2022 ਵਿਧਾਨ ਸਭਾ ਚੋਣਾਂ ਲਈ 'ਆਪ' ਫਰੋਲਣ ਲੱਗੀ ਸਿਆਸੀ ਜ਼ਮੀਨ, ਸਿੱਧੂ ਬਣੇ ਚਰਚਾ ਦਾ ਵਿਸ਼ਾ
Sunday, Jun 07, 2020 - 02:20 PM (IST)
ਬਰੇਟਾ (ਜ.ਬ.) : 2022 'ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਤਿੰਨੇ ਮੁੱਖ ਸਿਆਸੀ ਧਿਰਾਂ ਨੇ ਹੁਣ ਤੋਂ ਹੀ ਸਿਆਸੀ ਮੈਦਾਨ ਤਿਆਰ ਕਰਨ ਦੀ ਕਵਾਇਦ ਵਿੱਢ ਦਿੱਤੀ ਹੈ। ਲੰਬੇ ਸਮੇਂ ਤੋਂ ਸ਼ਾਂਤ ਬੈਠੇ ਨਵਜੋਤ ਸਿੰਘ ਸਿੱਧੂ ਦਾ ਨਾਂ ਇਕ ਵਾਰ ਫਿਰ ਸਿਆਸੀ ਮਾਹਰਾਂ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮੌਜੂਦਾ ਹਾਲਾਤ 'ਚ ਨਵਜੋਤ ਸਿੰਘ ਸਿੱਧੂ ਦੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਦੀਆਂ ਅਫਵਾਹਾਂ ਦਾ ਬਾਜ਼ਾਰ ਪੂਰੀ ਤਰ੍ਹਾਂ ਗਰਮ ਹੈ। ਬੇਸ਼ੱਕ ਨਵਜੋਤ ਸਿੰਘ ਸਿੱਧੂ ਅਤੇ ਆਦਮੀ ਪਾਰਟੀ ਵਲੋਂ ਇਸ ਤਰ੍ਹਾਂ ਦੀਆਂ ਗੱਲਾਂ ਹੋਣ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਇਸ ਵਾਰ ਸਿਆਸੀ ਮਾਹਰਾਂ ਵਲੋਂ ਸਿੱਧੂ ਦੀ ਚੁੱਪੀ ਦੇ ਵੱਖ-ਵੱਖ ਮਾਇਨੇ ਕੱਢੇ ਜਾ ਰਹੇ ਹਨ। ਜੇਕਰ ਦੇਖਿਆ ਜਾਵੇ ਤਾਂ ਸਿੱਧੂ ਦਾ ਕੱਦ ਪੰਜਾਬ ਦੀ ਸਿਆਸਤ 'ਚ ਬਹੁਤ ਉੱਚਾ ਮੰਨਿਆ ਜਾਂਦਾ ਹੈ ਅਤੇ ਉਹ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਕਾਫੀ ਨਜ਼ਦੀਕੀ ਮੰਨੇ ਜਾਂਦੇ ਹਨ। ਇਸ ਲਈ ਕਾਂਗਰਸ ਪਾਰਟੀ ਇਸ ਚੋਟੀ ਦੇ ਨੇਤਾ ਨੂੰ ਆਸਾਨੀ ਨਾਲ ਨਹੀਂ ਗਵਾਏਗੀ। ਦੂਸਰੇ ਪਾਸੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਾ ਹੋਣ ਕਾਰਨ ਸਿੱਧੂ ਨੇ ਕਾਂਗਰਸ ਦਾ ਪੱਲਾ ਫੜ ਲਿਆ ਸੀ ਪਰ ਉਹ ਸਰਕਾਰ ਬਣਨ ਦੇ ਬਾਅਦ ਤੋਂ ਹੀ ਆਪਣੀ ਪਾਰਟੀ ਨੂੰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਕਟਹਿਰੇ 'ਚ ਖੜ੍ਹਾ ਕਰਦੇ ਰਹੇ ਹਨ।
ਇਹ ਵੀ ਪੜ੍ਹੋ : 8 ਜੂਨ ਤੋਂ ਪੰਜਾਬ 'ਚ ਖੁੱਲ੍ਹਣਗੇ ਮਾਲਜ਼, ਹੋਟਲ ਤੇ ਰੈਸਟੋਰੈਂਟ, ਜਾਣੋ ਕੀ ਹਨ ਖਾਸ ਹਦਾਇਤਾਂ
