ਦਾਰਾਪੁਰ ’ਚ ਦੋ ਧਿਰਾਂ ਦਾ ਝਗੜਾ ਮੁਕਾਉਣ ਪਹੁੰਚੀ ਪੁਲਸ ’ਤੇ ਹਮਲਾ, ASI ਸਣੇ 4 ਜ਼ਖਮੀ
Monday, Jun 21, 2021 - 03:11 AM (IST)
ਗੁਰਦਾਸਪੁਰ(ਹਰਮਨ)- ਅੱਜ ਥਾਣਾ ਭੈਣੀ ਮੀਆਂ ਖਾਂ ਨਾਲ ਸਬੰਧਤ ਪਿੰਡ ਦਾਰਾਪੁਰ ਵਿਖੇ ਈਸਾਈ ਭਾਈਚਾਰੇ ਨਾਲ ਸਬੰਧਤ ਦੋ ਧਿਰਾਂ ਦਰਮਿਆਨ ਹੋਈ ਲੜਾਈ ਦੌਰਾਨ ਜਿਥੇ ਦੋਵਾਂ ਧਿਰਾਂ ਨੇ ਇਕ-ਦੂਜੇ ’ਤੇ ਹਮਲਾ ਕੀਤਾ ਹੈ, ਉਥੇ ਮੌਕੇ ’ਤੇ ਪਹੁੰਚੀ ਪੁਲਸ ’ਤੇ ਵੀ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਜਿਥੇ ਪੁਲਸ ਦਾ ਏ. ਐੱਸ. ਆਈ. ਜ਼ਖਮੀ ਹੋਇਆ ਹੈ, ਉਥੇ ਦੋਵਾਂ ਧਿਰਾਂ ਨਾਲ ਸਬੰਧਤ ਇਕ ਔਰਤ ਸਮੇਤ 3 ਲੋਕ ਵੀ ਜ਼ਖ਼ਮੀ ਹੋਏ ਹਨ।
ਜਾਣਕਾਰੀ ਦਿੰਦੇ ਹੋਏ ਦੋਵਾਂ ਧਿਰਾਂ ਨਾਲ ਸਬੰਧਤ ਵਿਲਸਨ ਮਸੀਹ, ਆਸ਼ਾ, ਰਾਜੀਵ ਕੁਮਾਰ ਅਤੇ ਯੂਨਿਸ ਆਦਿ ਨੇ ਕਿਹਾ ਕਿ ਪਿੰਡ ਦਾਰਾਪੁਰ ’ਚ ਸਹੋਤਿਆਂ ਅਤੇ ਮੱਟੂਆਂ ਦੇ 2 ਪਰਿਵਾਰ ਹਨ। ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਪਲਾਟਾਂ ਨੂੰ ਲੈ ਕੇ ਇਨ੍ਹਾਂ ਦੋਵਾਂ ਧਿਰਾਂ ’ਚ ਰੰਜਿਸ਼ ਪੈਦਾ ਹੋਈ ਸੀ। ਇਸ ਕਾਰਨ ਸ਼ਨੀਵਾਰ ਦੀ ਸ਼ਾਮ ਵੇਲੇ ਵੀ ਇਨ੍ਹਾਂ ਦੋਵਾਂ ਧਿਰਾਂ ਦਰਮਿਆਨ ਝੜਪ ਹੋਈ ਅਤੇ ਇਕ-ਦੂਜੇ ’ਤੇ ਇੱਟਾਂ ਨਾਲ ਹਮਲਾ ਕੀਤਾ ਗਿਆ। ਇਸ ਤੋਂ ਬਾਅਦ ਪੁਲਸ ਨੂੰ ਮਿਲੀ ਸ਼ਿਕਾਇਤ ਕਾਰਨ ਜਦੋਂ ਅੱਜ ਪੁਲਸ ਮੌਕੇ ’ਤੇ ਪਹੁੰਚੀ ਤਾਂ ਮੁੜ ਹੋਏ ਝਗੜੇ ਦੌਰਾਨ ਕੁਝ ਵਿਅਕਤੀਆਂ ਨੇ ਪੁਲਸ ਮੁਲਾਜ਼ਮਾਂ ’ਤੇ ਵੀ ਰੋੜਿਆਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਏ. ਐੱਸ. ਆਈ. ਯੋਧ ਸਿੰਘ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਭੈਣੀ ਮੀਆਂ ਖਾਂ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਸ ਲੜਾਈ ਝਗੜੇ ਦੌਰਾਨ ਜ਼ਖਮੀ ਬਲਬੀਰ ਮਸੀਹ ਨੂੰ ਵੀ ਭੈਣੀ ਮੀਆਂ ਖਾਂ ਹਸਪਤਾਲ ਵਿਚ ਦਾਖਲ ਕਰਵਾਇਆ ਹੈ, ਜਿਸਨੇ ਦੱਸਿਆ ਕਿ ਉਹ ਅਕਾਲੀ ਦਲ ਨਾਲ ਸਬੰਧਤ ਹੈ, ਜਿਸ ਕਾਰਨ ਪੁਲਸ ਵੱਲੋਂ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ।
ਇਹ ਵੀ ਪੜ੍ਹੋ- ਅਰਵਿੰਦ ਕੇਜਰੀਵਾਲ ਪੰਜਾਬ ਦੌਰੇ 'ਤੇ, ਅੱਜ ਸ੍ਰੀ ਹਰਮਿੰਦਰ ਸਾਹਿਬ ਵਿਖੇ ਹੋਣਗੇ ਨਤਮਸਤਕ
ਦੂਜੇ ਪਾਸੇ ਇਕ ਹੋਰ ਵਿਅਕਤੀ ਨੇ ਵੀ ਦੱਸਿਆ ਕਿ ਕਾਂਗਰਸ ਪਾਰਟੀ ਨਾਲ ਸਬੰਧ ਰੱਖਦੇ ਹਨ ਪਰ ਉਨ੍ਹਾਂ ਦੀ ਸੁਣਵਾਈ ਵੀ ਨਹੀਂ ਹੋ ਰਹੀ ਅਤੇ ਪਿੰਡ ਦੇ ਕੁਝ ਕਾਂਗਰਸੀਆਂ ਦੀ ਸ਼ਹਿ ’ਤੇ ਕਾਂਗਰਸੀਆਂ ਨਾਲ ਹੀ ਬੇਇਨਸਾਫੀ ਕੀਤੀ ਜਾ ਰਹੀ ਹੈ। ਉਨ੍ਹਾਂ ਹਲਕੇ ਦੇ ਵਿਧਾਇਕ ਖਿਲਾਫ ਨਾਅਰੇਬਾਜ਼ੀ ਵੀ ਕੀਤੀ।
ਇਹ ਵੀ ਪੜ੍ਹੋ- ਅੰਮ੍ਰਿਤਸਰ ’ਚ ਲੱਗੇ ‘ਕੇਜਰੀਵਾਲ ਗੋ ਬੈਕ’ ਦੇ ਹੋਰਡਿੰਗ ਬੋਰਡ
ਇਸ ਸਬੰਧੀ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਕਿਹਾ ਕਿ ਪਿੰਡ ਦਾਰਾਪੁਰ ਵਿਚ ਦੋ ਧਿਰਾਂ ’ਚ ਲੜਾਈ ਝਗੜਾ ਹੋਇਆ ਸੀ ਅਤੇ ਐਤਵਾਰ ਨੂੰ ਸਵੇਰੇ ਜਦੋਂ ਪੁਲਸ ਮੌਕੇ ’ਤੇ ਪਹੁੰਚੀ ਤਾਂ ਕੁਝ ਸ਼ਰਾਰਤੀ ਲੋਕਾਂ ਨੇ ਪੁਲਸ ਪਾਰਟੀ ’ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ’ਚ ਇਕ ਏ. ਐੱਸ. ਆਈ. ਜ਼ਖਮੀ ਹੋਇਆ ਹੈ, ਜਿਸ ਨੂੰ ਇਲਾਜ ਲਈ ਦਾਖਲ ਕਰਵਾਇਆ ਹੈ ਅਤੇ ਪੁਲਸ ਨੇ 10 ਪਛਾਤੇ ਅਤੇ ਕਰੀਬ 40 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ।