ਅੰਦਰੋਂ ਅੱਜ ਵੀ ਮੋਦੀ ਸਰਕਾਰ ਨਾਲ ਘਿਓ-ਖਿਚੜੀ ਹੈ ਬਾਦਲ ਪਰਿਵਾਰ : ਸੰਧਵਾਂ

08/15/2021 12:29:34 AM

ਚੰਡੀਗੜ੍ਹ(ਸ਼ਰਮਾ)- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਬਾਦਲ ਪਰਿਵਾਰ ਉਤੇ ਨਰਿੰਦਰ ਮੋਦੀ ਸਰਕਾਰ ਨਾਲ ਰਲੇ ਹੋਣ ਦੇ ਦੋਸ਼ ਲਾਏ ਹਨ। ‘ਆਪ’ ਆਗੂ ਨੇ ਸੀਨੀਅਰ ਬਾਦਲ ਵਲੋਂ ਖੇਤੀ ਵਿਰੋਧੀ ਕਾਨੂੰਨਾਂ ਬਾਰੇ ਸਾਧੀ ਲੰਬੀ ਚੁੱਪੀ ’ਤੇ ਸਵਾਲ ਉਠਾਏ ਕਿ ਜਦੋਂ ਕੇਂਦਰ ਸਰਕਾਰ ਵਲੋਂ ਕਾਲੇ ਖੇਤੀ ਕਾਨੂੰਨ ਜ਼ਬਰਨ ਥੋਪੇ ਜਾ ਰਹੇ ਸਨ, ਉਦੋਂ ਸੀਨੀਅਰ ਬਾਦਲ ਵੀਡੀਓ ਰਾਹੀਂ ਇਨ੍ਹਾਂ ਮਾਰੂ ਕਾਨੂੰਨਾਂ ਦੇ ਹੱਕ ਵਿਚ ਬੋਲਦਿਆਂ ਇਨ੍ਹਾਂ ਨੂੰ ਕਿਸਾਨਾਂ ਪੱਖੀ ਦੱਸਦੇ ਰਹੇ ਪਰ ਜਦੋਂ ਕਿਸਾਨਾਂ ਦੇ ਦਬਾਅ ਹੇਠ ਮੋਦੀ ਸਰਕਾਰ ਵਿਚੋਂ ਨਿਕਲਣਾ ਪੈ ਗਿਆ, ਉਸ ਉਪਰੰਤ ਉਨ੍ਹ੍ਹਾਂ (ਬਾਦਲ) ਇਕ ਵਾਰ ਵੀ ਕਾਲੇ ਕਾਨੂੰਨਾਂ ਖ਼ਿਲਾਫ਼ ਆਪਣਾ ਮੂੰਹ ਨਹੀਂ ਖੋਲ੍ਹਿਆ।

ਇਹ ਵੀ ਪੜ੍ਹੋ : ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਨੂੰ ਲਿਖੀ ਚਿੱਠੀ, ਕਿਹਾ-ਪੰਜਾਬ ’ਚ ਪੇਸ਼ ਕੀਤਾ ਜਾਵੇ ਵੱਖਰਾ ਖੇਤੀਬਾੜੀ ਬਜਟ

ਸ਼ਨੀਵਾਰ ਨੂੰ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਦੇ ਸਭ ਤੋਂ ਸੀਨੀਅਰ ਸਿਆਸੀ ਆਗੂ ਅਤੇ ਖ਼ੁਦ ਨੂੰ ਕਿਸਾਨਾਂ ਦਾ ਮਸੀਹਾ ਕਹਾਉਂਦੇ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਕਾਲੇ ਤਿੰਨ ਖੇਤੀ ਕਾਨੂੰਨਾਂ ਦੇ ਮਸਲੇ ’ਤੇ ਅਜੇ ਤੱਕ ਇਕ ਵਾਰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਨਹੀਂ ਕੀਤੀ, ਜਦੋਂ ਕਿ ਪੰਜਾਬ ਸਮੇਤ ਸਮੁੱਚੇ ਦੇਸ਼ ਦਾ ਕਿਸਾਨ ਕੇਂਦਰ ਦੇ ਤਿੰਨੇ ਕਾਲੇ ਖੇਤੀ ਕਾਨੂੰਨਾਂ ਦਾ ਲੰਬੇ ਸਮੇਂ ਤੋਂ ਵਿਰੋਧ ਕਰ ਰਿਹਾ ਹੈ ਅਤੇ ਦਿੱਲੀ ਦੀਆਂ ਸਰਹੱਦਾਂ ’ਤੇ ਪਿਛਲੇ 9 ਮਹੀਨਿਆਂ ਤੋਂ ਮੰਗਾਂ ਲਈ ਡਟਿਆ ਬੈਠਾ ਹੈ।

ਇਹ ਵੀ ਪੜ੍ਹੋ : ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਲੱਗਾ ਵੱਡਾ ਸਦਮਾ, ਪਿਤਾ ਦਾ ਹੋਇਆ ਦੇਹਾਂਤ

ਸੰਧਵਾਂ ਨੇ ਟਿੱਪਣੀ ਕੀਤੀ ਜੇਕਰ ਮਸਲਾ ਕੇਂਦਰ ਵਿਚ ਸੁਖਬੀਰ ਸਿੰਘ ਬਾਦਲ ਜਾਂ ਹਰਸਿਮਰਤ ਕੌਰ ਬਾਦਲ ਨੂੰ ਕੁਰਸੀ (ਵਜ਼ੀਰੀ) ਬਾਰੇ ਹੁੰਦਾ ਤਾਂ ਸੀਨੀਅਰ ਬਾਦਲ ਨੇ ਗੇੜੇ ਮਾਰ- ਮਾਰ ਹੁਣ ਤੱਕ ਮੋਦੀ ਅਤੇ ਅਮਿਤ ਸ਼ਾਹ ਦੀ ਦਹਿਲੀਜ਼ ਘਸਾ ਦੇਣੀ ਸੀ। ਸੰਧਵਾਂ ਨੇ ਸੂਬੇ ਦੇ ਲੋਕਾਂ ਨੂੰ ਬਾਦਲ ਪਰਿਵਾਰ ਦੀਆਂ ਸਿਆਸੀ ਚਾਲਾਂ ਤੋਂ ਸੁਚੇਤ ਰਹਿਣ ਲਈ ਆਖਦਿਆਂ ਕਿਹਾ ਕਿ ਇਸ ਪਰਿਵਾਰ ਦਾ ਇਤਿਹਾਸ ਗਵਾਹ ਹੈ ਕਿ ਇਹ ਮੌਕਾਪ੍ਰਸਤੀ ਦਿਖਾਉਣ ਲੱਗੇ ਇਕ ਮਿੰਟ ਨਹੀਂ ਲਾਉਂਦਾ।


Bharat Thapa

Content Editor

Related News