ਵਿਜੀਲੈਂਸ ਵਿਭਾਗ ਵਲੋਂ ਰਿਸ਼ਵਤ ਲੈਂਦਾ ASI ਰੰਗੇ ਹੱਥੀ ਗ੍ਰਿਫਤਾਰ

Tuesday, Jan 21, 2020 - 10:39 PM (IST)

ਤਰਨਤਾਰਨ/ਅੰਮਿ੍ਰਤਸਰ (ਰਮਨ/ਇੰਦਰਜੀਤ)- ਵਿਜੀਲੈਂਸ ਵਿਭਾਗ ਵੱਲੋਂ ਅੱਜ ਦੇਰ ਸ਼ਾਮ ਸਥਾਨਕ ਤਰਨ ਤਾਰਨ ਦੀ ਇਕ ਪੁਲਸ ਚੌਂਕੀ ਦੇ ਇੰਚਾਰਜ ਨੂੰ ਦਸ ਹਜ਼ਾਰ ਰੁਪਏ ਬਤੌਰ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਵਿਜੀਲੈਂਸ ਵਿਭਾਗ ਨੇ ਚੌਂਕੀ ਇੰਚਾਰਜ ਨੂੰ ਗ੍ਰਿਫਤਾਰ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਜਾਣਕਾਰੀ ਦਿੰਦੇ ਹੋਏ ਤਰਨ ਤਾਰਨ ਯੁਨਿਟ ਡੀ. ਐੱਸ. ਪੀ ਵਿਜੀਲੈਂਸ ਕੁਲਦੀਪ ਸਿੰਘ ਨੇ ਦੱਸਿਆ ਕਿ ਐਸ. ਐਸ. ਪੀ ਵਿਜੀਲੈਂਸ ਅੰਮ੍ਰਿਤਸਰ ਦੇ ਹੁਕਮਾਂ ਤਹਿਤ ਇਹ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਵਿਭਾਗ ਨੂੰ ਬਲਦੇਵ ਸਿੰਘ ਮਹੰਤ ਪੁੱਤਰ ਚੇਲਾ ਮਹੰਤ ਗੁਰਨਾਮ ਸਿੰਘ ਵਾਸੀ ਡੇਰਾ ਟੱਕਰਾਂ ਦਾ ਅੱਡਾ ਨੂਰਦੀ, ਤਰਨ ਤਾਰਨ ਵੱਲੋਂ ਦਰਖਾਸਤ ਦਿੱਤੀ ਗਈ ਸੀ ਕਿ ਉਸ ਦਾ ਯਾਦਵਿੰਦਰ ਸਿੰਘ ਅਤੇ ਸੁਰਜੀਤ ਕੌਰ ਨਾਲ ਝਗੜਾ ਹੋ ਗਿਆ ਸੀ ਅਤੇ ਉਹ ਜ਼ਖਮੀ ਹੋ ਗਿਆ ਸੀ। ਇਸ ਝਗੜੇ ਦੌਰਾਨ ਮਾਰ ਕੁੱਟ ਦਾ ਸ਼ਿਕਾਰ ਹੋਣ ਉਪਰੰਤ ਉਹ ਸਿਵਲ ਹਸਪਤਾਲ ਤਰਨਤਾਰਨ ਵਿਖੇ ਦਾਖਲ ਵੀ ਰਿਹਾ। ਜਿਸ ਸਬੰਧੀ ਡਾਕਟਰ ਵੱਲੋਂ ਸੱਟਾਂ ਲੱਗੀਆਂ ਸਬੰਧੀ ਐਮ.ਐਲ.ਆਰ 19 ਨਵੰਬਰ 2019 ਨੂੰ ਕੱਟੀ ਗਈ ਸੀ। 

ਮਹੰਤ ਬਲਦੇਵ ਨੇ ਦੱਸਿਆ ਕਿ ਐਮ.ਐਲ.ਆਰ ਲੈ ਕੇ ਉਹ ਚੌਕੀ ਟਾਊਨ ਜੋ ਥਾਣਾ ਸਿਟੀ ਤਰਨ ਤਾਰਨ ਅਧੀਨ ਆਉਂਦੀ ਹੈ, ਵਿਖੇ ਚੱਕਰ ਕੱਟਦਾ ਰਿਹਾ ਪਰ ਉਸ ਦੀ ਕੋਈ ਸੁਣਵਾਈ ਨਹੀ ਹੋਈ। ਜਿਸ ਤੋਂ ਬਾਅਦ ਚੌਕੀ ਇੰਚਾਰਜ ਮਹਿਲ ਸਿੰਘ ਇਸ ਸਬੰਧੀ ਦੋਸ਼ੀਆਂ ਖਿਲਾਫ ਕਾਰਵਾਈ ਕਰਵਾਉ ਸਬੰਧੀ 10 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕਰਨ ਲੱਗ ਪਿਆ। ਇਸ ਸਬੰਧੀ ਵਿਜੀਲੈਂਸ ਵਿਭਾਗ ਦੇ ਡੀ. ਐਸ. ਪੀ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ 'ਚ ਅੱਜ ਚੌਂਕੀ ਟਾਉਨ (ਧੌੜਾ ਚੌਂਕੀ) ਦੇ ਇੰਚਾਰਜ ਏ. ਐਸ. ਆਈ ਮਹਿਲ ਸਿੰਘ ਨੂੰ ਰੰਗੇ ਹੱਥੀ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕਰ ਲਿਆ ਗਿਆ ਹੈ। ਜਿਸ ਸਬੰਧੀ ਮਾਮਲਾ ਦਰਜ ਕਰਦੇ ਹੋਏ ਬੁੱਧਵਾਰ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
 


Related News