ਪਾਇਲ ''ਚ ਕਾਂਗਰਸੀ ਸਰਪੰਚ ''ਤੇ ਕਾਤਲਾਨਾ ਹਮਲਾ, ਵਾਰਦਾਤ ਕੈਮਰੇ ''ਚ ਕੈਦ
Friday, Mar 13, 2020 - 12:23 PM (IST)
 
            
            ਪਾਇਲ (ਵਿਪਨ) : ਪਾਇਲ ਹਲਕੇ 'ਚ ਪੈਂਦੇ ਪਿੰਡ ਕਰਮਸਰ ਰਾੜਾ ਸਾਹਿਬ 'ਚ ਉਸ ਸਮੇਂ ਵੱਡੀ ਵਾਰਦਾਤ ਵਾਪਰੀ, ਜਦੋਂ ਪਿੰਡ ਦੇ ਮੌਜੂਦਾ ਕਾਂਗਰਸੀ ਸਰਪੰਚ ਪ੍ਰਿੰਸ ਗਰਗ 'ਤੇ ਸ਼ਰੇਆਮ ਕੁਝ ਨੌਜਵਾਨਾਂ ਵਲੋਂ ਕਾਤਲਾਨਾ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਦੌਰਾਨ ਸਰਪੰਚ ਤੇ ਉਨ੍ਹਾਂ ਦਾ ਚਾਚਾ ਰਘਬੀਰ ਗਰਗ ਬੁਰੀ ਤਰ੍ਹਾਂ ਜ਼ਖਮੀਂ ਹੋ ਗਏ, ਜਿਨ੍ਹਾਂ ਨੂੰ ਤੁਰੰਤ ਪਾਇਲ ਦੇ ਸਰਕਾਰੀ ਹਸਤਪਤਾਲ ਭਰਤੀ ਕਰਾਇਆ ਗਿਆ, ਜਿੱਥੇ ਉਹ ਦੋਵੇਂ ਜ਼ੇਰੇ ਇਲਾਜ ਹਨ।

ਕੈਮਰੇ 'ਚ ਕੈਦ ਹੋਈ ਵਾਰਦਾਤ
ਸਰਪੰਚ ਪ੍ਰਿੰਸ ਗਰਗ ਪੰਚਾਇਤ ਦੀ ਕਿਸੇ ਮੀਟਿੰਗ 'ਚ ਬੈਠੇ ਸਨ ਕਿ ਅਚਾਨਕ ਫੋਨ ਆਉਣ ਕਾਰਨ ਜਦੋਂ ਉਹ ਕਿਸੇ ਦੀ ਸਹਾਇਤਾ ਲਈ ਬਾਹਰ ਆਏ ਤਾਂ ਉੱਥੇ ਪਹਿਲਾਂ ਤੋਂ ਹੀ ਘਾਤ ਲਾ ਕੇ ਬੈਠੇ 5 ਨੌਜਵਾਨਾਂ ਨੇ ਉਨ੍ਹਾਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਹ ਸਾਰੀ ਵਾਰਦਾਤ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ। ਫਿਲਹਾਲ ਪੁਲਸ ਨੇ 5 ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਗੱਲ ਕਰ ਰਹੀ ਹੈ। ਉੱਥੇ ਹੀ ਦੂਜੇ ਪਾਸੇ ਹਸਪਤਾਲ 'ਚ ਜ਼ੇਰੇ ਇਲਾਜ ਸਰਪੰਚ ਦਾ ਕਹਿਣਾ ਹੈ ਕਿ ਜਿਹੜੇ ਦੋਸ਼ੀਆਂ ਨੇ ਉਨ੍ਹਾਂ 'ਤੇ ਹਮਲਾ ਕੀਤਾ ਹੈ, ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਕਿਉਂਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਦੋਸ਼ੀਆਂ ਤੋਂ ਖਤਰਾ ਹੈ।

ਕੀ ਕਹਿਣਾ ਹੈ ਡੀ. ਐੱਸ. ਪੀ. ਦਾ
ਇਸ ਸਬੰਧੀ ਜਦੋਂ ਡੀ. ਐੱਸ. ਪੀ., ਪਾਇਲ ਹਰਦੀਪ ਸਿੰਘ ਚੀਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਸਰਪੰਚ 'ਤੇ ਹਮਲਾ ਕਰਨ ਵਾਲੇ 5 ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਦੱਸਣਯੋਗ ਹੈ ਕਿ ਕਾਂਗਰਸ ਪਾਰਟੀ ਦੇ ਆਪਣੇ ਪੰਚ-ਸਰਪੰਚ ਹੀ ਸੁਰੱਖਿਅਤ ਨਹੀਂ ਹਨ ਤਾਂ ਪੰਜਾਬ ਦੇ ਆਮ ਲੋਕ ਖੁਦ ਨੂੰ ਕਿਵੇਂ ਸੁਰੱਖਿਅਤ ਸਮਝਣਗੇ। ਇਹ ਗੱਲ ਸੋਚਣ ਵਾਲੀ ਹੈ ਕਿ ਜੇਕਰ ਕਾਂਗਰਸ ਦਾ ਸਰਪੰਚ ਹੀ ਇਨਸਾਫ ਲਈ ਤਰਲੋ-ਮੱਛੀ ਹੋ ਰਿਹਾ ਹੈ ਤਾਂ ਫਿਰ ਆਮ ਜਨਤਾ ਪੰਜਾਬ ਦੀ ਸਰਕਾਰ ਜਾਂ ਪੁਲਸ ਤੋਂ ਕੀ ਉਮੀਦ ਰੱਖ ਸਕਦੀ ਹੈ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            