ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼, ਤਰਨਤਾਰਨ ਜ਼ਿਲ੍ਹੇ ਦੇ 3 ਵਿਧਾਨ ਸਭਾ ਹਲਕਿਆਂ ‘ਚ ਉਮੀਦਵਾਰਾਂ ਦਾ ਭੰਬਲਭੂਸਾ

08/08/2021 10:30:25 AM

ਤਰਨਤਾਰਨ (ਰਮਨ)- ਵਿਧਾਨ ਸਭਾ ਚੋਣਾਂ ’ਚ ਸਿਰਫ਼ 6 ਮਹੀਨੇ ਬਾਕੀ ਰਹਿ ਗਏ ਹਨ ਪਰ ਰਵਾਇਤੀ ਕਾਂਗਰਸ, ਅਕਾਲੀ ਦਲ ਪਾਰਟੀ ਅਤੇ ਦਿੱਲੀ ’ਚ ਅਰਵਿੰਦ ਕੇਜਰੀਵਾਲ ਦੀ ਨਵੀਂ ਪੈੜਾ ਪਾਉਣ ਵਾਲੀ ‘ਆਪ’ ਵੱਲੋਂ ਇਨਾਂ ਚੋਣਾਂ ਲਈ ਕੀਤੀਆਂ ਜਾ ਰਹੀਆਂ ਸਰਗਰਮੀਆਂ ’ਚ ਜੇਕਰ ਕਿਸੇ ਪਾਰਟੀ ਦੇ ਕੱਦ ਬੁੱਤ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਸਭ ਤੋਂ ਉਪਰ ਹੈ ਅਤੇ ਇਸ ਪਾਰਟੀ ਨੇ ਹੁਣ ਤੱਕ 60 ਸੀਟਾਂ ਅਤੇ ਆਪਣੇ ਇੰਚਾਰਜ ਲਾ ਦਿੱਤੇ ਹਨ। ਦੂਜੇ ਪਾਸੇ 2022 ’ਚ ਆਪਣੀ ਸਰਕਾਰ ਬਣਾਉਣ ਦੇ ਦਾਅਵੇ ਕਰਨ ਵਾਲੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੂਜੇ ਨੰਬਰ ’ਤੇ ਹਨ ਜਦਕਿ ਕਾਂਗਰਸ ਪਾਰਟੀ ਅਜੇ ਤੱਕ ਆਪਣੇ ਕਾਟੋ-ਕਲੇਸ਼ ’ਚ ਹੀ ਮਸਰੂਫ ਹੈ।

ਇਕ ਝਾਤ ਵਿਧਾਨ ਸਭਾ ਹਲਕਾ ਖੇਮਕਰਨ, ਪੱਟੀ, ਤਰਨਤਾਰਨ ਤੇ ਖਡੂਰ ਸਾਹਿਬ ’ਤੇ 
ਆਓ ਹੁਣ ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਖੇਮਕਰਨ, ਪੱਟੀ, ਤਰਨਤਾਰਨ ਅਤੇ ਖਡੂਰ ਸਾਹਿਬ ’ਤੇ ਝਾਤ ਮਾਰਦੇ ਹਾਂ। ਹਲਕਾ ਖੇਮਕਰਨ ਤੋਂ ਸੁਖਬੀਰ ਸਿੰਘ ਬਾਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਨੂੰ ਆਗਾਮੀ ਵਿਧਾਇਕ ਐਲਾਨ ਗਏ ਹਨ, ਜਦਕਿ ਇਸ ਹਲਕੇ ਤੋਂ ਮੌਜੂਦਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਵੀ ਦੋਬਾਰਾ ਸੱਤਾ ’ਚ ਆਉਣ ਸਬੰਧੀ ਲਲਕਾਰੇ ਮਾਰ ਰਹੇ ਹਨ। ਇਸ ਦੇ ਨਾਲ ਲੱਗਦੇ ਹਲਕਾ ਪੱਟੀ ਤੋਂ ਵਿਧਾਨ ਸਭਾ ਚੋਣਾਂ ’ਚ ਕਾਗਰਸ ਦੇ ਹਰਮਿੰਦਰ ਸਿੰਘ ਗਿੱਲ ਤੋਂ ਹਾਰਨ ਉਪਰੰਤ ਪ੍ਰਕਾਸ਼ ਸਿੰਘ ਬਾਦਲ ਦੇ ਦਾਮਾਦ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਜੇ ਤੱਕ ਖਾਮੋਸ਼ ਨਜ਼ਰ ਆ ਰਹੇ ਹਨ ਅਤੇ ਕੈਰੋਂ ਦੇ ਪਾਰਟੀ ਨੂੰ ਅਲਵਿਦਾ ਕਹਿ ਕਿਸੇ ਵੇਲੇ ਵੀ ਹੋਰ ਪਾਰਟੀ ’ਚ ਸ਼ਾਮਲ ਹੋਣ ਬਾਬਤ ਬਾਜ਼ਾਰ ਗਰਮ ਹੈ। ਵਿਧਾਨ ਸਭਾ ਹਲਕਾ ਤਰਨਤਾਰਨ ਤੋਂ 4 ਵਾਰ ਵਿਧਾਇਕ ਰਹਿ ਚੁੱਕੇ ਹਰਮੀਤ ਸਿੰਘ ਸੰਧੂ ਨੂੰ ਪਾਰਟੀ ਹਾਈਕਮਾਨ ਵੱਲੋਂ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅੰਦਰ ਤਿਆਰੀਆਂ ਕਰਨ ਦਾ ਕਹਿ ਕੇ ਇਸ ਹਲਕੇ ’ਚ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇਕਬਾਲ ਸਿੰਘ ਸੰਧੂ ਦੇ ਪੈਰਾਂ ਹੇਠੋਂ ਜ਼ਮੀਨ ਕੱਢ ਦਿੱਤੀ, ਜਦਕਿ ਬਾਅਦ ’ਚ ਉਸ ਨੂੰ ਤਰਨਤਾਰਨ ਅੰਦਰ ਸਰਗਰਮੀਆਂ ਵਧਾਉਣ ਦਾ ਕਹਿ ਕੇ ਚੁੱਪ ਕਰਵਾ ਦਿੱਤਾ ਗਿਆ।

