ਆਸਟ੍ਰੇਲੀਆ ਦਾ ਵਰਕ ਵੀਜ਼ਾ ਲਵਾਉਣ ਵਾਲੇ ਚਾਹਵਾਨ ਸਾਵਧਾਨ, ਜ਼ਰੂਰ ਪੜ੍ਹੋ ਇਹ ਖ਼ਬਰ

Wednesday, Aug 09, 2023 - 03:46 PM (IST)

ਮੋਹਾਲੀ (ਸੰਦੀਪ) : ਆਸਟ੍ਰੇਲੀਆ ਦਾ ਵਰਕ ਵੀਜ਼ਾ ਲਵਾਉਣ ਦੇ ਬਹਾਨੇ ਕਈ ਲੋਕਾਂ ਨਾਲ 54 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਬਲੌਂਗੀ ਦੀ ਪੁਲਸ ਨੇ ਤਿੰਨ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਬਣਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ। ਅੰਕੁਸ਼ ਦੀ ਸ਼ਿਕਾਇਤ ’ਤੇ ਬਲੌਂਗੀ ਪੁਲਸ ਨੇ ਤਿੰਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਕੁਰੂਕਸ਼ੇਤਰ ਦੇ ਅੰਕੁਸ਼ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਨੇ ਅਤੇ ਉਸ ਦੇ ਨਾਲ ਕੁਝ ਹੋਰ ਲੋਕਾਂ ਨੇ ਆਸਟ੍ਰੇਲੀਆ ਦਾ ਵਰਕ ਵੀਜ਼ਾ ਲਵਾਉਣ ਲਈ ਮੁਲਜ਼ਮਾਂ ਨਾਲ 12-12 ਲੱਖ ਰੁਪਏ ਦੀ ਗੱਲ ਕੀਤੀ ਸੀ। ਇਸ ’ਤੇ ਕਈ ਲੋਕਾਂ ਨੇ ਮੁਲਜ਼ਮਾਂ ਦੇ ਖਾਤਿਆਂ ’ਚ ਸੱਤ-ਸੱਤ ਲੱਖ ਰੁਪਏ ਜਮ੍ਹਾ ਕਰਵਾ ਦਿੱਤੇ ਸਨ। ਇਸ ਤਰ੍ਹਾਂ ਉਸ ਨੇ ਮੁਲਜ਼ਮਾਂ ਨੂੰ 54 ਲੱਖ ਰੁਪਏ ਦੇ ਦਿੱਤੇ। ਇਸ ਤੋਂ ਬਾਅਦ ਮੁਲਜ਼ਮ ਉਨ੍ਹਾਂ ਨੂੰ ਟਾਲਦੇ ਰਹੇ। ਬਾਅਦ ’ਚ ਮੁਲਜ਼ਮਾਂ ਨੇ ਨਾ ਤਾਂ ਉਸ ਦੇ ਆਸਟ੍ਰੇਲੀਆ ਦੇ ਵਰਕ ਵੀਜ਼ੇ ਲਈ ਅਪਲਾਈ ਕੀਤਾ ਅਤੇ ਨਾ ਹੀ ਉਸ ਨੂੰ ਦਿੱਤੇ ਪੈਸੇ ਵਾਪਸ ਕੀਤੇ। ਇਸ ਤਰ੍ਹਾਂ ਮੁਲਜ਼ਮਾਂ ਨੇ 54 ਲੱਖ ਰੁਪਏ ਦੀ ਠੱਗੀ ਮਾਰੀ। ਪੁਲਸ ਅਜੇ ਵੀ ਤਿੰਨਾਂ ਅਣਪਛਾਤੇ ਦੋਸ਼ੀਆਂ ਦੀ ਭਾਲ ਕਰ ਰਹੀ ਹੈ।

ਇਹ ਵੀ ਪੜ੍ਹੋ : ਹੁੰਮਸ ਭਰੀ ਗਰਮੀ ਝੱਲ ਰਹੇ ਲੋਕਾਂ ਲਈ ਜ਼ਰੂਰੀ ਖ਼ਬਰ, ਆਉਣ ਵਾਲੇ ਦਿਨਾਂ ’ਚ ਇਸ ਤਰ੍ਹਾਂ ਦਾ ਰਹੇਗਾ ਮੌਸਮ 

