''ਪੰਜਾਬ ਭਾਜਪਾ'' ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਲਈ 8 ਮੈਂਬਰੀ ਕਮੇਟੀ ਗਠਿਤ
Wednesday, Sep 30, 2020 - 08:00 AM (IST)
ਚੰਡੀਗੜ੍ਹ (ਸ਼ਰਮਾ) : ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਸਾਨ ਸੰਗਠਨਾਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਦੇ ਵਿਸ਼ੇ ਨੂੰ ਜਾਣਨ ਅਤੇ ਆਪਣੇ ਵਿਚਾਰ ਪੇਸ਼ ਕਰਨ ਲਈ 8 ਮੈਂਬਰੀ ਕਮੇਟੀ ਬਣਾਈ ਹੈ। ਇਸ ਕਮੇਟੀ ਦੇ ਚੇਅਰਮੈਨ ਵੱਜੋਂ ਸਾਬਕਾ ਮੰਤਰੀ ਸੁਰਜੀਤ ਜਿਆਣੀ, ਉਨ੍ਹਾਂ ਦੇ ਨਾਲ ਸਾਬਕਾ ਜਨਰਲ ਸਕੱਤਰ ਰਾਸ਼ਟਰੀ ਕਿਸਾਨ ਮੋਰਚਾ ਹਰਜੀਤ ਸਿੰਘ ਗਰੇਵਾਲ, ਸਾਬਕਾ ਸਕੱਤਰ ਰਾਸ਼ਟਰੀ ਕਿਸਾਨ ਮੋਰਚਾ ਸੁਖਮਿੰਦਰਪਾਲ ਸਿੰਘ ਗਰੇਵਾਲ, ਸੂਬਾ ਪ੍ਰਧਾਨ ਕਿਸਾਨ ਮੋਰਚਾ ਬਿਕਰਮਜੀਤ ਸਿੰਘ ਚੀਮਾ, ਸੂਬਾ ਭਾਜਪਾ ਦੇ ਉਪ ਪ੍ਰਧਾਨ ਸੁਖਵੰਤ ਸਿੰਘ ਧਨੌਲਾ, ਸੂਬਾ ਕਾਰਜਕਾਰੀ ਮੈਂਬਰ ਸਤਵੰਤ ਸਿੰਘ ਪੂਨੀਆ, ਸਾਬਕਾ ਸੂਬਾ ਪ੍ਰਧਾਨ ਕਿਸਾਨ ਮੋਰਚਾ ਜਤਿੰਦਰ ਸਿੰਘ ਅਟਵਾਲ ਅਤੇ ਸਾਬਕਾ ਭਾਜਯੁਮੋ ਪ੍ਰਧਾਨ ਸ਼ਿਵਬੀਰ ਰਾਜਨ ਨੂੰ ਨਿਯੁਕਤ ਕੀਤਾ ਗਿਆ ਹੈ।
ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀਬਾੜੀ ਸਬੰਧੀ ਕਾਨੂੰਨਾਂ ਨੂੰ ਲੈ ਕੇ ਸੜਕਾਂ ’ਤੇ ਉਤਰਨ ਵਾਲੇ ਕਿਸਾਨਾਂ ਅਤੇ ਸਮੂਹ ਕਿਸਾਨ ਜੱਥੇਬੰਦੀਆਂ ਦੇ ਨੇਤਾਵਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਮੰਗਾਂ ਜਾਣਨ ਅਤੇ ਉਨ੍ਹਾਂ ਦੇ ਹੱਲ ’ਤੇ ਵਿਚਾਰ ਕਰਨ ਅਤੇ ਕੇਂਦਰ ਸਰਕਾਰ ਦੇ ਖੇਤੀ ਸਬੰਧੀ ਕਾਨੂੰਨਾਂ ਬਾਰੇ ਜਾਗਰੂਕ ਕਰਨ ਅਤੇ ਆਪਣਾ ਪੱਖ ਕਿਸਾਨਾਂ ਸਾਹਮਣੇ ਰੱਖਣ ਲਈ ਇਸ ਕਮੇਟੀ ਦੇ ਆਗੂ ਗੱਲਬਾਤ ਕਰਨਗੇ। ਇਹ ਕਮੇਟੀ ਅਗਲੇ 10 ਦਿਨਾਂ 'ਚ ਸਮੂਹ ਕਿਸਾਨ ਸੰਗਠਨਾਂ ਨਾਲ ਗੱਲਬਾਤ ਕਰ ਕੇ ਆਪਣੀ ਵਿਸਥਾਰਿਤ ਰਿਪੋਰਟ ਤਿਆਰ ਕਰੇਗੀ ਅਤੇ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਸਾਹਮਣੇ ਰੱਖੇਗੀ।