ਟਾਰਗੈੱਟ ਕਿਲਿੰਗ ਦੀ ਕੋਸ਼ਿਸ਼ ਨਾਕਾਮ, 1 ਦੋਸ਼ੀ ਹਥਿਆਰਾਂ ਸਮੇਤ ਕਾਬੂ (ਵੀਡੀਓ)

Sunday, May 08, 2022 - 09:39 PM (IST)

ਚੰਡੀਗੜ੍ਹ/ਐੱਸ.ਏ.ਐੱਸ.ਨਗਰ (ਬਿਊਰੋ) : ਟਾਰਗੈੱਟ ਕਿਲਿੰਗ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਪੰਜਾਬ ਪੁਲਸ ਨੇ ਸ਼ਨੀਵਾਰ ਨੂੰ ਖਰੜ ਦੇ ਨਡਿਆਲਾ ਚੌਕ ਤੋਂ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਗੁਰਿੰਦਰ ਸਿੰਘ ਉਰਫ ਗੁਰੀ ਸ਼ੇਰਾ ਵਾਸੀ ਪਿੰਡ ਸਿੰਧਵਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਜੋਂ ਹੋਈ ਹੈ। ਅਪਰਾਧਿਕ ਪਿਛੋਕੜ ਵਾਲੇ ਗੁਰੀ ਸ਼ੇਰਾ ਖ਼ਿਲਾਫ਼ ਸੂਬੇ 'ਚ ਜਬਰਨ ਵਸੂਲੀ, ਅਸਲਾ ਐਕਟ, ਸਨੈਚਿੰਗ ਤੇ ਡਕੈਤੀ ਸਮੇਤ 6 ਵੱਖ-ਵੱਖ ਕੇਸ ਦਰਜ ਹਨ। ਪੁਲਸ ਨੇ ਉਕਤ ਦੋਸ਼ੀ ਕੋਲੋਂ 10 ਕਾਰਤੂਸਾਂ ਸਮੇਤ ਦੋ .30 ਕੈਲੀਬਰ ਪਿਸਤੌਲ ਤੇ ਇਕ .32 ਕੈਲੀਬਰ ਪਿਸਤੌਲ ਵੀ ਬਰਾਮਦ ਕੀਤਾ ਹੈ।

ਇਹ ਵੀ ਪੜ੍ਹੋ : PSPCL ਵੱਲੋਂ ਪੈਡੀ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਰਵਾਈ ਜਾਵੇਗੀ 8 ਘੰਟੇ ਬਿਜਲੀ ਸਪਲਾਈ : ਇੰਜ. ਬਲਦੇਵ ਸਿੰਘ ਸਰਾਂ

ਇਸ ਸਬੰਧੀ ਜਾਣਕਾਰੀ ਦਿੰਦਿਆਂ ਰੋਪੜ ਰੇਂਜ ਪੁਲਸ ਦੇ ਡਿਪਟੀ ਇੰਸਪੈਕਟਰ ਜਨਰਲ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪ੍ਰਾਪਤ ਪੁਖ਼ਤਾ ਜਾਣਕਾਰੀ ਦੇ ਆਧਾਰ ‘ਤੇ ਗੁਰੀ ਸ਼ੇਰਾ ਤੇ ਉਸ ਦੇ ਸਾਥੀ ਗੁਰਪ੍ਰੀਤ ਸਿੰਘ ਉਰਫ ਜੋਨੀ ਵਾਸੀ ਪਿੰਡ ਮਲਕਪੁਰ ਜੱਟਾਂ ਪਟਿਆਲਾ, ਜੋ ਹਥਿਆਰਾਂ ਦੀ ਨਾਜਾਇਜ਼ ਤਸਕਰੀ ਵਿੱਚ ਸ਼ਾਮਲ ਹਨ, ਖ਼ਿਲਾਫ਼ ਥਾਣਾ ਸਿਟੀ ਖਰੜ, ਐੱਸ. ਏ. ਐੱਸ. ਨਗਰ ਵਿਖੇ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਮਿਲੀ ਸੂਹ ‘ਤੇ ਕਾਰਵਾਈ ਕਰਦਿਆਂ ਐੱਸ.ਏ. ਐੱਸ. ਨਗਰ ਦੇ ਐੱਸ. ਐੱਸ. ਪੀ. ਵਿਵੇਕ ਸ਼ੀਲ ਸੋਨੀ ਦੀ ਅਗਵਾਈ ਹੇਠ ਪੁਲਸ ਟੀਮਾਂ ਨੇ ਗੁਰੀ ਸ਼ੇਰਾ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਤਿੰਨ ਪਿਸਤੌਲ ਅਤੇ ਗੋਲੀ ਸਿੱਕਾ ਬਰਾਮਦ ਕੀਤਾ ਹੈ।