ਇਹ ਵੀ ਪੜ੍ਹੋ: ਮਾਤਾ ਨੈਣਾ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਕੋਰੋਨਾ ਦੀ ਵੈਕਸੀਨ ਜਾਂ ਨੈਗੇਟਿਵ ਰਿਪੋਰਟ ਹੋਣੀ ਜ਼ਰੂਰੀ

ਤਰਨਤਾਰਨ ਅਤੇ ਖਡੂਰ ਸਾਹਿਬ ਦੇ ਦੋਵਾਂ ਸੰਭਾਵੀ ਉਮੀਦਵਾਰਾਂ ਦੇ ਸਮਰਥਕਾਂ ਵੱਲੋਂ ਆਪਣੇ ਮਹਿਬੂਬ ਆਗੂਆਂ ਨੂੰ ਫਿਰ ਤੋਂ ਆਪੋ-ਆਪਣੇ ਹਲਕੇ ’ਚ ਆਉਣ ਦੀਆਂ ਅਪੀਲਾਂ ਕਰ ਰਹੇ ਹਨ। ਹਰਮੀਤ ਸਿੰਘ ਸੰਧੂ ਅਤੇ ਇਕਬਾਰ ਸਿੰਘ ਸੰਧੂ ਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਉਨ੍ਹਾਂ ਨੇ ਕਿਹੜੀ ਵਿਧਾਨ ਸਭਾ ਸੀਟ ਤੋਂ ਚੋਣ ਲੜਨੀ ਹੈ, ਜਦਕਿ ਅਫ਼ਵਾਹਾਂ ਇਹ ਵੀ ਹਨ ਕਿ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਸੀਟ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਬੇਟੀ ਬੀਬਾ ਪ੍ਰਨੀਤ ਕੌਰ ਅਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਲਈ ਰਾਖਵੀਂ ਹੈ। ਤਰਨਤਾਰਨ ਤੋਂ 4 ਵਾਰ ਵਿਧਾਇਕ ਰਹਿ ਚੁੱਕੇ ਹਰਮੀਤ ਸਿੰਘ ਸੰਧੂ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਲੜਨ ਲਈ ਇਸ ਲਈ ਝਿਜਕਦੇ ਹਨ ਕਿਉਂਕਿ ਉਨਾਂ ਦਾ ਸਵਾਗਤ (ਵਿਰੋਧ) ਕਰਨ ਲਈ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੌਕੇ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਤੇਜਿੰਦਰ ਸਿੰਘ ਟੋਨੀ ਬ੍ਰਹਮਪੁਰਾ ਅਤੇ ਮਾਝੇ ਦੇ ਜਰਨੈਲ ਅਖਵਾਉਂਦੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਰਪ੍ਰਸਤ ਰਣਜੀਤ ਸਿੰਘ ਬ੍ਰਹਮਪੁਰਾ ਖੜ੍ਹੇ ਹਨ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਤਰਨਤਾਰਨ ਜਿਥੇ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਹਰਮੀਤ ਸਿੰਘ ਸੰਧੂ ਦੇ ਸਾਬਕਾ ਸਮਰਥਕ ਸੋਨੂੰ-ਮੋਨੂੰ ਚੀਮਾ ਵਲੋਂ ਤਰਨਤਾਰਨ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀ ਚਰਚਾ ਨੇ ਸੰਭਾਵੀ ਉਮੀਦਵਾਰਾਂ ਦੀ ਰਾਤਾ ਦੀ ਨੀਂਦ ਉਡਾ ਦਿੱਤੀ ਹੈ।

