ਖ਼ਾਲਿਸਤਾਨ ਦੀ ਮੰਗ 'ਤੇ ਆਪਣਾ ਪੱਖ ਸਪੱਸ਼ਟ ਕਰੇ ਬਾਦਲ ਪਰਿਵਾਰ : ਜੀ. ਕੇ.

06/17/2020 11:04:11 AM

ਨਵੀਂ ਦਿੱਲੀ, (ਬਿਊਰੋ)– ਖ਼ਾਲਿਸਤਾਨ ਦੇ ਮਸਲੇ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਕੱਲ ਮੀਡੀਆ ਨੂੰ ਜਾਰੀ ਕੀਤੇ ਗਏ ਇਕ ਬਿਆਨ ਰਾਹੀਂ ਦਿੱਤੀ ਗਈ ਸਪੱਸ਼ਟਤਾ ਨੂੰ ਜਾਗੋ ਪਾਰਟੀ ਨੇ ਗੈਰ-ਜ਼ਰੂਰੀ ਦੱਸਿਆ ਹੈ। ਨਾਲ ਹੀ ਬਾਦਲ ਪਰਿਵਾਰ ਵਲੋਂ ਖੁਦ ਚੁੱਪ ਰਹਿ ਕੇ ਆਪਣੇ ਸਿਆਸੀ ਏਜੰਡੇ ਦੀ ਪੂਰਤੀ ਲਈ ਜਥੇਦਾਰ ਨੂੰ ਵਾਰ-ਵਾਰ ਅੱਗੇ ਕਰਨ ਨੂੰ ਵੀ ਗਲਤ ਦੱਸਿਆ ਹੈ। ਜਾਗੋ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਜਥੇਦਾਰ ਸਾਹਿਬ ਕੌਮ ਦੀ ਆਵਾਜ਼ ਹਨ, ਉਨ੍ਹਾਂ ਦਾ ਇਸਤੇਮਾਲ ਬਾਦਲ ਪਰਿਵਾਰ ਨੂੰ ਆਪਣੇ ਪਾਰਟੀ ਬੁਲਾਰੇ ਦੇ ਤੌਰ 'ਤੇ ਕਰਨ ਤੋਂ ਸੰਕੋਚ ਕਰਨਾ ਚਾਹੀਦਾ ਹੈ।