ਦੂਜੇ ਪਾਸੇ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲਵਾਉਣ ਦੇ ਨਾਂ ’ਤੇ ਸੈਕਟਰ-17 ਸਥਿਤ ਬੀ. ਬੀ. ਕੌਂਸਲ ਦੇ ਅਧਿਕਾਰੀਆਂ ਨੇ ਲੁਧਿਆਣਾ ਦੀ ਕੁੜੀ ਨਾਲ 8 ਲੱਖ 80 ਹਜ਼ਾਰ ਰੁਪਏ ਦੀ ਠੱਗੀ ਕਰ ਲਈ। ਇਸ ਤੋਂ ਬਾਅਦ ਨਾ ਵੀਜ਼ਾ ਲਵਾਇਆ ਅਤੇ ਨਾ ਹੀ ਰੁਪਏ ਵਾਪਸ ਕੀਤੇ। ਲੁਧਿਆਣਾ ਨਿਵਾਸੀ ਤਾਨੀਆ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-17 ਥਾਣਾ ਪੁਲਸ ਨੇ ਜਾਂਚ ਤੋਂ ਬਾਅਦ ਕੰਪਨੀ ਦੇ ਰਵਿੰਦਰ ਸਿੰਘ, ਮਨਪ੍ਰੀਤ ਸਿੰਘ ਬਰਾੜ, ਪੁਸ਼ਪਿੰਦਰ ਕੌਰ, ਜੋਤੀ ਮਹਿਰਾ ਅਤੇ ਹੋਰਨਾਂ ਖਿਲਾਫ ਮਾਮਲਾ ਦਰਜ ਕਰ ਲਿਆ। ਲੁਧਿਆਣਾ ਨਿਵਾਸੀ ਤਾਨੀਆ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 2021 ਵਿਚ 12ਵੀਂ ਪਾਸ ਕਰ ਕੇ ਉਸਨੇ ਆਈਲੈਟਸ ਦੀ ਤਿਆਰੀ ਸ਼ੁਰੂ ਕੀਤੀ ਸੀ। ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲਵਾਉਣ ਵਾਲੀ ਸੈਕਟਰ-17 ਸਥਿਤ ਬੀ. ਬੀ. ਕੌਂਸਲ ਨਾਲ ਸੰਪਰਕ ਕੀਤਾ ਸੀ।ਕੰਪਨੀ ਵਿਚ ਰਵਿੰਦਰ ਸਿੰਘ, ਮਨਪ੍ਰੀਤ ਸਿੰਘ ਬਰਾੜ, ਪੁਸ਼ਪਿੰਦਰ ਕੌਰ, ਜਯੋਤੀ ਮਹਿਰਾ ਅਤੇ ਹੋਰ ਮਿਲੇ। ਉਕਤ ਲੋਕਾਂ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਉਨ੍ਹਾਂ ਦਾ ਫੰਡ ਟਰੈਕ ਤਿਆਰ ਕਰਨ ਸਮੇਤ ਫਾਈਲ ਪ੍ਰੋਸੈਸਿੰਗ ਦੇ ਰੂਪ ਵਿਚ ਲਗਭਗ 4 ਲੱਖ ਰੁਪਏ ਲਏ ਸਨ। ਸ਼ਿਕਾਇਤਕਕਰਤਾ ਦੀ ਪਹਿਲਾਂ ਰਵਿੰਦਰ ਸਿੰਘ ਨਾਲ ਫੋਨ ’ਤੇ ਗੱਲ ਹੋਈ ਸੀ। ਉਸਨੇ ਕਿਹਾ ਕਿ ਆਪਣੇ ਦਸਤਾਵੇਜ ਲੈ ਕੇ ਸੈਕਟਰ-17 ਦਫਤਰ ਪਹੁੰਚ ਜਾਓ।

ਇਹ ਵੀ ਪੜ੍ਹੋ :  ਹੜ੍ਹ ਪ੍ਰਭਾਵਿਤ ਖੇਤਰ 'ਚ ਵਿਭਾਗ ਦੀ ਵੱਡੀ ਪਹਿਲਕਦਮੀ, ਮੁੜ ਲੀਹ 'ਤੇ ਪਰਤਣ ਲੱਗੀ ਕਿਸਾਨੀ

ਸ਼ਿਕਾਇਤਕਰਤਾ ਨਾਲ ਉਨ੍ਹਾਂ ਵਾਅਦਾ ਕੀਤਾ ਕਿ ਤਿੰਨ ਮਹੀਨਿਆਂ ਵਿਚ ਆਸਟ੍ਰੇਲੀਆ ਦਾ ਵੀਜ਼ਾ ਲਵਾ ਦੇਣਗੇ। ਪ੍ਰੋਸੈਸਿੰਗ ਫੀਸ ਦੇ ਰੂਪ ਵਿਚ 35 ਹਜ਼ਾਰ ਦੀ ਮੰਗ ਕੀਤੀ ਗਈ। ਸ਼ਿਕਾਇਤਕਰਤਾ ਨੂੰ ਇੰਸੋਰੈਂਸ, ਅੰਬੈਸੀ ਫੀਸ, ਸਮੈਸਟਰ ਫੀਸ, ਮੈਟੀਰੀਅਲ ਫੀਸ ਆਦਿ ਭਰਨ ਦੀ ਗੱਲ ਕਹੀ। ਭਾਰੀ ਰਕਮ ਹਾਸਲ ਕਰਨ ਤੋਂ ਬਾਅਦ ਪੀੜਿਤਾ ਨੂੰ ਕਿਹਾ ਕਿ ਉਸਦੇ ਕੇਸ ਵਿਚ ਰੁਕਾਵਟ ਆ ਗਈ ਹੈ ਅਤੇ ਦੁਬਾਰਾ ਸੀ. ਈ. ਓ. ਮੰਗਵਾਉਣਾ ਪਵੇਗਾ। ਇਸ ਲਈ 1.50 ਲੱਖ ਰੁਪਏ ਹੋਰ ਦੇਣੇ ਪੈਣਗੇ। ਸ਼ਿਕਾਇਤਕਰਤਾ ਤੋਂ ਭਾਰੀ ਰਕਮ ਹਾਸਲ ਕਰਨ ਤੋਂ ਬਾਅਦ ਵੀ ਵੀਜ਼ਾ ਨਹੀਂ ਲੱਗ ਸਕਿਆ ਅਤੇ ਨਾ ਹੀ ਕੰਪਨੀ ਨੇ ਪੈਸੇ ਵਾਪਸ ਕੀਤੇ।

ਇਹ ਵੀ ਪੜ੍ਹੋ : ਦਿਨ ਦਿਹਾੜੇ ਪੰਜਾਬ 'ਚ ਵੱਡੀ ਵਾਰਦਾਤ, ਗੋਲ਼ੀਆਂ ਨਾਲ ਭੁੰਨਿਆ ਮਾਪਿਆਂ ਦਾ ਇਕਲੌਤਾ ਪੁੱਤ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News