ਗੁਰਦੁਆਰਾ ਸਾਹਿਬ ’ਤੇ ਹਮਲਾ : ਕੋਰੋਨਾ ਦੀ ਦਹਿਸ਼ਤ ਦਰਮਿਆਨ ‘ਅੱਤਵਾਦ ਦੀ ਦਹਿਸ਼ਤ’

Wednesday, Mar 25, 2020 - 10:00 PM (IST)

ਜਗਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਸਮੁੱਚੀ ਦੁਨੀਆ ਜਿੱਥੇ ਇਸ ਵੇਲੇ ਕੋਰੋਨਾ ਵਾਇਰਸ ਦੀ ਭਿਆਨਕ ਬੀਮਾਰੀ ਨਾਲ ਜੂਝ ਰਹੀ ਹੈ, ਉੱਥੇ ਹੀ ਨਫਰਤ ਅਤੇ ਅੱਤਵਾਦ ਦੀ ਦਹਿਸ਼ਤ ਵੀ ਇਸ ਨੂੰ ਆਪਣੇ ਲਪੇਟੇ ਵਿਚ ਲੈਣ ਦਾ ਯਤਨ ਕਰ ਰਹੀ ਹੈ। ਨਫਰਤ ਅਤੇ ਅੱਤਵਾਦ ਇਹ ਨੰਗਾ ਨਾਚ ਅੱਜ ਸਵੇਰੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਦੇਖਣ ਨੂੰ ਮਿਲਿਆ। ਇੱਥੇ ਅੱਤਵਾਦੀਆਂ ਨੇ ਗੁਰਦੁਆਰਾ ਸਾਹਿਬ 'ਤੇ ਹਮਲਾ ਕਰਕੇ 23 ਦੇ ਕਰੀਬ ਬੇਕਸੂਰ ਸਿੱਖ ਔਰਤਾਂ, ਮਰਦਾਂ ਅਤੇ ਮਾਸੂਮ ਬੱਚਿਆਂ ਨੂੰ ਮਾਰ ਦਿੱਤਾ। ਇਸ ਦੇ ਨਾਲ-ਨਾਲ ਕਈ ਹੋਰ ਲੋਕ ਵੀ ਇਸ ਹਮਲੇ ਵਿਚ ਜਖ਼ਮੀ ਵੀ ਹੋਏ। ਜਾਣਕਾਰੀ ਮੁਤਾਬਕ 6 ਹਮਲਾਵਰ ਪੁਲਸ ਦੀ ਵਰਦੀ ਵਿਚ ਗੁਰਦੁਆਰਾ ਸਾਹਿਬ ਵਿਚ ਦਾਖਲ ਹੋਏ। ਹਮਲਾਵਰਾਂ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਬੰਬ ਅਤੇ ਗੋਲੀਆਂ ਨਾਲ ਹਮਲਾ ਕੀਤਾ। ਇਸ ਗੱਲ ਦੀ ਜਾਣਕਾਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਨੇ ਅੱਜ ਆਪਣੇ ਸੋਸ਼ਲ ਮੀਡੀਆ ਪੇਜ ’ਤੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਮੁੱਢਲੀ ਜਾਣਕਾਰੀ ਉਨ੍ਹਾ ਨੂੰ ਫੋਨ ’ਤੇ ਹਾਸਲ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਿਸ ਸਮੇਂ ਇਹ ਹਮਲਾ ਹੋਇਆ ਉਸ ਸਮੇਂ ਗੁਰਦੁਆਰੇ ਵਿਚ ਲਗਭਗ 150 ਦੇ ਕਰੀਬ ਸ਼ਰਧਾਲੂ ਮੌਜੂਦ ਸਨ। ਇਸ ਹਮਲੇ ਦੀ ਜਿੰਮੇਵਾਰੀ ਇਸਲਾਮਿਕ ਸਟੇਟ (ਆਈ. ਐੱਸ.) ਨੇ ਲਈ ਹੈ। ਇਸ ਤੋਂ ਪਹਿਲਾਂ ਵੀ ਇਸ ਮਹੀਨੇ ਦੇ ਸ਼ੁਰੂ ਵਿਚ ਵੀ ਆਈ. ਐੱਸ ਨੇ ਕਾਬੁਲ ਵਿਚ ਸ਼ੀਆ ਮੁਸਲਮਾਨਾਂ ਦੇ ਇਕ ਇਕੱਠ ਨੂੰ ਨਿਸ਼ਾਨਾ ਬਣਾਇਆ ਸੀ ਅਤੇ 32 ਲੋਕਾਂ ਨੂੰ ਮਾਰ ਦਿੱਤਾ ਸੀ। ਘੱਟ ਗਿਣਤੀਆਂ ਨੂੰ ਨਿਸ਼ਾਨਾਂ ਬਣਾਉਣ ਦਾ ਇਸ ਮਹੀਨੇ ਵਿਚ ਇਹ ਦੂਜਾ ਮਾਮਲਾ ਹੈ। 

