ਦਿੱਤਾ ਅਤੇ ਨਵੇਂ ਸਿਰੇ ਤੋਂ ਪ੍ਰਧਾਨ ਦੀ ਚੋਣ ਕਰਨ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ। ਬਸਪਾ 'ਚ ਨਵੇਂ ਪ੍ਰਧਾਨ ਦੀ ਚੋਣ ਲਈ ਲੋਕ ਸਭਾ ਚੋਣਾਂ ਲੜ ਚੁੱਕੇ ਬਲਵਿੰਦਰ ਕੁਮਾਰ ਦਾ ਨਾਂ ਵੀ ਵਿਚਾਰਿਆ ਜਾ ਸਕਦਾ ਹੈ। 

ਪੰਜਾਬ ਮਾਮਲਿਆਂ ਦੇ ਇੰਚਾਰਜ ਰਣਧੀਰ ਬੈਨੀਵਾਲ ਨੇ ਦਾਅਵਾ ਕੀਤਾ ਹੈ ਕਿ ਲੋਕ ਸਭਾ ਚੋਣਾਂ 'ਚ ਪਾਰਟੀ ਦੀ ਕਾਰਗੁਜ਼ਾਰੀ ਵਧੀਆ ਰਹੀ ਹੈ। ਇਸ ਗੱਲ ਦਾ ਦੁੱਖ ਜ਼ਰੂਰ ਹੈ ਕਿ ਪਾਰਟੀ ਕੋਈ ਸੀਟ ਹਾਸਲ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਜਲਦੀ ਹੀ ਪੰਜਾਬ ਦੇ ਨਵੇਂ ਯੂਨਿਟ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਦਾ ਅੰਤਿਮ ਫੈਸਲਾ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਵੱਲੋਂ ਦਿੱਤੀ ਗਈ ਸਹਿਮਤੀ ਤੋਂ ਬਾਅਦ ਲਿਆ ਜਾਵੇਗਾ। ਪ੍ਰਧਾਨਗੀ ਲਈ ਤਿੰਨ ਮੈਂਬਰਾਂ ਦਾ ਪੈਨਲ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਜਲੰਧਰ ਪੁੱਜ ਰਹੇ ਹਨ ਅਤੇ ਇਕ-ਦੋ ਦਿਨ 'ਚ ਨਵਾਂ ਪ੍ਰਧਾਨ ਬਣਾਉਣ ਲਈ ਪਾਰਟੀ ਹਾਈਕਮਾਂਡ ਨੂੰ ਭੇਜੇ ਜਾਣ ਵਾਲੇ ਪੈਨਲ ਦੀ ਤਿਆਰੀ ਕਰ ਲੈਣਗੇ। 

ਸੂਤਰਾਂ ਅਨੁਸਾਰ ਨਵੇਂ ਪ੍ਰਧਾਨ ਦੀ ਚੋਣ ਲਈ ਨੌਜਵਾਨ ਚਿਹਰਾ ਤਲਾਸ਼ਿਆ ਜਾ ਰਿਹਾ ਹੈ। ਪਾਰਟੀ ਅੰਦਰ ਮੁਲਾਜ਼ਮਾਂ ਦੀ ਜਥੇਬੰਦੀ ਬਾਮਸੇਫ 'ਚੋਂ ਵੀ ਸੂਬਾ ਪ੍ਰਧਾਨ ਬਣਾਉਣ ਦੀ ਚਰਚਾ ਚੱਲ ਰਹੀ ਹੈ। ਪੰਜਾਬ ਅੰਦਰ ਪਾਰਟੀ 'ਚ ਨਵੀਂ ਰੂਹ ਫੂਕਣ ਲਈ ਤਜ਼ਰਬੇਕਾਰ ਅਤੇ ਬਸਪਾ ਦੇ ਕਿਸੇ ਟਕਸਾਲੀ ਆਗੂ ਅੱਗੇ ਕਰਨ 'ਤੇ ਗੱਲਬਾਤ ਹੋ ਰਹੀ ਹੈ। ਬਸਪਾ 'ਚ ਨਵੇਂ ਪ੍ਰਧਾਨ ਨਵੇਂ ਪ੍ਰਧਾਨ ਦੀ ਚੋਣ ਲਈ ਲੋਕ ਸਭਾ ਚੋਣਾਂ ਲੜ ਚੁੱਕੇ ਬਲਵਿੰਦਰ ਕੁਮਾਰ ਦਾ ਨਾਂ ਵੀ ਵਿਚਾਰਿਆ ਜਾ ਸਕਦਾ ਹੈ। ਦੋਆਬੇ ਦੇ ਹੀ ਇਕ ਹੋਰ ਆਗੂ ਜਸਵੀਰ ਗੜ੍ਹੀ ਦਾ ਨਾਂ ਵੀ ਹਾਈਕਮਾਂਡ ਨੂੰ ਭੇਜੇ ਜਾਣ ਵਾਲੇ ਪੈਨਲ 'ਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਹਨ। ਦੱਸ ਦੇਈਏ ਕਿ ਬੰਗਾ ਅਤੇ ਆਦਮਪੁਰ ਵਿਧਾਨ ਸਭਾ ਹਲਕਿਆਂ 'ਚ ਪਾਰਟੀ ਦੇ ਉਮੀਦਵਾਰ ਪਹਿਲੇ ਸਥਾਨ 'ਤੇ ਰਹੇ ਸਨ। ਇਸੇ ਤਰ੍ਹਾਂ ਨਵਾਂਸ਼ਹਿਰ ਤੇ ਬਲਾਚੌਰ 'ਚ ਵੀ ਬਸਪਾ ਨੇ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ।


shivani attri

Content Editor

Related News