ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ''ਤੇ ਤਿੱਖੇ ਹਥਿਆਰਾਂ ਨਾਲ ਹਮਲਾ
Thursday, Apr 05, 2018 - 08:07 AM (IST)

ਪਟਿਆਲਾ (ਜ. ਬ.) - ਆੜ੍ਹਤੀਆ ਐਸੋਸੀਏਸ਼ਨ ਨਵੀਂ ਅਨਾਜ ਮੰਡੀ ਦੇ ਪ੍ਰਧਾਨ ਪਵਨ ਕੁਮਾਰ ਸਿੰਗਲਾ 'ਤੇ ਸ਼ਾਮ ਸਮੇਂ ਕੁਝ ਵਿਅਕਤੀਆਂ ਨੇ ਤਿੱਖੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਹ ਮੌਕੇ ਤੋਂ ਜਾਨ ਬਚਾਅ ਕੇ ਭੱਜੇ। ਇਸ ਦੌਰਾਨ ਉਨ੍ਹਾਂ ਦਾ ਬੇਟਾ ਤੇ ਤਿੰਨ ਆੜ੍ਹਤੀਏ ਵੀ ਨਾਲ ਸਨ। ਸ੍ਰੀ ਸਿੰਗਲਾ ਦੀ ਗੱਡੀ ਦੀ ਵੀ ਭੰਨ-ਤੋੜ ਵੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਵਨ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਦੀ ਮੰਡੀ ਦੇ ਪਿਛਲੇ ਪਾਸੇ ਪਏ ਪਲਾਟ ਨੂੰ ਲੈ ਕੇ ਕੋਈ ਵਿਵਾਦ ਸੀ। ਉਨ੍ਹਾਂ ਨੂੰ ਬਤੌਰ ਪ੍ਰਧਾਨ ਫੋਨ ਆਇਆ ਅਤੇ ਉਹ ਮੌਕਾ ਦੇਖਣ ਲਈ ਗਏ। ਅਜੇ ਉਹ ਮੌਕੇ 'ਤੇ ਜਾ ਕੇ ਖੜ੍ਹੇ ਹੀ ਸਨ ਕਿ ਇਕ ਦਰਜਨ ਦੇ ਕਰੀਬ ਹਥਿਆਰਬੰਦ ਵਿਅਕਤੀਆਂ ਨੇ ਉਨ੍ਹਾਂ 'ਤੇ ਤਿੱਖੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਦਾ ਇਸ ਵਿਵਾਦ ਨਾਲ ਕੋਈ ਲੈਣ-ਦੇਣ ਨਹੀਂ ਹੈ। ਉਨ੍ਹਾਂ ਪੁਲਸ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਮਲਾਵਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਇੰਸਪੈਕਟਰ ਰਾਹੁਲ ਕੌਸ਼ਲ ਮੌਕੇ 'ਤੇ ਪਹੁੰਚੇ। ਉਨ੍ਹਾਂ ਘਟਨਾ ਸਥਾਨ ਦਾ ਜਾਇਜ਼ਾ ਲਿਆ। ਇੰਸਪੈਕਟਰ ਕੌਸ਼ਲ ਨੇ ਦੱਸਿਆ ਕਿ ਸ੍ਰੀ ਪਵਨ ਸਿੰਗਲਾ ਨੇ ਸ਼ਿਕਾਇਤ ਦਿੱਤੀ ਹੈ। ਇਸ ਦੀ ਜਾਂਚ ਤੋਂ ਬਾਅਦ ਹਮਲਾਵਰਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।