ਭਾਰਤ ਵਿਚ ਸੋਸ਼ਲ ਮੀਡੀਆ ’ਤੇ ਵੀ ਨਫਰਤੀ ਰੀਐਕਸ਼ਨ ਦਾ ਸ਼ਿਕਾਰ ਹੋਏ ਸਿੱਖ 
ਗੁਰਦੁਆਰਾ ਸਾਹਿਬ ’ਤੇ ਹੋਏ ਹਮਲੇ ਤੋਂ ਬਾਅਦ ਭਾਰਤ ਦੇ ਸੋਸ਼ਲ ਮੀਡੀਆ ਵਿਚ ਇਸ ਦੇ ਵੱਖ-ਵੱਖ ਨਫਰਤੀ ਰੀਐਕਸ਼ਨ ਦੇਖਣ ਨੂੰ ਮਿਲੇ। ਨਫਰਤ ਦੇ ਇਨ੍ਹਾਂ ਪੈਰੋਕਾਰਾਂ ਨੇ ਸਿੱਖਾਂ ਦੇ ਜ਼ਖਮਾਂ ’ਤੇ ਮਲ੍ਹਮ ਲਗਾਉਣ ਦੀ ਬਜਾਏ, ਇਸ ਹਮਲੇ ਨੂੰ ਸ਼ਹੀਨ ਬਾਗ਼ ਨਾਲ ਜੋੜ ਕੇ ਪੇਸ਼ ਕੀਤਾ। ਕਈ ਲੋਕਾਂ ਨੇ ਨਫਰਤ ਭਰੇ ਕੁਮੈਂਟ ਕੀਤੇ ਅਤੇ ਲਿਖਿਆ ਕਿ ‘ਸਿੱਖ ਹੋਰ ਖੁਵਾਉਣ ਸ਼ਹੀਨ ਬਾਗ਼ ਵਿਚ ਬੈਠੇ ਮੁਸਲਮਾਨਾਂ ਨੂੰ ਲੰਗਰ’ ਇਸੇ ਤਰ੍ਹਾਂ ਇਸ ਹਮਲੇ ਨੂੰ ਖਾਲਿਸਤਾਨ ਦੇ ਮੰਗ ਨਾਲ ਜੋੜ ਕੇ ਵੀ ਪੇਸ਼ ਕੀਤਾ ਗਿਆ, ਜੋ ਕਿ ਮੰਦਭਾਗਾ ਸੀ। ਕੁਮੈਂਟਾਂ ਵਿਚ ਸਮੁੱਚੀ ਮੁਸਲਿਮ ਕੌਮ ਨੂੰ ਅੱਤਵਾਦੀ ਮਾਨਸਿਕਤਾ ਦਾ ਧਾਰਨੀ ਦਰਸਾਉਣ ਦਾ ਯਤਨ ਕੀਤਾ ਗਿਆ।

ਨਫਰਤ ਦੇ ਪੈਰੋਕਾਰਾਂ ਨੂੰ ਗਿਆਨੀ ਹਰਪ੍ਰੀਤ ਨੇ ਇਸ ਅੰਦਾਜ ਵਿਚ ਦਿੱਤਾ ਜੁਆਬ
ਕਾਬੁਲ ਵਿਚ ਗੁਰਦੁਆਰਾ ਸਾਹਿਬ 'ਤੇ ਹੋਏ ਹਮਲੇ ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਿੱਥੇ ਇਸ ਹਮਲੇ ਦੀ ਨਿੰਦਿਆ ਕੀਤੀ, ਉੱਥੇ ਉਨ੍ਹਾਂ ਸਿੱਖਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੇ ਆਪਣੇ ਵਿਰਾਸਤੀ ਨਾਇਕ ਭਾਈ ਘਨਈਆ ਜੀ ਤੋਂ ਸੇਧ ਲੈਂਦੇ ਰਹਿਣਾ ਹੈ। ਉਨ੍ਹਾਂ ਕਿਹਾ ਕਿ ਨਫਰਤ ਅਤੇ ਮਾਰਨ ਦਾ ਧਰਮ ਨਿਭਾਉਣ ਵਾਲੇ ਆਪਣਾ ਧਰਮ ਨਿਭਾ ਰਹੇ ਹਨ ਪਰ ਕੌਮ ਨੇ ਸਰਬਤ ਦੇ ਭਲੇ ਦਾ ਪੱਲਾ ਨਹੀਂ ਛੱਡਣਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਆਪਣੇ ਇਸੇ ਕਿਰਦਾਰ ਕਾਰਨ ਹੀ ਸਿੱਖਾਂ ਨੂੰ ਦਵੱਲੀ ਨਫਰਤ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਅਜਿਹੇ ਹਮਲਿਆਂ ਨਾਲ ਸਿੱਖੀ ਦਾ ਝੰਡਾ ਹੋਰ ਬੁਲੰਦ ਹੋਵੇਗਾ ਤੇ ਨਫਰਤੀਆਂ ਨੂੰ ਮੂੰਹ ਦੀ ਖਾਣੀ ਪਵੇਗੀ।

ਇਹ ਵੀ ਪੜ੍ਹੋ  : ਕਰਫਿਊ ਬਨਾਮ ਪੰਜਾਬ ਪੁਲਸ ਦਾ ਵਤੀਰਾ 

ਇਹ ਵੀ ਪੜ੍ਹੋ   : ਕੀ ਬੇਅਦਬੀ ਮਾਮਲੇ ’ਤੇ ਹੋ ਸਕੇਗਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ

 

 ਇਹ ਵੀ ਪੜ੍ਹੋ  : ‘ਅਟੱਲ ਭੂ-ਜਲ ਯੋਜਨਾ’ ਵਿਚੋਂ ਪੰਜਾਬ ਨੂੰ ਬਾਹਰ ਕੱਢਣਾ ਸਾਜਿਸ਼ ਜਾਂ ਸਿਆਸਤ !
 


jasbir singh

News Editor

Related News