ਕੈਪਟਨ ਦੀ ਕੇਂਦਰ ''ਚ ਮੋਦੀ ਤੇ ਪੰਜਾਬ ''ਚ ਬਾਦਲਾਂ ਨਾਲ ਸਾਂਝ : ਖਹਿਰਾ

07/13/2017 4:05:43 AM

ਚੰਡੀਗੜ੍ਹ (ਸ਼ਰਮਾ) - ਆਪਣੇ ਇਸ ਕਾਰਜਕਾਲ ਦੌਰਾਨ ਕੈਪਟਨ ਅਮਰਿੰਦਰ ਸਿੰਘ ਪੂਰੀ ਤਰ੍ਹਾਂ ਨਾਲ ਬਦਲੇ ਹੋਏ ਵਿਅਕਤੀ ਦਿਖਾਈ ਦਿੰਦੇ ਹਨ, ਜਿਹੜੇ ਕਿ ਰਾਸ਼ਟਰੀ ਪੱਧਰ 'ਤੇ ਮੋਦੀ ਸਰਕਾਰ ਅਤੇ ਪੰਜਾਬ ਪੱਧਰ 'ਤੇ ਬਾਦਲਾਂ ਪ੍ਰਤੀ ਬੇਹੱਦ ਨਰਮ ਰੁਖ ਅਪਣਾ ਰਹੇ ਹਨ। ਇਸ ਤੋਂ ਸਪੱਸ਼ਟ ਹੈ ਕਿ ਇਨ੍ਹਾਂ ਨਾਲ ਬਾਦਲਾਂ ਦੀ ਸਾਂਝ ਭਿਆਲੀ ਹੈ। ਇਹ ਦੋਸ਼ ਲਾਉਂਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਜੱਦੀ ਜ਼ਿਲੇ ਪਟਿਆਲਾ ਸਮੇਤ ਪੂਰੇ ਪੰਜਾਬ ਸੂਬੇ ਨਾਲੋਂ ਕਿਤੇ ਜ਼ਿਆਦਾ ਵਾਰ ਵੱਡੇ ਗੁਲਦਸਤੇ ਲੈ ਕੇ ਮੋਦੀ ਨੂੰ ਮਿਲਣ ਜਾ ਚੁੱਕੇ ਹਨ।  ਐੱਸ. ਵਾਈ. ਐੱਲ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਦਰਿਆਵਾਂ ਵਿਚ ਮੌਜੂਦ ਪਾਣੀ ਦਾ ਮੁੜ ਨਿਰੀਖਣ ਕਰਨ ਲਈ ਕੈਪਟਨ ਵੱਲੋਂ ਕੇਂਦਰ ਨੂੰ ਟ੍ਰਿਬਿਨਊਲ ਗਠਿਤ ਕੀਤੇ ਜਾਣ ਦੀ ਮੰਗ ਦਾ ਸਾਡੇ ਪਾਣੀਆਂ ਅਤੇ ਰਿਪੇਰੀਅਨ ਅਸੂਲ ਉੱਪਰ ਭਾਰੀ ਅਸਰ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਆਪਣੇ ਭਾਜਪਾ ਪੱਖੀ ਸਟੈਂਡ ਕਾਰਨ ਮੋਦੀ ਸਰਕਾਰ ਨੇ ਖੁਸ਼ ਹੋ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਇਨਾਮ ਵਜੋਂ ਉਨ੍ਹਾਂ ਦੇ ਪਰਿਵਾਰ ਦੇ ਸਵਿਸ ਬੈਂਕਾਂ ਵਿਚ ਜਮਾ ਕਾਲੇ ਧਨ, ਯੂ. ਕੇ. ਅਤੇ ਦੁਬਈ ਵਿਚਲੀਆਂ ਗੈਰਕਾਨੂੰਨੀ ਪ੍ਰਾਪਰਟੀਆਂ ਖਿਲਾਫ ਬ੍ਰਿਟਿਸ਼ ਵਰਜਿਨ ਆਈਲੈਂਡ ਦੀ ਸ਼ਿਕਾਇਤ ਉੱਪਰ ਕੋਈ ਕਾਰਵਾਈ ਨਹੀਂ ਕੀਤੀ।


Related News