ਅਕਾਲੀਆਂ ਦੀ ਤੂਤੀ ਬੋਲਣ ਵਾਲੇ ਮਾਲਵੇ 'ਚ ਅਕਾਲੀ ਦਲ ਨੂੰ ਲਗਦਾ ਜਾ ਰਿਹੈ ਖੋਰਾ

Friday, Oct 16, 2020 - 04:28 PM (IST)

ਅਕਾਲੀਆਂ ਦੀ ਤੂਤੀ ਬੋਲਣ ਵਾਲੇ ਮਾਲਵੇ 'ਚ ਅਕਾਲੀ ਦਲ ਨੂੰ ਲਗਦਾ ਜਾ ਰਿਹੈ ਖੋਰਾ

ਬਾਘਾ ਪੁਰਾਣਾ (ਚਟਾਨੀ): ਅਕਾਲੀ ਦਲ ਦੇ ਪ੍ਰਧਾਨ ਅਤੇ ਹੋਰਨਾਂ ਮੋਹਰੀ ਨੇਤਾਵਾਂ ਉਪਰ ਇਧਰਲੇ ਮਾਲਵੇ ਦੇ ਕਿਸਾਨ ਨੇਤਾਵਾਂ ਨੇ ਗੰਭੀਰ ਦੋਸ਼ ਲਾਏ ਹਨ ਕਿ ਉਹ ਕਿਸਾਨਾਂ ਨੂੰ ਇਸੇ ਕਰ ਕੇ ਆਖਿਰ ਤੱਕ ਗੁੰਮਰਾਹ ਕਰਦੇ ਰਹੇ ਸਨ ਕਿਉਂਕਿ ਅਕਾਲੀ ਦਲ ਅਤੇ ਵਿਸ਼ੇਸ਼ ਕਰ ਕੇ ਬਾਦਲ ਪਰਿਵਾਰ ਦੇ ਇਸ ਪਿੱਛੇ ਉਨ੍ਹਾਂ ਦੇ ਹਿੱਤ ਲੁਕੇ ਹੋਏ ਸਨ। ਕਿਸਾਨ ਆਗੂਆਂ ਤੋਂ ਇਲਾਵਾ ਅਕਾਲੀ ਦਲ ਦੇ ਵੀ ਕਈ ਸੰਜੀਦਾ ਨੇਤਾਵਾਂ ਨੇ ਬਾਦਲ ਪਰਿਵਾਰ ਉਪਰ ਦੋਹਰੀਆਂ ਚਾਲਾਂ ਚੱਲਣ ਦੇ ਇਲਜ਼ਾਮ ਵੀ ਲਾਏ ਹਨ। ਅਕਾਲੀ ਦਲ ਦੇ ਮਾਲਵੇ ਅੰਦਰਲੇ ਕਈ ਨੇਤਾਵਾਂ ਨੇ ਆਪਣੇ ਨਾਂ ਨਾ ਨਸ਼ਰ ਨਾ ਕਰਨ ਦੀ ਸ਼ਰਤ ਉਪਰ ਕਿਹਾ ਕਿ ਉਨ੍ਹਾਂ ਨੇ ਬਾਦਲਾਂ ਦੇ ਕਿਸਾਨ ਵਿਰੋਧੀ ਵਤੀਰੇ ਤੋਂ ਦੁਖੀ ਹੋ ਕੇ ਮੀਟਿੰਗ 'ਚ ਵਾਰ-ਵਾਰ ਇਹ ਗੱਲ ਆਖ਼ੀ ਸੀ ਕਿ ਭਾਜਪਾ ਦੇ ਇਸ਼ਾਰਿਆਂ ਉਪਰ ਉਹ (ਬਾਦਲ) ਕਿਸਾਨੀ ਦਾ ਨੁਕਸਾਨ ਕਰ ਰਹੇ ਹਨ, ਪਰ ਉਨ੍ਹਾਂ ਦੀ ਕਿਸੇ ਨੇ ਇਕ ਨਾ ਸੁਣੀ। ਅਕਾਲੀ ਦਲ ਅੰਦਰਲੇ ਤਾਨਾਸ਼ਾਹੀ ਵਤੀਰੇ ਤੋਂ ਪੀੜਤ ਅਜਿਹੇ ਨੇਤਾਵਾਂ ਨੂੰ ਕਿਹਾ ਕਿ ਹੁਣ ਉਨ੍ਹਾਂ ਦੇ ਸੱਭੇ ਸ਼ੰਕੇ ਦਰੁਸਤ ਸਾਬਤ ਹੋਏ ਹਨ ਪਰ ਹੁਣ ਪਾਣੀ ਸਿਰੋਂ ਲੰਘ ਚੁੱਕਾ ਹੈ। ਅਕਾਲੀ ਦਲ ਦੇ ਅਜਿਹੇ ਕਈ ਨੇਤਾਵਾਂ ਨੇ ਤਾਂ ਹੁਣ ਅਕਾਲੀ ਦਲ ਨਾਲੋਂ ਤੋੜ ਵਿਛੋੜੇ ਦੀ ਗੱਲ ਆਖ਼ੀ ਅਤੇ ਕਿਹਾ ਕਿ ਉਹ ਕਾਂਗਰਸ ਜਾਂ ਭਾਜਪਾ ਦਾ ਤਾਂ ਮੂੰਹ ਵੀ ਨਹੀਂ ਦੇਖਣਾ ਚਾਹੁੰਦੇ, ਪ੍ਰੰਤੂ ਹੁਣ ਤੀਜੇ ਬਦਲ ਵੱਲ ਉਹ ਤੇਜੀ ਨਾਲ ਕਦਮ ਵਧਾ ਰਹੇ ਹਨ। ਮਾਲਵੇ ਅੰਦਰ ਜਿਥੇ ਬਾਦਲਾਂ ਦੀ ਹਮੇਸ਼ਾ ਤੂਤੀ ਬੋਲਦੀ ਰਹੀ ਹੈ, ਉਸ ਖਿੱਤੇ 'ਚੋਂ ਬਾਦਲਾਂ ਖਿਲਾਫ਼ ਅਜਿਹੀਆਂ ਸੁਰਾਂ ਦਾ ਉਠਣਾ ਸਪੱਸ਼ਟ ਕਰਦਾ ਹੈ ਕਿ ਹੁਣ ਅਕਾਲੀ ਦਲ ਲਈ ਕਿਸਾਨਾਂ ਜਾਂ ਹੋਰਨਾਂ ਪੰਜਾਬੀਆਂ ਦੇ ਦਿਲਾਂ ਵਿਚ ਥਾਂ ਬਨਾਉਣੀ ਸੌਖੀ ਨਹੀਂ।