ਦੂਜੇ ਪਾਸੇ ਆਮ ਆਦਮੀ ਪਾਰਟੀ ਵੀ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਹੋਈਆਂ ਗਲਤੀਆਂ ਨੂੰ ਸੁਧਾਰ ਕੇ ਸਿੱਧੂ ਵਰਗੇ ਕੱਦਾਵਰ ਨੇਤਾ ਨੂੰ ਗਵਾਉਣ ਦੀ ਗਲਤੀ ਦੁਬਾਰਾ ਨਹੀਂ ਕਰਨੀ ਚਾਹੇਗੀ। ਜੇਕਰ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਦਾ ਮੁੱਦਾ ਅਕਾਲੀ ਦਲ ਲਈ ਸਿਰਦਰਦੀ ਬਣ ਸਕਦਾ ਹੈ, ਜਿਸ ਨੂੰ ਲੈ ਕੇ 'ਆਪ' ਅਤੇ ਕਾਂਗਰਸ ਵਲੋਂ ਅਕਾਲੀ ਦਲ 'ਤੇ ਨਿਸ਼ਾਨੇ ਵੀ ਲਾਏ ਜਾ ਰਹੇ ਹਨ।
ਇਹ ਵੀ ਪੜ੍ਹੋ : ਜਵਾਨ ਪੁੱਤ ਦੀ ਲਾਸ਼ ਦੇਖ ਮਾਂ ਦਾ ਨਿਕਲਿਆ ਤ੍ਰਾਹ, ਜਨਮ ਦਿਨ ਨੂੰ ਬਣਾਇਆ ਅੰਤਿਮ ਦਿਨ
ਇਸੇ ਤਰ੍ਹਾਂ ਕਾਗਰਸ ਪਾਰਟੀ ਜਿਹੜੀ ਵਿਧਾਨ ਸਭਾ ਦੇ ਅਖੀਰੀ ਸਮੇ ਵਿਚ ਕੰਮ ਕਰਕੇ ਪੁਜੀਸ਼ਨ ਮਜ਼ਬੂਤ ਬਣਾਉਣ ਦੀ ਆਸ ਲਾਈ ਬੈਠੀ ਸੀ, ਦੀ ਆਸ 'ਤੇ ਕੋਰੋਨਾ ਵਾਇਰਸ ਕਰਕੇ ਪਾਣੀ ਫਿਰਦਾ ਦਿਖਾਈ ਦੇ ਰਿਹਾ ਹੈ। ਤਿੰਨ ਸਾਲਾ ਤੋਂ ਖਜ਼ਾਨਾ ਖਾਲੀ ਹੋਣ ਦਾ ਢਿੰਡੋਰਾ ਪਿੱਟਣ ਤੋਂ ਬਾਅਦ ਹੁਣ ਕੋਰੋਨਾ ਕਾਰਨ ਖਜ਼ਾਨੇ ਦੀ ਸਥਿਤੀ ਸੁਧਰਨ ਦੀ ਗੁੰਜਾਇਸ਼ ਘੱਟ ਗਈ ਹੈ। ਜੇਕਰ ਟੈਕਸ ਵਧਾਏ ਜਾਂਦੇ ਹਨ ਤਾਂ ਲੋਕਾਂ 'ਚ ਰੋਸ ਪੈਦਾ ਹੋਣਾ ਯਕੀਨੀ ਹੈ। ਸੱਤਾ 'ਤੇ ਕਾਬਜ਼ ਹੋਣ ਵੇਲੇ ਕੀਤੇ ਨਸ਼ਾਬੰਦੀ, ਘਰ-ਘਰ ਨੌਕਰੀ, ਮੁਫਤ ਸਮਾਰਟ ਫੋਨ ਦੇਣ ਵਰਗੇ ਅਨੇਕਾਂ ਵਾਅਦੇ ਕਾਂਗਰਸ ਦੇ ਰਸਤੇ 'ਚ ਰੋੜਾ ਬਣ ਸਕਦੇ ਹਨ। ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਕਾਂਗਰਸ ਪਾਰਟੀ ਤੋਂ ਪੰਥਕ ਵੋਟ ਵੀ ਦੂਰ ਹੋ ਸਕਦੀ ਹੈ। ਬੇਸ਼ੱਕ ਸਾਲ 2017 ਦੀਆਂ ਤਰ੍ਹਾਂ 'ਆਪ' ਦੀ ਇਸ ਵਾਰ ਲਹਿਰ ਨਹੀਂ ਹੈ ਪਰ ਜਿਸ ਤਰ੍ਹਾਂ ਲੋਕਾਂ ਦਾ ਕਾਂਗਰਸ ਅਤੇ ਅਕਾਲੀ ਦਲ ਤੋਂ ਮੋਹ ਭੰਗ ਹੋਇਆ ਹੈ, ਅਜਿਹੇ ਵਿੱਚ 'ਆਪ' ਲਈ ਇਹ ਇਕ ਹੋਰ ਮੌਕਾ ਹੋ ਸਕਦਾ ਹੈ। ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ 'ਆਪ' ਪੰਜਾਬੀਆਂ ਦੇ ਅੱਲੇ ਜ਼ਖਮਾਂ 'ਤੇ ਮਲ੍ਹਮ ਲਾਉਣ ਦੀ ਕੋਸ਼ਿਸ਼ ਕਰ ਸਕਦੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਲਗਾਤਾਰ ਵੱਧ ਰਿਹਾ ਕੋਰੋਨਾ ਦਾ ਪ੍ਰਕੋਪ, 20 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