ਪੇਸ਼ੀ ਭੁਗਤ ਕੇ ਜਾ ਰਹੇ ਸਰਪੰਚ ਤੇ ਉਸ ਦੇ ਸਾਥੀਆਂ ''ਤੇ ਜਾਨਲੇਵਾ ਹਮਲਾ

08/09/2017 8:06:50 AM

ਪਟਿਆਲਾ/ਬਾਰਨ  (ਇੰਦਰਪ੍ਰੀਤ)-ਸਰਹਿੰਦ-ਪਟਿਆਲਾ ਰੋਡ ਪਿੰਡ ਬਾਰਨ ਵਿਖੇ ਇਕ ਵਾਹਨ ਨੂੰ ਅਣਪਛਾਤੇ ਵਿਅਕਤੀਆਂ ਨੇ ਸੜਕ ਵਿਚਕਾਰ ਘੇਰ ਕੇ ਪੇਸ਼ੀ ਭੁਗਤ ਕੇ ਵਾਪਸ ਆਪਣੇ ਘਰ ਜਾ ਰਹੇ ਮੌਜੂਦਾ ਸਰਪੰਚ ਅਤੇ ਉਸ ਦੇ ਪਰਿਵਾਰਕ ਮੈਂਬਰਾਂ 'ਤੇ ਕ੍ਰਿਪਾਨਾਂ ਅਤੇ ਹੋਰ ਮਾਰੂ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਇਸ ਵਿਚ ਮੌਜੂਦਾ ਸਰਪੰਚ ਅਤੇ ਉਸ ਦੇ ਹੋਰ 5 ਸਾਥੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ। ਉਨ੍ਹਾਂ ਨੂੰ ਮੌਕੇ 'ਤੇ ਰਜਿੰਦਰਾ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਕਰਵਾਇਆ ਗਿਆ। ਜ਼ਖਮੀਆਂ ਵਿਚ ਸਰਪੰਚ ਮਨਪ੍ਰੀਤ ਸਿੰਘ ਤੇ ਉਸ ਦੇ ਪਿਤਾ ਸ਼ਿੰਦਰ ਸਿੰਘ ਤੋਂ ਇਲਾਵਾ ਕੇਸਰ ਸਿੰਘ, ਰਣਵੀਰ ਸਿੰਘ, ਕੁਲੀਦਪ ਸਿੰਘ ਤੇ ਗੁਰਤੇਜ ਸਿੰਘ ਆਦਿ ਵਿਅਕਤੀਆਂ ਦੇ ਸਿਰ ਅਤੇ ਲੱਤਾਂ-ਬਾਹਾਂ 'ਤੇ ਕਾਫੀ ਗੁੱਝੀਆਂ ਸੱਟਾਂ ਲੱਗੀਆਂ ਹਨ।  
ਹਮਲੇ ਦੌਰਾਨ ਜ਼ਖਮੀ ਹੋਏ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੇ ਰੋਸ ਵਜੋਂ ਸੜਕ ਨੂੰ ਜਾਮ ਕਰ ਦਿੱਤਾ। ਮੌਕੇ 'ਤੇ ਪਹੁੰਚੇ ਪੁਲਸ ਦੇ ਉੱਚ ਅਧਿਕਾਰੀਆਂ ਨੇ ਹਮਲਾਵਰਾਂ ਖਿਲਾਫ ਕਾਰਵਾਈ ਕਰਨ ਦੀ ਗੱਲ ਆਖ ਕੇ ਜਾਮ ਖੁਲ੍ਹਵਾਇਆ। ਘੰਟਿਆਬੱਧੀ ਆਉਣ-ਜਾਣ ਵਾਲੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਹਮਲੇ ਵਿਚ ਜ਼ਖਮੀ ਹੋਏ ਵਿਅਕਤੀ ਪਿੰਡ ਕੋਟਲਾ ਜੱਟਾਂ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਹਨ। ਇਨ੍ਹਾਂ ਦੀ ਸਰਪੰਚੀ ਵੇਲੇ ਤੋਂ ਹੀ ਪੁਰਾਣੀ ਰੰਜਿਸ਼ ਚਲੀ ਆ ਰਹੀ ਸੀ, ਜਿਸ ਨੇ ਅੱਜ ਗੰਭੀਰ ਰੂਪ ਲੈ ਲਿਆ ਹੈ। 