ਇਹ ਵੀ ਪੜ੍ਹੋ : ਜਨਤਾ ਬਜਟ 'ਤੇ ਉਦਯੋਗਪਤੀਆਂ ਦੇ ਸੁਝਾਅ ਲੈਣ ਪੁੱਜੇ ਵਿੱਤ ਮੰਤਰੀ ਨੇ ਪਿਛਲੀਆਂ ਸਰਕਾਰਾਂ 'ਤੇ ਵਿੰਨ੍ਹੇ ਨਿਸ਼ਾਨੇ

ਡੀ.ਆਈ.ਜੀ. ਭੁੱਲਰ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਗੁਰੀ ਨੇ ਦੱਸਿਆ ਕਿ ਉਹ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਰਗੇ ਰਾਜਾਂ ਤੋਂ ਹਥਿਆਰ ਤੇ ਗੋਲੀ ਸਿੱਕਾ ਮੰਗਵਾਉਂਦਾ ਸੀ ਅਤੇ ਉਸ ਨੂੰ ਯੂਰਪੀ ਆਧਾਰਿਤ ਹੈਂਡਲਰ ਵੱਲੋਂ ਪੰਜਾਬ ਦੇ ਇਕ ਅਹਿਮ ਸ਼ਹਿਰ ਵਿੱਚ ਕਿਸੇ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਲਈ ਨਿਰਦੇਸ਼ ਦਿੱਤਾ ਗਿਆ ਸੀ। ਇਸ ਸਨਸਨੀਖੇਜ਼ ਅਪਰਾਧ ਨੂੰ ਅੰਜਾਮ ਦੇਣ ਲਈ ਹਥਿਆਰ/ਗੋਲੀ ਸਿੱਕਾ ਅਤੇ ਲਾਜਿਸਟਿਕ ਸਹਾਇਤਾ ਖਰੀਦਣ ਲਈ 1.50 ਲੱਖ ਰੁਪਏ ਦਿੱਤੇ ਗਏ ਸਨ। ਦੋਸ਼ੀਆਂ ਨੇ ਇਹ ਵੀ ਕਬੂਲਿਆ ਕਿ ਉਹ ਇਹ ਹਥਿਆਰ ਪੰਜਾਬ 'ਚ ਆਪਣੇ ਗਿਰੋਹ ਦੇ ਮੈਂਬਰਾਂ ਨੂੰ ਵੀ ਪਹੁੰਚਾਉਂਦੇ ਸਨ।

ਇਹ ਵੀ ਪੜ੍ਹੋ : 'ਆਪ' ਸਰਕਾਰ ਪੰਜਾਬ ਪੁਲਸ ਦੀ ਕਰ ਰਹੀ ਦੁਰਵਰਤੋਂ : ਸੁਖਬੀਰ ਬਾਦਲ

ਡੀ.ਆਈ.ਜੀ. ਨੇ ਕਿਹਾ ਕਿ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਗੁਰੀ ਦੇ ਸਾਥੀ ਗੁਰਪ੍ਰੀਤ ਸਿੰਘ ਉਰਫ ਜੋਨੀ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਸਬੰਧੀ ਥਾਣਾ ਸਿਟੀ ਖਰੜ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ 25 (7) ਅਤੇ (8) ਤਹਿਤ ਮਿਤੀ 30-04-2022 ਨੂੰ ਐੱਫ.ਆਈ.ਆਰ. ਨੰਬਰ 87 ਦਰਜ ਕਰ ਲਈ ਗਈ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Mukesh

Content Editor

Related News