ਇਹ ਵੀ ਪੜ੍ਹੋ : ਜਿਸ ਦੀ ਲੰਬੀ ਉਮਰ ਲਈ ਲਿਆ ਸੀ ਵਰਤ ਦਾ ਸਾਮਾਨ, ਉਸੇ ਨੇ ਸੁੱਤੀ ਪਈ ਨੂੰ ਦਿੱਤੀ ਖ਼ੌਫ਼ਨਾਕ ਮੌਤ

ਵਿਰੋਧ ਦੇ ਬਾਵਜੂਦ ਭਾਜਪਾ ਦੇ ਹੌਂਸਲੇ ਬੁਲੰਦ
ਖੇਤੀ ਆਰਡੀਨੈਂਸਾਂ ਖ਼ਿਲਾਫ਼ ਭਾਜਪਾ ਵਿਰੁੱਧ ਚਾਰੇ ਪਾਸੇ ਉਠ ਰਹੀ ਗੁੱਸੇ ਦੀ ਲਹਿਰ ਨਾਲ ਜਿਥੇ ਭਾਜਪਾ ਦੇ ਹੌਂਸਲੇ ਪਸਤ ਹੋਣੇ ਚਾਹੀਦੇ ਸਨ, ਇਸ ਦੇ ਐਨ ਉਲਟ ਭਾਜਪਾ ਨੇ ਹੁਣ ਡੰਕੇ ਦੀ ਚੋਟ ਵਜਾਉਂਦਿਆਂ ਐਲਾਨ ਕੀਤਾ ਹੈ ਕਿ ਉਹ ਆਪਣੇ ਬਲਬੂਤੇ ਪੰਜਾਬ ਦੀਆਂ ਸਾਰੀਆਂ ਦੀਆਂ ਸਾਰੀਆਂ (117) ਸੀਟਾਂ ਉਪਰ 2022 ਵਾਲੀ ਜੰਗ ਲੜੇਗੀ ਨੂੰ ਸੱਭੇ ਵੋਟਰ ਹੈਰਾਨੀ ਨਾਲ ਤੱਕ ਰਹੇ ਹਨ। ਪਿੰਡਾਂ ਅੰਦਰਲੇ ਵੱਡੇ ਵੋਟ ਬੈਂਕ ਵਾਲੇ ਅਕਾਲੀ ਦਲ ਦੀ ਹੁਣ ਡਿੱਗ ਚੁੱਕੀ ਸਾਖ਼ ਨੂੰ ਦੇਖਦਿਆਂ ਹੀ ਸ਼ਾਇਦ ਭਾਜਪਾ ਸਾਰੀਆਂ ਸੀਟਾਂ ਉਪਰ ਚੋਣ ਲੜਨ ਦੇ ਦਾਅਵੇ ਕਰ ਰਹੀ ਹੈ। ਭਾਵੇਂ ਅਕਾਲੀ ਦਲ ਨੇ ਕਿਸਾਨਾਂ ਦੀ ਲੜਾਈ ਨੂੰ ਸੰਸਦ ਅੰਦਰ ਉਸ ਹਿੱਕ ਥਾਪੜਵੇਂ ਦਾਅਵੇ ਨਾਲ ਨਹੀਂ ਲੜਿਆ, ਜਿਸ ਢੰਗ ਨਾਲ ਗਠਜੋੜ ਦੇ ਭਾਈਵਾਲ ਹੁੰਦਿਆਂ ਲੜਨਾ ਚਾਹੀਦਾ ਸੀ ਪਰ ਅਕਾਲੀ ਦਲ ਨੇ ਆਖ਼ਰੀ ਪਲਾਂ 'ਚ ਕੇਂਦਰੀ ਮੰਤਰੀ ਵਾਲੀ ਕੁਰਸੀ ਦੇ ਨਾਲ-ਨਾਲ ਗਠਜੋੜ 'ਚੋਂ ਬਾਹਰ ਆ ਕੇ ਪੰਜਾਬ ਦੇ ਕਿਸਾਨਾਂ ਦੇ ਮੱਥੇ ਲੱਗਣ ਜੋਗਾ ਤਾਂ ਆਪਣੇ ਆਪ ਨੂੰ ਕਰ ਹੀ ਲਿਆ ਹੈ ਪਰ ਟਰੈਕਟਰ ਰੈਲੀਆਂ ਵਰਗੇ ਡਰਾਮਿਆਂ ਨਾਲ ਇਹ ਇਹ ਮੁੜ ਕਿਸਾਨਾਂ ਤੋਂ ਦੂਰ ਹੋ ਕੇ ਉਥੇ ਹੀ ਆਣ ਖੜਿਆ ਹੈ, ਜਿਥੇ ਕਾਂਗਰਸ ਵਰਗੀਆਂ ਪਾਰਟੀਆਂ ਖੜੀਆਂ ਹਨ। ਅਜਿਹੀ ਸਥਿਤੀ ਨੂੰ ਭਾਂਪਦਿਆਂ ਹੀ ਹੁਣ ਭਾਜਪਾ ਨੇ ਆਪਣੇ ਖੰਭ ਖਿਲਾਰ ਲਏ ਹਨ। ਇਸ ਸਥਿਤੀ ਦੇ ਪੈਦਾ ਹੋਣ ਤੋਂ ਪਹਿਲਾਂ ਵੀ ਭਾਜਪਾ ਨੇ ਪੰਜਾਬ ਅੰਦਰ 23 ਦੀ ਬਜਾਏ ਆਪਣੇ ਲਈ 59 ਸੀਟਾਂ ਦੀ ਮੰਗ ਨੂੰ ਵੀ ਪੂਰੀ ਸ਼ਿੱਦਤ ਨਾਲ ਉਠਾਇਆ ਸੀ।

