ਬੁਰੀ ਖ਼ਬਰ : ਸਹੌਲੀ ਦੇ 60 ਸਾਲਾ ਬਜ਼ੁਰਗ ਦੀ ਸਿੰਘੂ ਬਾਰਡਰ ''ਤੇ ਹਾਰਟ ਅਟੈਕ ਨਾਲ ਮੌਤ
Wednesday, Dec 16, 2020 - 03:24 PM (IST)
ਭਾਦਸੋਂ (ਅਵਤਾਰ) : ਖ਼ੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਕੇਂਦਰ ਸਰਕਾਰ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦਰਮਿਆਨ ਅੱਜ ਇਕ ਹੋਰ ਬੇਹੱਦ ਬੁਰੀ ਖ਼ਬਰ ਸਾਹਮਣੇ ਆਈ ਹੈ। ਇਸੇ ਦੇ ਅਧੀਨ ਅੱਜ ਥਾਣਾ ਭਾਦਸੋਂ ਅੰਦਰ ਪੈਂਦੇ ਪਿੰਡ ਸਹੌਲੀ ਦੇ ਕਿਸਾਨ ਪਾਲ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਕਿਸਾਨ ਦੀ ਉਮਰ 60 ਸਾਲ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਪਾਲ ਸਿੰਘ ਪੁਤਰ ਜੋਰਾ ਸਿੰਘ ਵਾਸੀ ਸਹੌਲੀ ਦਿੱਲੀ ਵਿਖੇ ਚੱਲ ਰਹੇ ਕਿਸਾਨ ਸੰਘਰਸ਼ 'ਚ ਸ਼ਾਮਲ ਹੋਏ ਸਨ। ਮ੍ਰਿਤਕ ਕਿਸਾਨ ਪਾਲ ਸਿੰਘ ਦਾ ਪੋਸਟਮਾਰਟਮ ਸੋਨੀਪਤ ਹਸਪਤਾਲ 'ਚ ਕਰਵਾਇਆ ਜਾ ਰਿਹਾ ਹੈ, ਜਿਸ ਦੇ ਬਾਅਦ ਮ੍ਰਿਤਕ ਦੇਹ ਪਿੰਡ ਲਿਆਂਦੀ ਜਾਵੇਗੀ। ਮ੍ਰਿਤਕ ਪਾਲ ਸਿੰਘ ਦਾ ਅੰਤਿਮ ਸੰਸਕਾਰ ਪਿੰਡ 'ਚ ਹੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਅਕਾਲੀ ਦਲ ਇਕ ਪਾਰਟੀ ਨਹੀਂ, ਸੋਚ ਤੇ ਜਜ਼ਬਾ : ਸਿਰਸਾ
ਇੱਥੇ ਦੱਸ ਦਈਏ ਬੀਤੇ ਦਿਨੀਂ ਪਿੰਡ ਭਿੰਡਰ ਕਲਾਂ ਦੇ ਮੱਖਣ ਖ਼ਾਨ (45) ਦੀ ਸੋਮਵਾਰ ਨੂੰ ਸਿੰਘੂ ਬਾਡਰ 'ਤੇ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ ਸੀ। ਮੱਖਣ ਖਾਨ ਕੋਲ ਜ਼ਮੀਨ ਤਾਂ ਨਹੀਂ ਸੀ ਪਰ ਇਸ ਦੇ ਬਾਵਜੂਦ ਉਹ ਕਿਸਾਨ ਅੰਦੋਲਨ ਨਾਲ ਜੁੜਿਆ ਹੋਇਆ ਸੀ। ਸੋਮਵਾਰ ਨੂੰ ਕਿਸਾਨਾਂ ਦੀ ਹੜਤਾਲ ਵਿਚ ਹਿੱਸਾ ਲੈਣ ਸਮੇਂ ਜਦੋਂ ਸਟੇਜ 'ਤੇ ਬੁਲਾਰਾ ਬੋਲ ਰਿਹਾ ਸੀ ਤਾਂ ਸਟੇਜ ਦੇ ਇਕ ਪਾਸੇ ਖੜ੍ਹੇ ਮੱਖਣ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਮੱਖਣ ਖ਼ਾਨ ਦੀ ਮ੍ਰਿਤਕ ਦੇਹ ਨੂੰ ਬਾਅਦ ਵਿਚ ਸੋਨੀਪਤ ਦੇ ਹਸਪਤਾਲ ਵਿਚ ਲਿਜਾਇਆ ਗਿਆ। ਗ਼ਰੀਬ ਪਰਿਵਾਰ ਨਾਲ ਸੰਬੰਧਤ ਮੱਖਣ ਖ਼ਾਨ ਪਸ਼ੂਆਂ ਦਾ ਕਾਰੋਬਾਰ ਕਰਦਾ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਗੋਲ਼ੀਆਂ ਮਾਰ ਕੇ ਨੌਜਵਾਨ ਦਾ ਕਤਲ
ਦਿੱਲੀ ਧਰਨੇ ਤੋਂ ਵਾਪਸ ਪਰਤ ਰਹੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਸਫੇੜਾ ਦੇ ਦੋ ਕਿਸਾਨਾਂ ਦੀ ਭਿਆਨਕ ਸੜਕ ਹਾਦਸੇ 'ਚ ਮੌਤ ਹੋ ਗਈ। ਇਹ ਵੀ ਪਤਾ ਲੱਗਾ ਹੈ ਕਿ ਇਸ ਹਾਦਸੇ ਵਿਚ ਕਈ ਹੋਰ ਜ਼ਖ਼ਮੀ ਹੋ ਗਏ ਹਨ। ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਲਹਿਰਾਗਾਗਾ ਕਤਲ ਕਾਂਡ 'ਚ ਵੱਡਾ ਖ਼ੁਲਾਸਾ, ਪਤਨੀ ਤੇ ਭਰਾ ਹੀ ਨਿਕਲਿਆ ਕਾਤਲ
ਨੋਟ : ਖੇਤੀ ਕਾਨੂੰਨ 'ਤੇ ਕੇਂਦਰ ਦੇ ਅੜੀਅਲ ਰਵੱਈਏ 'ਤੇ ਕੀ ਹੈ ਤੁਹਾਡੀ ਰਾਇ?