ਪਟਿਆਲਾ 'ਚ ਹਿੰਦੂ ਨੇਤਾ ਅਮਿਤ ਸ਼ਰਮਾ ਦੀਆਂ ਗੱਡੀਆਂ ’ਤੇ ਹਮਲਾ, ਕਾਲੀ ਮਾਤਾ ਮੰਦਰ ਦੇ ਬਾਹਰ ਵਾਪਰੀ ਘਟਨਾ

09/23/2023 12:55:39 AM

ਪਟਿਆਲਾ (ਬਲਜਿੰਦਰ) : ਮਾਸਟਰ ਸਲੀਮ ਖ਼ਿਲਾਫ਼ ਕੇਸ ਦਰਜ ਹੋਣ ਤੋਂ ਬਾਅਦ ਸ਼੍ਰੀ ਕਾਲੀ ਮਾਤਾ ਮੰਦਰ ’ਚ ਐੱਫ. ਆਈ. ਆਰ. ਦੀ ਕਾਪੀ ਲੈ ਕੇ ਮੱਥਾ ਟੇਕਣ ਪਹੁੰਚੇ ਹਿੰਦੂ ਤਖਤ ਦੇ ਰਾਸ਼ਟਰੀ ਪ੍ਰਚਾਰਕ ਦੇਵ ਅਮਿਤ ਸ਼ਰਮਾ ਦੀਆਂ ਮੰਦਰ ਦੇ ਬਾਹਰ ਖੜ੍ਹੀਆਂ ਗੱਡੀਆਂ ’ਤੇ ਅਣਪਛਾਤੇ ਵਿਅਕਤੀਆਂ ਨੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ, ਜੇਕਰ ਅਮਿਤ ਸ਼ਰਮਾ ਦੀ ਗੱਲ ਮੰਨੀ ਜਾਵੇ ਤਾਂ ਇਕ ਫਾਇਰ ਵੀ ਹੋਇਆ ਹੈ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ. ਪੀ. ਸਿਟੀ ਸਰਫਰਾਜ ਆਲਮ, ਡੀ. ਐੱਸ. ਪੀ. ਕ੍ਰਿਸ਼ਨ ਕੁਮਾਰ ਪੈਂਥੇ, ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਇੰਸਪੈਕਟਰ ਸੁਖਵਿੰਦਰ ਸਿੰਘ, ਥਾਣਾ ਲਾਹੌਰੀ ਗੇਟ ਦੇ ਐੱਸ. ਐੱਚ. ਓ. ਜਸਪ੍ਰੀਤ ਸਿੰਘ ਕਾਹਲੋਂ, ਥਾਣਾ ਤ੍ਰਿਪੜੀ ਦੇ ਐੱਸ. ਐੱਚ. ਓ. ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਪੁਲਸ ਪਾਰਟੀ ਸਮੇਤ ਪਹੁੰਚ ਗਏ। ਪੁਲਸ ਨੇ ਜਾਂਦਿਆਂ ਹੀ ਸਮੁੱਚਾ ਇਲਾਕਾ ਖਾਲੀ ਕਰਵਾ ਲਿਆ ਤੇ ਇਕਦਮ ਇਸ ਇਲਾਕੇ 'ਚ ਸਨਸਨੀ ਫੈਲ ਗਈ। ਪੁਲਸ ਨੇ ਤੁਰੰਤ ਸਥਿਤੀ ’ਤੇ ਕਾਬੂ ਪਾ ਲਿਆ।

ਇਹ ਵੀ ਪੜ੍ਹੋ : RDF 'ਤੇ ਰਾਜਪਾਲ ਦਾ CM ਮਾਨ ਨੂੰ ਜਵਾਬ: ਪੁਰੋਹਿਤ ਨੇ ਕਿਹਾ- ਸੁਪਰੀਮ ਕੋਰਟ ਦੇ ਫ਼ੈਸਲੇ ਦਾ ਕਰੋ ਇੰਤਜ਼ਾਰ

