ਅੱਧੀ ਰਾਤ ਨੂੰ ਹੋ ਰਹੀ ਨਾਜਾਇਜ਼ ਮਾਈਨਿੰਗ ਰੋਕਣ ਗਈ ਪੁਲਸ ਪਾਰਟੀ ''ਤੇ ਰੇਤ ਮਾਫ਼ੀਆ ਵਲੋਂ ਹਮਲਾ

Sunday, Jul 28, 2024 - 02:40 PM (IST)

ਸਿੱਧਵਾਂ ਬੇਟ (ਚਾਹਲ) : ਸਤਲੁਜ ਦਰਿਆ ਦੇ ਕੰਢੇ 'ਤੇ ਸਥਿਤ ਪਿੰਡ ਬਾਘੀਆਂ ਖੁਰਦ ਵਿਖੇ ਅੱਧੀ ਰਾਤ ਨੂੰ ਧੜੱਲੇ ਨਾਲ ਹੋ ਰਹੀ ਨਾਜਾਇਜ਼ ਮਾਈਨਿੰਗ ਰੋਕਣ ਗਈ ਪੁਲਸ ਪਾਰਟੀ 'ਤੇ ਰੇਤ ਮਾਫ਼ੀਆ ਦੇ 50 ਦੇ ਕਰੀਬ ਲੋਕਾਂ ਵਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਦੀ ਮੰਨੀਏ ਤਾਂ ਰੇਤ ਮਾਫ਼ੀਆ ਦੇ ਲੋਕਾਂ ਕੋਲੋਂ ਜਾਨ ਬਚਾਉਣ ਲਈ ਪੁਲਸ ਨੂੰ ਕਈ ਹਵਾਈ ਫਾਇਰ ਵੀ ਕਰਨੇ ਪਏ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਾਘੀਆਂ ਖੁਰਦ ਵਿਖੇ ਪਿਛਲੇ ਕਾਫੀ ਸਮੇਂ ਤੋਂ ਰੇਤ ਮਾਫ਼ੀਆ ਦੇ ਲੋਕਾਂ ਵਲੋਂ ਸ਼ਰੇਆਮ ਨਾਜਾਇਜ਼ ਮਾਈਨਿੰਗ ਦਾ ਗੋਰਖਧੰਦਾ ਕੀਤਾ ਜਾ ਰਿਹਾ ਸੀ। ਇਸ ਸਬੰਧੀ ਸਬੰਧੀ ਕਈ ਵਾਰ 'ਜਗ ਬਾਣੀ' 'ਚ ਖ਼ਬਰਾਂ ਵੀ ਪ੍ਰਕਸ਼ਿਤ ਹੋਈਆਂ ਅਤੇ ਬੀਤੇ ਦਿਨ ਵੱਖ-ਵੱਖ ਕਿਸਾਨ ਜੱਥੇਬੰਦੀਆਂ ਇਸ ਨੂੰ ਬੰਦ ਕਰਵਾਉਣ ਲਈ ਥਾਣਾ ਸਿੱਧਵਾਂ ਬੇਟ ਮੂਹਰੇ ਪੱਕੇ ਤੌਰ 'ਤੇ ਧਰਨਾ ਦੇਣ ਦੀ ਚਿਤਾਵਨੀ ਵੀ ਦੇ ਚੁੱਕੀਆਂ ਹਨ।

ਇਸ ਤੋਂ ਬਾਅਦ ਹਰਕਤ 'ਚ ਆਈ ਪੁਲਸ ਨੇ ਬੀਤੀ ਰਾਤ ਜਦ ਉਕਤ ਖੱਡ ਤੇ ਪੁਲਸ ਚੌਂਕੀ ਗਿੱਦੜਵਿੰਡੀ ਦੇ ਇੰਚਾਰਜ ਰਾਜਵਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਛਾਪੇਮਾਰੀ ਕੀਤੀ ਤਾਂ ਰੇਤ ਮਾਫ਼ੀਆ ਦੇ ਲੋਕਾਂ ਵਲੋਂ ਪੁਲਸ ਪਾਰਟੀ 'ਤੇ ਹਮਲਾ ਕਰ ਦਿੱਤਾ ਗਿਆ ਅਤੇ ਆਪਣੇ ਰੇਤ ਨਾਲ ਭਰੇ ਹੋਏ ਤੇ ਖਾਲੀ ਵਾਹਨ ਭਜਾ ਕੇ ਲੈ ਗਏ। ਘਟਨਾ ਬਾਰੇ ਪਤਾ ਲੱਗਣ 'ਤੇ ਥਾਣਾ ਮੁਖੀ ਜਸਬੀਰ ਸਿੰਘ ਤੂਰ ਅਤੇ ਡੀ. ਐੱਸ. ਪੀ. ਜਸਯਜੋਤ ਸਿੰਘ ਵੀ ਮੌਕੇ 'ਤੇ ਪਹੁੰਚੇ। ਸੂਤਰਾਂ ਅਨੁਸਾਰ 4 ਮੋਟਰਸਾਈਕਲਾਂ ਤੋਂ ਇਲਾਵਾ ਪੁਲਸ ਨੇ ਕਈ ਵਿਅਕਤੀਆਂ ਨੂੰ ਹਿਰਸਾਤ 'ਚ ਲਿਆ ਹੈ ਜਿਨ੍ਹਾਂ ਤੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਨੇ ਹਵਾਈ ਫਾਇਰ ਕੀਤੇ ਜਾਣ ਦੀ ਪੁਸ਼ਟੀ ਨਹੀਂ ਕੀਤੀ। ਥਾਣਾ ਮੁਖੀ ਨੇ ਸਿਰਫ ਇਨ੍ਹਾਂ ਹੀ ਕਿਹਾ ਹੈ ਕਿ ਰੇਤ ਮਾਫ਼ੀਆ ਦੇ ਲੋਕਾਂ ਨੂੰ ਡਰਾਉਣ ਲਈ ਪੁਲਸ ਵਲੋਂ ਖੜਕਾ ਕੀਤਾ ਗਿਆ ਸੀ। 
40 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਅਧੀਨ ਮੁਕੱਦਮਾ ਦਰਜ

ਸਿੱਧਵਾਂ ਬੇਟ ਦੇ ਮੁਖੀ ਇੰਸਪੈਕਟਰ ਜਸਵੀਰ ਸਿੰਘ ਤੂਰ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਰਾਤ ਸਮੇਂ ਇੱਥੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ, ਜਿਸ 'ਤੇ ਪੁਲਸ ਨੇ ਛਾਪੇਮਾਰੀ ਕੀਤੀ ਤਾਂ ਰੇਤ ਮਾਫ਼ੀਆ ਦੇ ਲੋਕਾਂ ਨੇ ਪੁਲਸ ਪਾਰਟੀ ਦੀ ਘੇਰਾਬੰਦੀ ਕਰਕੇ ਹੱਥੋਪਾਈ ਕੀਤੀ ਅਤੇ ਮਾਰ ਦੇਣ ਦੀ ਨੀਅਤ ਨਾਲ ਸੋਟੀਆਂ, ਡੰਡੇ, ਬੈਲਚੇ ਤੇ ਬੀਅਰ ਦੀਆਂ ਬੋਤਲਾਂ ਨਾਲ ਹਮਲਾ ਕਰ ਦਿੱਤਾ। ਇਸ ਸਬੰਧ ਵਿਚ ਪੁਲਸ ਨੇ ਥਾਣਾ ਸਿੱਧਵਾਂ ਬੇਟ ਵਿਖੇ ਦਰਸ਼ਨ ਸਿੰਘ, ਜਸਪਾਲ ਸਿੰਘ ਜੱਸਾ, ਰੌਬਿਨ, ਬਿੰਦਰ ਸਿੰਘ, ਬੱਲ, ਕਾਲੂ, ਬੱਗੀ, ਰਾਜੂ ਸਮੇਤ 25-30 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪੁਲਸ ਉੱਪਰ ਮਾਰ ਦੇਣ ਦੀ ਨੀਅਤ ਨਾਲ ਹਮਲਾ ਕਰਨ, ਸਰਕਾਰੀ ਡਿਊਟੀ 'ਚ ਵਿਘਨ ਪਾਉਣ ਅਤੇ ਰੇਤੇ ਦੀ ਚੋਰੀ ਕਰਨ ਸਮੇਤ ਕਈ ਧਰਾਵਾਂ ਅਧੀਨ ਮੁੱਕਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Babita

Content Editor

Related News