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੌਜੂਦਾ ਸਰਪੰਚ ਅਤੇ ਉਸ ਦੀ ਪਾਰਟੀ ਪਟਿਆਲਾ ਵਿਖੇ ਚੱਲ ਰਹੇ ਕੇਸ ਦੀ ਪੇਸ਼ੀ 'ਤੇ ਆਏ ਹੋਏ ਸਨ। ਉਨ੍ਹਾਂ ਦੇ ਹੱਕ ਵਿੱਚ ਫੈਸਲਾ ਆਉਣ 'ਤੇ ਭੜਕੀ ਦੂਜੀ ਧਿਰ ਦੇ ਵਿਅਕਤੀਆਂ ਨੇ ਪਟਿਆਲਾ-ਸਰਹਿੰਦ ਰੋਡ 'ਤੇ ਸਥਿਤ ਪਿੰਡ ਬਾਰਨ ਵਿਖੇ ਮੌਜੂਦਾ ਸਰਪੰਚ ਦੀਆਂ ਗੱਡੀਆਂ ਨੂੰ ਘੇਰ ਕੇ ਸੜਕ ਵਿਚਕਾਰ ਹੀ ਜਾਨਲੇਵਾ ਹਮਲਾ ਕਰ ਦਿੱਤਾ। ਹਮਲੇ ਵਿਚ ਜ਼ਖਮੀ ਹੋਏ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੂਜੀ ਧਿਰ ਜਿਸ ਨੇ ਹਮਲਾ ਕੀਤਾ ਹੈ, ਉਹ 2 ਗੱਡੀਆਂ ਵਿਚ ਸਵਾਰ ਸਨ। ਉਨ੍ਹਾਂ ਵਿਚ 1 ਦਰਜਨ ਤੋਂ ਵੱਧ ਵਿਅਕਤੀਆਂ ਕੋਲ ਕ੍ਰਿਪਾਨਾਂ, ਡਾਂਗਾਂ ਤੇ ਰਾਡਾਂ ਆਦਿ ਹੋਰ ਤੇਜ਼ਧਾਰ ਮਾਰੂ ਹਥਿਆਰ ਸਨ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਵਿਅਕਤੀਆਂ ਨੂੰ ਤੁਰੰਤ ਪੁਲਸ ਵੱਲੋਂ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਸਮੁੱਚੇ ਪਿੰਡ ਨੂੰ ਨਾਲ ਲੈ ਕੇ ਪਰਿਵਾਰਾਂ ਸਮੇਤ ਪੁਲਸ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਹਮਲੇ ਵੇਲੇ ਮੁਲਜ਼ਮਾਂ ਨੇ ਹਥਿਆਰਾਂ ਦੇ ਨਾਲ-ਨਾਲ ਗੱਡੀਆਂ ਦੇ ਨੰਬਰ ਵੀ ਉਤਾਰੇ ਹੋਏ ਸਨ। ਮੂੰਹ ਵੀ ਢਕੇ ਹੋਏ ਸਨ। ਇਸ ਸਬੰਧੀ ਥਾਣਾ ਅਨਾਜ ਮੰਡੀ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਏ. ਐੈੱਸ. ਆਈ. ਗੁਰਮੀਤ ਸਿੰਘ ਵੱਲੋਂ ਹਮਲੇ ਵਿਚ ਜ਼ਖਮੀ ਹੋਏ ਵਿਅਕਤੀਆਂ ਦੇ ਬਿਆਨਾਂ 'ਤੇ ਤਫਤੀਸ਼ ਕੀਤੀ ਜਾ ਰਹੀ ਹੈ। ਮੌਕੇ 'ਤੇ ਹਮਲੇ ਦੀ ਜਾਣਕਾਰੀ ਨੇੜਲੇ ਦੁਕਾਨਦਾਰਾਂ ਵੱਲੋਂ ਪੁਲਸ ਨੂੰ 100 ਨੰਬਰ 'ਤੇ ਦਿੱਤੀ ਗਈ। ਜ਼ਖਮੀ ਵਿਅਕਤੀਆਂ ਨੂੰ ਪੀ. ਸੀ. ਆਰ. ਪੁਲਸ ਨੇ ਰਜਿੰਦਰਾ ਹਸਪਤਾਲ ਵਿਚ ਦੇਰ ਸ਼ਾਮ ਦਾਖਲ ਕਰਵਾਇਆ।


Related News