ਮਿੱਤਲ ਲੈਬ ਮਾਮਲੇ ''ਚ ASI ਸਸਪੈਂਡ

12/28/2019 11:06:32 PM

ਮੋਗਾ,(ਸੰਜੀਵ)– ਥਾਣਾ ਸਿਟੀ ਦੇ ਇਕ ਥਾਣੇਦਾਰ ਅਮਰਜੀਤ ਸਿੰਘ ਨੂੰ ਮਿੱਤਲ ਲੈਬ ਵਿਚ ਹੋਏ ਲਿੰਗ ਨਿਰਧਾਰਨ ਟੈਸਟ ਦੇ ਮਾਮਲੇ 'ਚ ਲਾਪ੍ਰਵਾਹੀ ਵਿਖਾਉਣ 'ਤੇ ਐੱਸ. ਐੱਸ. ਪੀ. ਮੋਗਾ ਨੇ ਸਸਪੈਂਂਡ ਕਰ ਦਿੱਤਾ ਹੈ। ਇਹ ਕਾਰਵਾਈ 'ਜਗ ਬਾਣੀ' 'ਚ ਛਪੇ ਸਮਾਚਾਰ 'ਤੇ ਹੋਈ ਹੈ। ਹਾਲਾਂਕਿ ਪੁਲਸ ਨੇ ਸਾਰਾ ਮਾਮਲਾ ਏ. ਐੱਸ. ਆਈ. 'ਤੇ ਪਾ ਕੇ ਮਾਮਲੇ ਨੂੰ ਠੰਡੇ ਬਸਤੇ 'ਚ ਪਾ ਦਿੱਤਾ, ਜਦਕਿ ਸੱਚਾਈ ਇਹ ਹੈ ਕਿ ਹੁਣ ਵੀ ਇਸ ਮਾਮਲੇ ਨੂੰ ਦਬਾਇਆ ਜਾ ਰਿਹਾ ਹੈ। ਹੁਣ ਤੱਕ ਪੁਲਸ ਨੇ ਸੈਂਟਰ 'ਚ ਸੀ. ਸੀ. ਟੀ. ਵੀ. ਕੈਮਰੇ ਦੀ ਡੀ. ਵੀ. ਆਰ. ਨਹੀਂ ਖੰਗਾਲੀ। ਪੁਲਸ ਕਾਰਵਾਈ ਕੀਤੇ ਬਿਨਾਂ ਮੌਕੇ ਤੋਂ ਵਾਪਸ ਚਲੀ ਗਈ ਸੀ, ਬਾਅਦ 'ਚ ਡੀ. ਸੀ. ਸੰਦੀਪ ਹੰਸ ਦੀ ਸਖਤੀ ਉਪਰੰਤ ਦੁਬਾਰਾ ਪੁਲਸ ਡੀ. ਐੱਸ. ਪੀ. ਸਿਟੀ ਦੀ ਅਗਵਾਈ 'ਚ ਮੌਕੇ 'ਤੇ ਪਹੁੰਚੀ ਸੀ।