PunjabKesari

ਇਸ ਮੌਕੇ ਐੱਸ. ਪੀ. ਸਿਟੀ ਸਰਫਰਾਜ ਆਲਮ ਨੇ ਦੱਸਿਆ ਕਿ ਦੇਵ ਅਮਿਤ ਸ਼ਰਮਾ ਮੰਦਰ ਮੱਥਾ ਟੇਕਣ ਆਏ ਸਨ ਤੇ ਉਨ੍ਹਾਂ ਦੇ ਕਹਿਣ ਮੁਤਾਬਕ ਉਨ੍ਹਾਂ ਦੀਆਂ ਗੱਡੀਆਂ ’ਤੇ ਇੱਟਾਂ-ਰੋੜਿਆਂ ਨਾਲ ਹਮਲਾ ਕੀਤਾ ਗਿਆ ਹੈ, ਜਿਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਹਮਣੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ, ਜਿਨ੍ਹਾਂ ਦੀ ਜਾਂਚ-ਪੜਤਾਲ ਤੋਂ ਬਾਅਦ ਕੋਈ ਗੱਲ ਕਹੀ ਜਾ ਸਕਦੀ ਹੈ।

ਦੂਜੇ ਪਾਸੇ ਅਮਿਤ ਸ਼ਰਮਾ ਦਾ ਕਹਿਣਾ ਹੈ ਕਿ ਉਹ ਆਪਣੇ ਧਰਮ ਦੀ ਰਾਹ ’ਤੇ ਚੱਲ ਰਹੇ ਹਨ, ਜੋ ਬਹੁਤ ਸਾਰੇ ਲੋਕਾਂ ਨੂੰ ਪਸੰਦ ਨਹੀਂ ਹੈ। ਕੁਝ ਲੋਕ ਅੰਮ੍ਰਿਤਸਰ ਤੋਂ ਹੀ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ ਤੇ ਜਦੋਂ ਉਹ ਕਾਲੀ ਮਾਤਾ ਮੰਦਰ ਪਹੁੰਚੇ ਤਾਂ ਅੰਦਰ ਮੱਥਾ ਟੇਕਣ ਗਏ ਤਾਂ ਪਿੱਛੋਂ ਹਮਲਾਵਰਾਂ ਨੇ ਉਨ੍ਹਾਂ ਦੀਆਂ ਗੱਡੀਆਂ ਦੀ ਭੰਨ-ਤੋੜ ਕਰ ਦਿੱਤੀ ਤੇ ਇਕ ਫਾਇਰ ਵੀ ਕੀਤਾ ਗਿਆ ਪਰ ਹਮਲਾਵਰਾਂ ਨੂੰ ਨਹੀਂ ਪਤਾ ਸੀ ਕਿ ਉਹ ਗੱਡੀ 'ਚ ਨਹੀਂ ਹਨ।

ਇਹ ਵੀ ਪੜ੍ਹੋ : ਕੈਨੇਡਾ ਤੋਂ ਬਾਅਦ ਹੁਣ ਬ੍ਰਿਟੇਨ 'ਚ ਵੀ ਉੱਠੀ ਅਵਤਾਰ ਸਿੰਘ ਖੰਡਾ ਦੀ ਮੌਤ ਦੀ ਜਾਂਚ ਦੀ ਮੰਗ

ਉਨ੍ਹਾਂ ਕਿਹਾ ਕਿ ਉਹ ਹਿੰਦੂ ਸਮਾਜ ਲਈ ਲੜਾਈ ਲੜਦੇ ਰਹਿਣਗੇ। ਅਮਿਤ ਸ਼ਰਮਾ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੇ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦਾ ਹੱਕ ਹੈ ਤੇ ਫਿਰ ਸਾਰੀਆਂ ਬੰਦਿਸ਼ਾਂ ਹਿੰਦੂ ਧਰਮ ’ਤੇ ਹੀ ਕਿਉਂ ਲਗਾਈਆਂ ਜਾਂਦੀਆਂ ਹਨ। ਕੀ ਪੰਜਾਬ ’ਚ ਧਰਮ ਨਿਰਪੱਖ ਰਾਜ ਲਾਗੂ ਨਹੀਂ ਹੈ, ਕਿਉਂ ਹਿੰਦੂ ਆਗੂਆਂ ਨੂੰ ਨਿਸ਼ਾਨਾ ਬਣਾ ਕੇ ਹਿੰਦੂ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸਨਾਤਨ ਧਰਮ ਦਾ ਪ੍ਰਚਾਰ ਇਸੇ ਤਰ੍ਹਾਂ ਕਰਦੇ ਰਹਿਣਗੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News