ਇਹ ਵੀ ਪੜ੍ਹੋ: ਗਠਜੋੜ ਟੁੱਟਣ ਤੋਂ ਬਾਅਦ ਪਾਰਟੀਆਂ ਨੂੰ ਮਜਬੂਤ ਕਰਨ 'ਚ ਲੱਗੇ ਅਕਾਲੀ ਦਲ ਅਤੇ ਭਾਜਪਾ

ਪੇਂਡੂ ਵੋਟ ਹਥਿਆਉਣ ਲਈ ਭਾਜਪਾ ਤੱਕ ਰਹੀ ਹੈ ਸਿੱਧੂ ਵੱਲ
ਭਾਜਪਾ ਇਸ ਗੱਲ ਤੋਂ ਭਲੀਭਾਂਤ ਜਾਣੂੰ ਹੈ ਕਿ ਉਹ ਅਜੇ ਇਸ ਸਥਿਤੀ 'ਚ ਨਹੀਂ ਕਿ ਪਿੰਡਾਂ ਅੰਦਰਲੀਂ ਵੋਟ ਨੂੰ ਆਪਣੇ ਹੱਕ ਵਿਚ ਕਰ ਸਕੇ, ਪਰ ਇਹ ਫਿਰ ਵੀ ਆਸਵੰਦ ਜ਼ਰੂਰ ਹੈ। ਪਿੰਡਾਂ 'ਚ ਪੈਰ ਜਮਾਉਣ ਵਾਸਤੇ ਉਸ ਨੂੰ ਕਿਸੇ ਅਜਿਹੇ ਸਿੱਖ ਚਿਹਰੇ ਦੀ ਵੀ ਭਾਲ ਹੈ ਜਿਸ ਦੀ ਪਿੰਡਾਂ ਅੰਦਰਲੇ ਕਿਸਾਨਾਂ ਦੇ ਨਾਲ-ਨਾਲ ਸਿੱਖਾਂ 'ਚ ਵੀ ਚੰਗੀ ਪਛਾਣ ਹੋਵੇ। ਫਿਰ ਅਜਿਹੀਆਂ ਸਾਰੀਆਂ ਖੂਬੀਆਂ ਵਾਲਾ ਜੇਕਰ ਕੋਈ ਚਿਹਰਾ ਹੈ ਤਾਂ ਉਹ ਸਿਰਫ਼ ਨਵਜੋਤ ਸਿੰਘ ਸਿੱਧੂ ਹੀ ਹੈ, ਜਿਸ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲਵਾਉਣ ਦਾ ਸਿਹਰਾ ਵੀ ਜਾਂਦਾ ਹੈ ਅਤੇ ਉਹ ਇਕ ਧੱਕੜ ਬੁਲਾਰਾ ਵੀ ਹੈ। ਕਾਂਗਰਸ 'ਚ ਸਿੱਧੂ ਦਾ ਲਗਭਗ ਹਰੇਕ ਵੱਡੇ ਚਿਹਰੇ ਨਾਲ 36 ਦਾ ਅੰਕੜਾ ਚੱਲਦਾ ਆ ਰਿਹਾ ਹੈ ਅਤੇ ਉਹ ਕਾਂਗਰਸ 'ਚ ਆਪਣੇ ਆਪ ਨੂੰ ਅਰਾਮਦਾਇਕ ਵੀ ਨਹੀਂ ਸਮਝ ਰਹੇ। ਜੇਕਰ ਭਾਜਪਾ ਨੇ ਸਿੱਧੂ ਉਪਰ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਤਾਂ ਲਗਦਾ ਹੈ ਕਿ ਸਿੱਧੂ ਮੁੜ ਆਪਣੀ ਮਾਂ ਪਾਰਟੀ ਵਿਚ ਜਾਣਾ ਵੀ ਪਸੰਦ ਕਰਨਗੇ। ਜੇਕਰ ਸਿੱਧੂ ਭਾਜਪਾ ਵਿਚ ਪ੍ਰਵੇਸ਼ ਕਰ ਗਏ ਤਾਂ ਅਕਾਲੀ ਦਲ ਵਾਲਾ ਪੇਂਡੂ ਵੋਟ ਬੈਂਕ ਭਾਜਪਾ ਵਿਚ ਤਬਦੀਲ ਹੁੰਦਿਆਂ ਦੇਰ ਨਹੀਂ ਲੱਗੇਗੀ।


author

Baljeet Kaur

Content Editor

Related News