ਇਹ ਸੀ ਮਾਮਲਾ
ਖਾਲਸਾ ਸਕੂਲ ਦੇ ਸਾਹਮਣੇ ਸਥਿਤ ਸਕੈਨਿੰਗ ਸੈਂਟਰ 'ਤੇ ਹਰਿਆਣੇ ਦੇ ਸਿਰਸਾ ਵੱਲੋਂ ਸਹਾਇਕ ਸਿਵਲ ਸਰਜਨ ਡਾ. ਬੁੱਧਰਾਮ ਦੀ ਅਗਵਾਈ 'ਚ ਪਹੁੰਚੀ 11 ਮੈਂਬਰੀ ਸਿਹਤ ਵਿਭਾਗ ਦੀ ਟੀਮ ਨੇ ਲਿੰਗ ਨਿਰਧਾਰਨ ਟੈਸਟ ਦਾ ਮਾਮਲਾ ਰੰਗੇ ਹੱਥੀਂ ਫੜਿਆ ਸੀ। ਛਾਪੇਮਾਰੀ 'ਚ ਲਿੰਗ ਟੈਸਟ ਲਈ ਆਪਣੀ ਪਤਨੀ ਨੂੰ ਲੈ ਕੇ ਪਹੁੰਚਿਆ ਝੋਲਾਛਾਪ ਡਾਕਟਰ ਅਤੇ ਦਾਈ ਨੂੰ ਰੰਗੇ ਹੱਥੀਂ ਨਕਦ ਰਾਸ਼ੀ ਸਮੇਤ ਫੜਿਆ ਗਿਆ ਸੀ। ਹਾਲਾਂਕਿ ਹੈਰਾਨੀ ਦੀ ਗੱਲ ਹੈ ਕਿ ਸਾਰੇ ਲੋਕ ਇਕ ਹੀ ਕਮਰੇ ਦੇ ਅੰਦਰ ਮੌਜੂਦ ਸਨ। ਇਸ ਦੇ ਬਾਵਜੂਦ ਰੇਡੀਓਲੋਜਿਸਟ ਡਾਕਟਰ ਵਰੁਣ ਮਿੱਤਲ ਅਤੇ ਉਸ ਦੀ ਸਾਥੀ ਨਰਸ ਰਵਿੰਦਰ ਕੌਰ ਉੱਥੋਂ ਫਰਾਰ ਹੋ ਗਏ ਸਨ।