ਇਹ ਵੀ ਪੜ੍ਹੋ: ਜਲੰਧਰ: ਵਿਦੇਸ਼ ਭੇਜਣ ਲਈ ਮੁੰਡੇ ਵਾਲਿਆਂ ਤੋਂ ਠੱਗੇ 18 ਲੱਖ, ਜਦੋਂ ਵੀਜ਼ਾ ਲੱਗਾ ਤਾਂ ਕਹਿੰਦੇ 'ਕੁੜੀ ਦੀ ਮੌਤ ਹੋ ਗਈ'

ਦੂਜੇ ਪਾਸੇ ਹਲਕਾ ਪੱਟੀ ਤੋਂ ਅਜੇ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਨਾ ਐਲਾਨਣ ਕਰਕੇ ਮੌਜੂਦਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਆਪਣੇ-ਆਪ ਨੂੰ ਜੇਤੂ ਸਮਝ ਰਹੇ ਹਨ, ਜਦਕਿ ‘ਆਪ’ ਦੇ ਲਾਲਜੀਤ ਸਿੰਘ ਭੁੱਲਰ ਵੀ ਮੈਦਾਨ ’ਚ ਖੁੱਲ ਕੇ ਉਤਰਨ ਲਈ ਤਿਆਰ ਨਜ਼ਰ ਆ ਰਹੇ ਹਨ। ਹਲਕਾ ਤਰਨਤਾਰਨ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਦੋਬਾਰਾ ਵਿਧਾਇਕ ਦੀ ਤਿਆਰੀ ਕੱਸੀ ਬੈਠੇ ਨਜ਼ਰ ਆ ਰਹੇ ਹਨ ਪਰ ਹਲਕਾ ਖਡੂਰ ਸਾਹਿਬ ਤੋਂ ਮੌਜੂਦਾ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਦਾ ਅਕ ਸ ਪਹਿਲਾਂ ਵਰਗਾ ਨਜ਼ਰ ਨਹੀਂ ਆ ਰਿਹਾ, ਜਿਸ ਦਾ ਮੁੱਖ ਕਾਰਨ ਉਨਾਂ ਦਾ ਹਲਕੇ ਤੋਂ ਜ਼ਿਆਦਾਤਰ ਗੈਰ-ਹਾਜ਼ਰ ਰਹਿਣਾ ਅਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਜ਼ਹਿਰੀਲੀ ਸ਼ਰਾਬ ਦਾ ਵਪਾਰ ਕਰਨ ਦੇ ਦੋਸ਼, ਜਿਸ ਨਾਲ ਬੀਤੇ ਸਾਲ ਵੱਡੀ ਗਣਤੀ ’ਚ ਮੌਤਾਂ ਹੋ ਗਈਆਂ ਸਨ।

ਇਸ ਤੋਂ ਇਲਾਵਾ ਅਕਾਲੀ ਦਲ ਅਤੇ ਕਾਂਗਰਸ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਦਾਗ ਇਨ੍ਹਾਂ ਪਾਰਟੀਆਂ ਦੇ ਆਗੂਆਂ ਦਾ ਆਸਾਨੀ ਨਾਲ ਪਿੱਛਾ ਨਹੀਂ ਛੱਡ ਰਿਹਾ। ਇਸੇ ਤਰ੍ਹਾਂ 2022 ’ਚ ਕਿਸ ਪਾਰਟੀ ਦੀ ਸਰਕਾਰ ਬਣੇਗੀ ਜਾਂ ਕਿਹੜੀ ਵਿਰੋਧੀ ਧਿਰ ’ਚ ਹੋਵੇਗੀ ਲੋਕ ਕਿਆਸੇ ਲਾ ਰਹੇ ਹਨ, ਜਦਕਿ ਲੋਕ ਕਹਿ ਰਹੇ ਹਨ ਕਿ ਅਕਾਲੀਆਂ ਅਤੇ ਕਾਂਗਰਸੀਆਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ ਹੈ ਤੇ ਇਸ ਵਾਰ ਕਿਸੇ ਨਵੀ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਕਾਂਗਰਸੀ ਸੰਸਦ ’ਚ ਬੋਲਦੇ ਨਹੀਂ, ਬਾਹਰ ਕਿਸਾਨਾਂ ਦੇ ਹਮਾਇਤੀ ਹੋਣ ਦਾ ਕਰਦੇ ਨੇ ਡਰਾਮਾ: ਹਰਸਿਮਰਤ ਬਾਦਲ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News