ਅਕਾਲੀ ਦਲ ਦੇ ਵੱਡੇ ਨੇਤਾਵਾਂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਖ਼ਾਲਿਸਤਾਨ ਦੇ ਸਮਰਥਕ ਹਨ ਜਾਂ ਵਿਰੋਧੀ, ਕਿਉਂਕਿ ਜਥੇਦਾਰ ਸਾਹਿਬ ਤਾਂ ਗੁਰਬਾਣੀ ਦੇ ਫ਼ਲਸਫ਼ੇ ਅਤੇ ਕੌਮੀ ਦਰਦ ਨੂੰ ਬਿਆਨ ਕਰ ਰਹੇ ਹਨ, ਜਦੋਂ ਕਿ ਅਕਾਲੀ ਦਲ ਉਨ੍ਹਾਂ ਦੇ ਬਿਆਨਾਂ 'ਚ ਆਪਣਾ ਫਾਇਦਾ-ਨੁਕਸਾਨ ਸਰਕਾਰੀ ਫਾਇਦਿਆਂ ਦੀ ਟੌਕਰੀ 'ਚ ਤੋਲ ਰਿਹਾ ਹੈ। ਇਹੀ ਕਾਰਣ ਹੈ ਕਿ ਇਕ ਪਾਸੇ ਅਕਾਲੀ ਦਲ ਕੇਂਦਰ ਸਰਕਾਰ 'ਚ ਹਿੱਸੇਦਾਰ ਹੈ ਅਤੇ ਦੂਜੇ ਪਾਸੇ ਸਿੱਖ ਅਤੇ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਵਾਉਣ ਦੀ ਅਕਾਲੀ ਮੰਤਰੀ ਦੀ ਗੰਭੀਰਤਾ ਸ਼ੱਕੀ ਹੈ।
 ਜੀ. ਕੇ. ਨੇ ਆਪ੍ਰੇਸ਼ਨ ਬਲਿਊ ਸਟਾਰ ਨਾਲ ਸਬੰਧਤ ਵਿਦੇਸ਼ੀ ਸਹਾਇਤਾ ਦੇ ਦਸਤਾਵੇਜ਼ ਬਾਹਰ ਕਢਵਾਉਣ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਅਪੀਲ ਕਰਦੇ ਹੋਏ ਕੌਮੀ ਮਸਲਿਆਂ 'ਤੇ ਅਕਾਲੀ ਪ੍ਰਤੀਨਿਧੀ ਨੂੰ ਚੌਕਸ ਰਹਿਣ ਦੀ ਨਸੀਹਤ ਵੀ ਦਿੱਤੀ।
ਇੰਗਲੈਂਡ ਤੋਂ ਬਾਅਦ ਹੁਣ ਇਸਰਾਈਲ ਵਲੋਂ ਆਪ੍ਰੇਸ਼ਨ ਬਲਿਊ ਸਟਾਰ 'ਚ ਭਾਰਤੀ ਫ਼ੌਜ ਨੂੰ ਸਹਿਯੋਗ ਦੇਣ ਦੀ ਜਾਣਕਾਰੀ ਦਿੰਦੇ ਹੋਏ ਜੀ. ਕੇ. ਨੇ ਦੱਸਿਆ ਕਿ ਪਿਛਲੇ ਦਿਨੀਂ ਮੀਡੀਆ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਜੂਨ 1984 'ਚ ਭਾਰਤੀ ਫ਼ੌਜ ਵਲੋਂ ਸ੍ਰੀ ਦਰਬਾਰ ਸਾਹਿਬ 'ਤੇ ਕੀਤੇ ਗਏ ਹਮਲੇ ਦੇ ਸਮੇਂ 6 ਜੂਨ ਨੂੰ ਰਾਤ 10.30 ਵਜੇ ਭਾਰਤੀ ਫ਼ੌਜ ਦੀ 56ਵੀਂ ਕਮਾਂਡੋ ਕੰਪਨੀ ਦੇ ਜੋ ਕਮਾਂਡੋ ਸ਼੍ਰੀ ਦਰਬਾਰ ਸਾਹਿਬ 'ਚ ਦਾਖ਼ਲ ਹੋਏ ਸਨ, ਉਨ੍ਹਾਂ ਨੇ 1983 'ਚ ਅਜਿਹੇ ਆਪ੍ਰੇਸ਼ਨ ਕਰਨ ਦੀ ਸਿਖ਼ਲਾਈ ਇਸਰਾਈਲ ਦੀ ਖੂਫੀਆ ਏਜੰਸੀ ਮੋਸਾਦ ਤੋਂ ਲਈ ਸੀ। ਇਨ੍ਹਾਂ ਨੂੰ ਉਦੋਂ 'ਸਪੈਸ਼ਲ ਗਰੁੱਪ' ਦੇ ਤੌਰ 'ਤੇ ਜਾਣਿਆ ਜਾਂਦਾ ਸੀ ਪਰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਰਾਜੀਵ ਗਾਂਧੀ ਨੇ ਇਨ੍ਹਾਂ ਨੂੰ ਗਾਂਧੀ ਪਰਿਵਾਰ ਦੀ ਸੁਰੱਖਿਆ 'ਚ 'ਸਪੈਸ਼ਲ ਪ੍ਰੋਟਕੈਸ਼ਨ ਗਰੁੱਪ' (ਐੱਸ. ਪੀ. ਜੀ.) ਬਣਾ ਕੇ ਲਗਾਇਆ ਸੀ। ਜੀ. ਕੇ. ਨੇ ਕਿਹਾ ਕਿ ਇਸ ਤੋਂ ਸਪੱਸ਼ਟ ਲਗਦਾ ਹੈ ਕਿ ਇੰਦਰਾ ਗਾਂਧੀ ਨੇ ਆਪ੍ਰੇਸ਼ਨ ਬਲਿਊ ਸਟਾਰ ਦੀ ਤਿਆਰੀ 1983 'ਚ ਕਰ ਲਈ ਸੀ, ਜਿਸ ਲਈ ਬਕਾਇਦਾ ਇੰਗਲੈਂਡ ਅਤੇ ਇਸਰਾਈਲ ਤੋਂ ਮਦਦ ਵੀ ਲਈ ਗਈ ਸੀ। ਇਹ ਬਹੁਤ ਵੱਡਾ ਖੁਲਾਸਾ ਹੈ, ਇਸ ਲਈ ਮੋਦੀ ਸਰਕਾਰ 'ਚ ਬੈਠੀ ਬਾਦਲ ਪਰਿਵਾਰ ਦੀ ਨੂੰਹ ਨੂੰ ਮੰਤਰੀ ਹੋਣ ਦੇ ਨਾਤੇ ਇਹ ਸਾਰੇ ਦਸਤਾਵੇਜ ਜਨਤਕ ਕਰਨੇ ਚਾਹੀਦੇ ਹਨ, ਕਿਉਂਕਿ ਇਨ੍ਹਾਂ ਦਸਤਾਵੇਜਾਂ ਤੋਂ ਸਪੱਸ਼ਟ ਹੋ ਜਾਵੇਗਾ ਕਿ ਇੰਦਰਾ ਗਾਂਧੀ ਨੇ ਚੋਣ ਫਾਇਦੇ ਲਈ ਸਿੱਖਾਂ ਦੇ ਪਵਿੱਤਰ ਸਥਾਨ 'ਚ ਬਿਨਾਂ ਲੋੜ ਤੋਂ ਫ਼ੌਜ ਦਾ ਇਸਤੇਮਾਲ ਕੀਤਾ ਸੀ।


Bharat Thapa

Content Editor

Related News