ਇਕ ਪਾਸੇ ਸਿਰਸੇ ਦੇ ਸਹਾਇਕ ਸਿਵਲ ਸਰਜਨ ਡਾ. ਬੁੱਧਰਾਮ ਮਿਸ਼ਨ ਸਫਲ ਹੋਣ ਦੀ ਸੂਚਨਾ ਆਪਣੇ ਅਧਿਕਾਰੀਆਂ ਨੂੰ ਦੇ ਰਹੇ ਸਨ, ਦੂਜੇ ਪਾਸੇ ਮੋਗਾ ਪੁਲਸ ਕਾਰਵਾਈ ਵਿਚਾਲੇ ਛੱਡ ਕੇ ਵਾਪਸ ਪਰਤ ਗਈ ਸੀ। ਇਹ ਮਾਮਲਾ 27 ਦਸੰਬਰ ਦੇ ਅੰਕ 'ਚ ਪ੍ਰਮੁੱਖਤਾ ਨਾਲ ਛਪਣ ਤੋਂ ਬਾਅਦ ਐੱਸ. ਐੱਸ. ਪੀ. ਅਮਰਜੀਤ ਸਿੰਘ ਬਾਜਵਾ ਨੇ ਇਸ ਲਾਪ੍ਰਵਾਹੀ ਲਈ ਦੋਸ਼ੀ ਮੰਨਦੇ ਹੋਏ ਏ. ਐੱਸ. ਆਈ. ਅਮਰਜੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। ਪੁਲਸ ਦੇ ਵਾਪਸ ਚਲੇ ਜਾਣ ਕਾਰਣ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਮੌਕੇ 'ਤੇ ਚੈੱਕ ਨਹੀਂ ਕੀਤੀ ਜਾ ਸਕੀ, ਜਦਕਿ ਡਾ. ਬੁੱਧਰਾਮ ਵਾਰ-ਵਾਰ ਮੋਗਾ ਪੁਲਸ ਵੱਲੋਂ ਮੰਗ ਕਰ ਰਹੇ ਸਨ ਕਿ ਪੁਲਸ ਦੀ ਟੈਕਨੀਕਲ ਟੀਮ ਸੱਦ ਕੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਚੈੱਕ ਕਰਵਾਈ ਜਾਵੇ ਤਾਂ ਕਿ ਸੈਂਟਰ ਦੀਆਂ ਗਤੀਵਿਧੀਆਂ ਦਾ ਪਰਦਾਫਾਸ਼ ਹੋ ਸਕੇ ਪਰ ਪੁਲਸ ਨੇ ਮੌਕੇ 'ਤੇ ਟੈਕਨੀਸ਼ੀਅਨ ਨਹੀਂ ਬੁਲਾਇਆ, ਜਦਕਿ ਲੈਬ 'ਚ ਮੌਜੂਦ ਸਟਾਫ ਨੇ ਸੀ. ਸੀ. ਟੀ. ਵੀ. ਕੈਮਰੇ ਦਾ ਪਾਸਵਰਡ ਪੁਲਸ ਨੂੰ ਨਹੀਂ ਦੱਸਿਆ। ਬਾਅਦ 'ਚ ਦੁਬਾਰਾ ਪਹੁੰਚੀ ਪੁਲਸ ਨੇ ਸੀ. ਸੀ. ਟੀ. ਵੀ. ਕੈਮਰੇ ਦੀ ਡੀ.ਵੀ.ਆਰ. ਪੁਲਸ ਨੂੰ ਸੌਂਪ ਦਿੱਤੀ ਸੀ ਪਰ ਹੁਣੇ ਡੀ.ਵੀ.ਆਰ. ਦੇ ਰਾਜ ਬਾਹਰ ਨਹੀਂ ਆ ਸਕੇ ਹਨ। ਮੋਗਾ ਦੀ ਪੀ. ਐੱਨ. ਡੀ. ਟੀ. ਕਮੇਟੀ ਨੇ ਵੀ ਪੁਲਸ 'ਤੇ ਭਰੋਸਾ ਕਰਨ ਦੀ ਬਜਾਏ ਕੋਰਟ ਖੁੱਲ੍ਹਦੇ ਹੀ ਇਹ ਮਾਮਲਾ ਦਰਜ ਕਰਨ ਦਾ ਫੈਸਲਾ ਲਿਆ ਹੈ। 1 ਜਨਵਰੀ ਨੂੰ ਕੋਰਟ ਖੁੱਲ੍ਹਣ ਤੋਂ ਬਾਅਦ ਸਿਹਤ ਵਿਭਾਗ ਦੇ ਅਧਿਕਾਰੀ ਕੋਰਟ 'ਚ ਕੇਸ ਦਰਜ ਕਰਨਗੇ। ਇਸ ਦੀ ਪੁਸ਼ਟੀ ਪੀ.ਐੱਨ.ਡੀ.ਟੀ. ਦੇ ਜ਼ਿਲਾ ਕੋਆਰਡੀਨੇਟਰ ਓਮਪ੍ਰਕਾਸ਼ ਨੇ ਕੀਤੀ।

ਕੀ ਕਹਿੰਦੇ ਨੇ ਥਾਣਾ ਮੁਖੀ
ਥਾਣਾ ਮੁਖੀ ਇੰਸਪੈਕਟਰ ਲਸ਼ਮਣ ਸਿੰਘ ਨੇ ਮੰਨਿਆ ਕਿ ਏ. ਐੱਸ. ਆਈ. ਅਮਰਜੀਤ ਸਿੰਘ ਨੂੰ ਰੇਡੀਓਲੋਜਿਸਟ ਡਾ. ਵਰੁਣ ਮਿੱਤਲ 'ਤੇ ਨਜ਼ਰ ਰੱਖਣ ਨੂੰ ਕਿਹਾ ਗਿਆ ਸੀ ਪਰ ਉਸ ਨੇ ਰੇਡੀਓਲੋਜਿਸਟ ਨੂੰ ਭਜਾ ਦਿੱਤਾ। ਐੱਸ. ਐੱਸ. ਪੀ. ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਏ. ਐੱਸ. ਆਈ. ਨੂੰ ਸਸਪੈਂਡ ਕਰ ਦਿੱਤਾ।


Bharat Thapa

Content Editor

Related News