ਚੰਡੀਗੜ੍ਹ : ਸੜਕਾਂ ''ਤੇ ਉਤਰੀਆਂ ਆਸ਼ਾ ਵਰਕਰਾਂ, ਬੱਝੀ ਤਨਖਾਹ ਦੇਣ ਦੀ ਮੰਗ

11/03/2018 11:58:25 AM

ਚੰਡੀਗੜ੍ਹ (ਜੱਸੋਵਾਲ) : ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੀਆਂ ਆਸ਼ਾ ਵਰਕਰਾਂ ਸ਼ੁੱਕਰਵਾਰ ਨੂੰ ਆਪਣੀਆਂ ਮੰਗਾਂ ਸੰਬਧੀ ਸੜਕਾਂ 'ਤੇ ਉਤਰੀਆਂ। ਇਸ ਦੌਰਾਨ ਆਸ਼ਾ ਵਰਕਰਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਪ੍ਰਦਰਸ਼ਨ ਕੀਤਾ। ਆਸ਼ਾ ਵਰਕਰਾਂ ਨੇ ਮੰਗ ਕੀਤੀ ਕਿ ਹਰਿਆਣਾ ਅਤੇ ਆਂਧਰਾ ਪ੍ਰਦੇਸ਼ ਦੀ ਤਰ੍ਹਾਂ ਉਨ੍ਹਾਂ ਨੂੰ ਵੀ ਬੱਝੀ ਤਨਖਾਹ ਦਿੱਤੀ ਜਾਵੇਗੀ।  ਇਨ੍ਹਾਂ ਆਸ਼ਾ ਵਰਕਰਾਂ ਵਲੋਂ ਮੋਹਾਲੀ ਦੇ ਫੇਜ਼-6 ਸਿਵਲ ਹਸਪਤਾਲ ਸਾਹਮਣੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਯੂਨੀਅਨ ਨੇ ਬਾਅਦ 'ਚ ਆਪਣੀਆਂ ਮੰਗਾਂ ਸੰਬਧੀ ਡਾਇਰੈਕਟਰ ਹੈਲਥ ਸਰਵਿਸਿਜ਼ ਨੂੰ ਇਕ ਮੰਗ ਪੱਤਰ ਵੀ ਸੌਂਪਿਆ। ਆਸ਼ਾ ਵਰਕਰਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਉਹ ਸੰਘਰਸ਼ ਹੋਰ ਤੇਜ਼ ਕਰ ਦੇਣਗੀਆਂ। ਆਸ਼ਾ ਵਰਕਰ ਯੂਨੀਅਨ ਦੀ ਸੂਬਾ ਜਨਰਲ ਸਕੱਤਰ ਰਣਜੀਤ ਕੌਰ ਨੇ ਕਿਹਾ ਕਿ ਸਰਕਾਰ ਆਸ਼ਾ ਵਰਕਰਾਂ ਨਾਲ ਧੱਕਾ ਕਰ ਰਹੀ ਹੈ। ਉਹ ਸਿਹਤ ਵਿਭਾਗ ਦੇ ਅਧੀਨ ਕੰਮ ਕਰ ਰਹੀਆਂ ਹਨ ਅਤੇ ਲੰਬੇ ਸਮੇਂ ਤੋਂ ਫਿਕਸ ਭੱਤਾ ਹਰਿਆਣਾ ਪੈਟਰਨ ਨੂੰ ਲਾਗੂ ਕਰਨ ਦੀ ਮੰਗ ਕਰ ਰਹੀਆਂ ਹਨ ਪਰ ਇਸ ਦੇ ਬਾਵਜੂਦ ਵੀ ਭੱਤਾ ਲਾਗੂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਮੰਨਦੀ ਤਾਂ ਪ੍ਰਦਰਸ਼ਨ ਹੋਰ ਤੇਜ਼ ਕੀਤਾ ਜਾਵੇਗਾ।


Related News