SGPC ਦੇ ਸਾਬਕਾ ਪ੍ਰਧਾਨ 'ਅਵਤਾਰ ਸਿੰਘ ਮੱਕੜ' ਦੇ ਸਿਆਸੀ ਸਫਰ 'ਤੇ ਇਕ ਝਾਤ

12/21/2019 3:32:56 PM

ਲੁਧਿਆਣਾ (ਨਰਿੰਦਰ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। 78 ਸਾਲਾਂ ਦੇ ਅਵਤਾਰ ਸਿੰਘ ਮੱਕੜ ਨੂੰ ਬੀਤੇ ਦਿਨ ਅਚਾਨਕ ਜ਼ਿਆਦਾ ਸਿਹਤ ਖਰਾਬ ਹੋਣ ਕਾਰਨ ਗੁੜਗਾਓਂ ਦੇ ਫੋਰਟਿਸ ਹਸਪਤਾਲ ਭਰਤੀ ਕਰਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਏ। ਅਵਤਾਰ ਸਿੰਘ ਮੱਕੜ ਦਾ ਅੰਤਿਮ ਸੰਸਕਾਰ 22 ਦਸੰਬਰ ਨੂੰ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਂਸ਼ਨ 'ਚ ਸਥਿਤ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ।
ਅਵਤਾਰ ਸਿੰਘ ਮੱਕੜ ਦਾ ਸਿਆਸੀ ਸਫਰ
ਨਵੰਬਰ, 2005 ਤੋਂ ਪਹਿਲਾਂ ਅਵਤਾਰ ਸਿੰਘ ਮੱਕੜ ਆਪਣੇ ਸ਼ਹਿਰ ਲੁਧਿਆਣਾ 'ਚ ਇਕ ਮੁਹੱਲਾ ਗੁਰਦੁਆਰਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪੱਧਰੀ ਅਹੁਦਾ ਅਧਿਕਾਰੀ ਦੇ ਮੁਖੀ ਸੀ। ਮੱਕੜ ਜੀਵਨ ਬੀਮਾ ਨਿਗਮ 'ਚ ਕਲਰਕ ਦੇ ਤੌਰ 'ਤੇ ਕੰਮ ਕਰਨ ਵਾਲੇ ਇਕ ਮੁਲਾਜ਼ਮ ਸਨ, ਜੋ ਕਿ 1986 'ਚ ਅਸਤੀਫਾ ਦੇ ਕੇ ਸਿਆਸਤ 'ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਹਿਯੋਗ ਨਾਲ ਐੱਸ. ਜੀ. ਪੀ. ਸੀ. ਨੂੰ ਬੁਲੰਦੀਆਂ ਤੱਕ ਪਹੁੰਚਾਇਆ। ਇਸ ਤੋਂ ਬਾਅਦ ਖੁਦ ਇਸ ਸੇਵਾ ਤੋਂ ਮੁਕਤੀ ਦੀ ਗੱਲ ਕਹੀ ਸੀ।
ਇੰਟਰਵਿਊ 'ਚ ਕਹੀ ਸੀ ਇਹ ਗੱਲ
ਇਕ ਇੰਟਰਵਿਊ 'ਚ ਉਨ੍ਹਾਂ ਨੇ ਖੁਦ ਕਿਹਾ ਸੀ ਕਿ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਦੇ ਤੌਰ 'ਤੇ ਅਵਤਾਰ ਸਿੰਘ ਮੱਕੜ ਦਾ 10 ਸਾਲਾਂ ਦਾ ਕਾਰਜਕਾਲ ਕਾਫੀ ਵਧੀਆ ਰਿਹਾ। ਬੇਸ਼ੱਕ ਅਕਾਲੀ ਦਲ ਨਾਲ ਉਨ੍ਹਾਂ ਦੇ ਚੰਗੇ ਸਬੰਧ ਸਨ ਪਰ ਉਹ ਆਪਣੇ ਕੰਮ ਆਜ਼ਾਦੀ ਨਾਲ ਕਰਦੇ ਰਹੇ। ਉਨ੍ਹਾਂ ਨੇ ਕਿਹਾ ਸੀ ਕਿ ਐੱਸ. ਜੀ. ਪੀ. ਸੀ. ਦੀਆਂ ਆਉਣ ਵਾਲੀਆਂ ਚੋਣਾਂ ਦੌਰਾਨ ਉਹ ਪ੍ਰਧਾਨਗੀ ਦੇ ਅਹੁਦੇ ਦੇ ਦਾਅਵੇਦਾਰ ਨਹੀਂ ਹਨ ਅਤੇ ਜੇਕਰ ਪਾਰਟੀ ਕਿਸੇ ਹੋਰ ਨੂੰ ਇਹ ਜ਼ਿੰਮੇਵਾਰੀ ਸੌਂਪੇਗੀ ਤਾਂ ਉਨ੍ਹਾਂ ਨੂੰ ਖੁਸ਼ੀ ਹੋਵੇਗੀ।
ਇਹ ਸੀ ਮੱਕੜ ਦੀਆਂ ਉਪਲੱਬਧੀਆਂ
ਆਪਣੇ ਕਾਰਜਕਾਲ 'ਚ ਜੱਥੇਦਾਰ ਮੱਕੜ ਨੇ ਸਿੱਖ ਪੰਥ ਦਾ ਕਾਫੀ ਪ੍ਰਚਾਰ ਕੀਤਾ। ਭ੍ਰਿਸ਼ਟਾਚਾਰ 'ਤੇ ਵੀ ਲਗਾਮ ਲਾਉਣ ਦੀ ਕੋਸ਼ਿਸ਼ ਕੀਤੀ। ਕਈ ਸਕੂਲ, ਕਾਲਜ, ਯੂਨੀਵਰਸਿਟੀਆਂ ਅਤੇ ਗੁਰਦੁਆਰਿਆਂ ਦਾ ਨਿਰਮਾਣ ਕਰਵਾਇਆ। ਹਾਲਾਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ 'ਚ ਉਹ ਥੋੜ੍ਹਾ ਵਿਵਾਦਾਂ 'ਚ ਵੀ ਰਹੇ।
6 ਸਾਲ ਪਹਿਲਾਂ ਹੋਈ ਸੀ ਜਵਾਨ ਪੁੱਤ ਦੀ ਮੌਤ
ਸਾਲ 2013 'ਚ ਲੀਵਰ ਸੋਰਾਇਸਸ ਕਾਰਨ ਬੇਟੇ ਤੇਜਿੰਦਰ ਪਾਲ ਸਿੰਘ ਦੀ 38 ਸਾਲ ਦੀ ਉਮਰ 'ਚ ਚੰਡੀਗੜ੍ਹ ਪੀ. ਜੀ. ਆਈ. 'ਚ ਮੌਤ ਹੋ ਗਈ ਸੀ।
ਵੱਡੇ ਭਰਾ ਦੀ ਮੌਤ ਤੋਂ ਬਾਅਦ ਸਿਆਸਤ 'ਚ ਉਤਰੇ
ਜੱਥੇਦਾਰ ਅਵਤਾਰ ਸਿੰਘ ਮੱਕੜ ਦੇ ਵੱਡੇ ਭਰਾ ਹਰਨਾਮ ਸਿੰਘ ਮੱਕੜ, 1985 'ਚ ਸਾਂਝੇ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਹੋਇਆ ਕਰਦੇ ਸਨ। 1988 'ਚ ਹਰਨਾਮ ਸਿੰਘ ਮੱਕੜ ਦੀ ਮੌਤ ਹੋ ਗਈ। ਅਵਤਾਰ ਸਿੰਘ ਮੱਕੜ ਉਸ ਸਮੇਂ ਲੋਹੇ ਦਾ ਕਾਰੋਬਾਰ ਕਰਦੇ ਸਨ। ਵੱਡੇ ਭਰਾ ਦੀ ਮੌਤ ਤੋਂ ਬਾਅਦ ਅਵਤਾਰ ਸਿੰਘ ਮੱਕੜ ਲੋਹੇ ਦੇ ਕਾਰੋਬਾਰ ਤੋਂ ਸਿਆਸਤ 'ਚ ਆ ਗਏ। ਸਿਆਸੀ ਜੀਵਨ 'ਚ ਅਵਤਾਰ ਸਿੰਘ ਮੱਕੜ ਨੇ ਲੋਕਾਂ ਦੇ ਹਿੱਤ ਦੀ ਲੜਾਈ ਨੂੰ ਲੈ ਕੇ ਕਈ ਵਾਰ ਸਰਕਾਰਾਂ ਖਿਲਾਫ ਮੋਰਚਾ ਖੋਲ੍ਹਿਆ।


Babita

Content Editor

Related News