ਪੋਲਿੰਗ ਏਜੰਟ ਬਣਨ ਵਾਲੇ ਵਰਕਰ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ
Sunday, May 19, 2019 - 12:19 AM (IST)

ਬਠਿੰਡਾ/ਸੰਗਤ ਮੰਡੀ, (ਵਰਮਾ, ਮਨਜੀਤ)- ਜ਼ਿਲੇ ਦੇ ਪਿੰਡ ਗੁਰੂਸਰ ਸੈਣੇਵਾਲਾ ’ਚ ਅਕਾਲੀ ਦਲ ਵਲੋਂ ਪੋਲਿੰਗ ਏਜੰਟ ਬਣਨ ਵਾਲੇ ਵਰਕਰ ’ਤੇ ਪਿੰਡ ਦੇ ਹੀ ਕੁਝ ਲੋਕਾਂ ਨੇ ਗੰਡਾਸੇ ਨਾਲ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਅਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀ ਅਕਾਲੀ ਵਰਕਰ ਨਿਰਮਲ ਸਿੰਘ ਟੀਟੂ ਨੂੰ ਉਸਦੇ ਸਾਥੀਆਂ ਨੇ ਸਿਵਲ ਹਸਪਤਾਲ ਪਹੁੰਚਾਇਆ। ਜਿੱਥੇ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰ ਰੋਹਿਤ ਗੁਰਮੇਲ ਸਿੰਘ ਨੇ ਪ੍ਰਾਈਵੇਟ ਹਸਪਤਾਲ ਲਈ ਰੈਫਰ ਕਰ ਦਿੱਤਾ। ਪਿੰਡ ਗੁਰੂ ਸਰ ਸੈਣੇਵਾਲਾ ਦੇ ਸਾਬਕਾ ਸਰਪੰਚ ਗੁਰਾਦਿੱਤਾ ਸਿੰਘ ਅਤੇ ਜ਼ਖਮੀ ਦੇ ਸਾਥੀ ਗੁਰਦੀਪ ਸਿੰਘ ਨੇ ਸਿਵਲ ਹਸਪਤਾਲ ਵਿਚ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਸ਼ਨੀਵਾਰ ਸ਼ਾਮ ਕਰੀਬ 7 ਵਜੇ ਉਹ ਨਿਰਮਲ ਸਿੰਘ ਨਾਲ ਜਾ ਕੇ ਪਿੰਡ ’ਚ ਇਕ ਬੂਥ ਲਾਉਣ ਜਾ ਰਿਹਾ ਸੀ।
ਇਸ ਦੌਰਾਨ ਹਮਲਵਾਰ ਕਾਰ ’ਤੇ ਆਇਆ ਅਤੇ ਉਨ੍ਹਾਂ ਨੇ ਰਸਤੇ ’ਚ ਰੋਕ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਨੇ ਨਿਰਮਲ ਦੇ ਸਿਰ ’ਤੇ ਤੇਜ਼ਧਾਰ ਗੰਡਾਸੇ ਨਾਲ ਦੋ ਹਮਲੇ ਕੀਤੇ, ਜਦੋਂ ਉਨ੍ਹਾਂ ਨੇ ਰੌਲਾ ਪਾਇਆ ਤਾਂ ਮੁਲਜ਼ਮਾਂ ਦੇ ਸਾਥੀ ਨੇ ਉਨ੍ਹਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਿਸੇ ਤਰ੍ਹਾਂ ਬਚ ਗਏ। ਸਾਬਕਾ ਸਰਪੰਚ ਨੇ ਦੱਸਿਆ ਕਿ ਉਨ੍ਹਾਂ ਰੌਲਾ ਪਾਇਆ ਤਾਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਚਸ਼ਮਦੀਦਾਂ ਨੇ ਦੱਸਿਆ ਕਿ ਜਦੋਂ ਘਟਨਾ ਬਾਰੇ ਪੁਲਸ ਨੂੰ ਸੂਚਿਤ ਕੀਤਾ ਗਿਆ ਤਾਂ ਮੌਕੇ ’ਤੇ ਪੁਲਸ ਨਹੀਂ ਪਹੁੰਚੀ। ਸਿਵਲ ਹਸਪਤਾਲ ਦੇ ਡਾਕਟਰ ਗੁਰਮੇਲ ਸਿੰਘ ਦਾ ਕਹਿਣਾ ਸੀ ਕਿ ਨਿਰਮਲ ਦੇ ਸਿਰ ’ਤੇ ਗੰਭੀਰ ਸੱਟਾਂ ਆਈਆਂ ਹਨ ਜਿਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸਨੂੰ ਪ੍ਰਾਈਵੇਟ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਆਈ. ਜੀ. ਐੱਮ. ਐੱਫ. ਫਾਰੂਕੀ ਦਾ ਕਹਿਣਾ ਸੀ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਤੋਂ ਬਾਅਦ ਦੋਸ਼ੀ ਪਾਏ ਗਏ ਲੋਕਾਂ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।